Sultanwind ‘ਚ ਸੁਨਿਆਰੇ ਦੀ ਦੁਕਾਨ 'ਤੇ ਹੋਈ ਡਕੈਤੀ ਦੇ ਮਾਮਲੇ 'ਚ 3 ਮੁਲਜ਼ਮ ਗ੍ਰਿਫ਼ਤਾਰ ,152 ਗ੍ਰਾਮ ਸੋਨਾ ਤੇ 4 ਲੱਖ ਰੁਪਏ ਬਰਾਮਦ
Amritsar News : ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ 21 ਜਨਵਰੀ ਦੀ ਦੇਰ ਸ਼ਾਮ ਇੱਕ ਸੋਨੇ ਦੀ ਦੁਕਾਨ ‘ਤੇ ਹੋਈ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਮ੍ਰਿਤਸਰ ਪੁਲਿਸ ਨੇ ਸਿਰਫ਼ ਤਿੰਨ ਦਿਨਾਂ ਦੇ ਅੰਦਰ ਹੱਲ ਕਰ ਲਿਆ ਹੈ। ਇਸ ਮਾਮਲੇ ਸਬੰਧੀ ਏਡੀਸੀਪੀ ਜਗਜੀਤ ਸਿੰਘ ਵਾਲੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਕੇਸ਼ ਕੁਮਾਰ, ਜੋ ਕਿ ਸੁਨਿਆਰੇ ਦਾ ਕੰਮ ਕਰਦਾ ਹੈ, ਦੀ ਦੁਕਾਨ ‘ਤੇ ਚਾਰ ਅਣਪਛਾਤੇ ਵਿਅਕਤੀ ਆਏ ਅਤੇ ਢਲਾਈ ਲਈ ਰੱਖਿਆ ਸੋਨਾ ਲੁੱਟ ਕੇ ਫ਼ਰਾਰ ਹੋ ਗਏ।
ਸੂਚਨਾ ਮਿਲਦੇ ਹੀ ਮਾਣਯੋਗ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੁਰੰਤ ਕਾਰਵਾਈ ਕੀਤੀ ਗਈ। ਏਡੀਸੀਪੀ ਜਸਰੂਪ ਕੌਰ, ਏਸੀਪੀ ਅਨੁਭਵ ਜੈਨ, ਐਸਐਚਓ ਬਲਜਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਅਗਵਾਈ ‘ਚ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਕਿਉਂਕਿ ਇਹ ਪੂਰੀ ਤਰ੍ਹਾਂ ਬਲਾਇੰਡ ਕੇਸ ਸੀ, ਇਸ ਲਈ ਪੁਲਿਸ ਨੇ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸਰਵੇਲਾਂਸ ਦੀ ਮਦਦ ਨਾਲ ਜਾਂਚ ਨੂੰ ਅੱਗੇ ਵਧਾਇਆ।
ਏਡੀਸੀਪੀ ਵਾਲੀਆ ਨੇ ਦੱਸਿਆ ਕਿ ਜਾਂਚ ਦੌਰਾਨ ਹੁਣ ਤੱਕ 6 ਮੁਲਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਜਿਨ੍ਹਾਂ ਵਿੱਚੋਂ ਤਿੰਨ ਮੁਲਜ਼ਮ ਭੁਪਿੰਦਰ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ ਕੁੱਲ 152 ਗ੍ਰਾਮ ਸੋਨਾ ਅਤੇ 4 ਲੱਖ ਰੁਪਏ ਨਕਦ ਬਰਾਮਦ ਹੋਏ ਹਨ। ਡਕੈਤੀ ਦੌਰਾਨ ਕੁੱਲ ਕਰੀਬ 290 ਗ੍ਰਾਮ ਸੋਨਾ ਲੁੱਟਿਆ ਗਿਆ ਸੀ, ਜਿਸ ਵਿੱਚ ਸ਼ੁੱਧ ਅਤੇ ਮਿਲਾਵਟੀ ਦੋਵਾਂ ਕਿਸਮਾਂ ਦਾ ਸੋਨਾ ਸ਼ਾਮਲ ਸੀ।
ਉਨ੍ਹਾਂ ਨੇ ਦੱਸਿਆ ਕਿ ਬਾਕੀ ਤਿੰਨ ਮੁਲਜ਼ਮ, ਜੋ ਵਾਰਦਾਤ ਵੇਲੇ ਦੁਕਾਨ ਅੰਦਰ ਗਏ ਸਨ, ਜਲਦ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ। ਜਾਂਚ ‘ਚ ਇੱਕ ਨੌਜਵਾਨ ਰਾਜਦੀਪ ਸਿੰਘ ਨੂੰ ਮਾਸਟਰਮਾਈਂਡ ਵਜੋਂ ਵੀ ਸ਼ੱਕ ਦੇ ਘੇਰੇ ‘ਚ ਰੱਖਿਆ ਗਿਆ ਹੈ। ਪੁਲਿਸ ਟੀਮ ਵੱਲੋਂ ਦਿਨ-ਰਾਤ ਮਿਹਨਤ ਕਰਕੇ ਇਹ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਅੰਮ੍ਰਿਤਸਰ ‘ਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਪੈਟਰੋਲਿੰਗ, ਨਾਕਾਬੰਦੀ ਅਤੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਗਏ ਹਨ।
- PTC NEWS