ਲੁਧਿਆਣਾ 'ਚ ਹੈੱਡ ਕਾਂਸਟੇਬਲ ਦੀ ਗੋਲੀ ਲੱਗਣ ਨਾਲ ਹੋਈ ਮੌਤ
Punjab News: ਖੰਨਾ ਐਸਐਸਪੀ ਦਫ਼ਤਰ ਵਿੱਚ ਸ਼ੁੱਕਰਵਾਰ ਨੂੰ ਹੈੱਡ ਕਾਂਸਟੇਬਲ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਹੈੱਡ ਕਾਂਸਟੇਬਲ ਨੇ ਸਰਵਿਸ ਰਿਵਾਲਵਰ ਨੂੰ ਸਾਫ਼ ਕਰਦੇ ਗੋਲੀ ਲੱਗ ਗਈ। ਉਹ 4 ਦਿਨ ਪਹਿਲਾਂ ਡੀਐਸਪੀ ਗੁਰਮੀਤ ਸਿੰਘ ਦੇ ਨਾਲ ਗੰਨਮੈਨ ਵਜੋਂ ਤਾਇਨਾਤ ਸੀ। ਮ੍ਰਿਤਕ ਦੀ ਪਛਾਣ ਰਸ਼ਪਿੰਦਰ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਉਹ ਰੀਡਰ ਦੇ ਕਮਰੇ 'ਚ ਇਕੱਲਾ ਬੈਠਾ ਸੀ। ਇਸ ਦੌਰਾਨ ਗੋਲੀ ਚਲਣ ਦੀ ਅਵਾਜ਼ ਆਈ, ਫਾਇਰਿੰਗ ਦੀ ਆਵਾਜ਼ ਸੁਣ ਕੇ ਮੁਲਾਜ਼ਮਾਂ ਵਿਚ ਹਫੜਾ-ਦਫੜੀ ਮੱਚ ਗਈ। ਸਟਾਫ ਨੇ ਮੌਕੇ 'ਤੇ ਪਹੁੰਚ ਕੇ ਖੂਨ ਨਾਲ ਲੱਥਪੱਥ ਰਸ਼ਪਿੰਦਰ ਨੂੰ ਹਸਪਤਾਲ ਪਹੁੰਚਾਇਆ ਪਰ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਲੁਧਿਆਣਾ ਰੇਂਜ ਦੇ ਆਈਜੀ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਰਸ਼ਪਿੰਦਰ ਡੀਐਸਪੀ ਗੁਰਮੀਤ ਸਿੰਘ ਦੇ ਨਾਲ ਖੰਨਾ ਵਿੱਚ ਤਾਇਨਾਤ ਸੀ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਰਖਵਾਇਆ ਜਾ ਰਿਹਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
- PTC NEWS