ਝੋਨੇ ਉਤੇ MSP ਖਤਮ ਕਰਨਾ ਚਾਹੁੰਦੀ ਹੈ ਮਾਨ ਸਰਕਾਰ!, ਕਿਸਾਨ ਯੂਨੀਅਨ ਸ਼ੇਰ -ਏ-ਪੰਜਾਬ ਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਕਿਹਾ...
Punjab News: ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਰਿਆਇਤਾਂ ਦੇ ਕੇ ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਨੂੰ ਵਿਹਾਰਕ ਬਣਾਉਣ ਦੇ ਸੁਝਾਅ ਨਾਲ ਸੂਬੇ ਵਿੱਚ ਸ਼ਬਦੀ ਜੰਗ ਛਿੜ ਗਈ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਮਾਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਐਡਵੋਕੇਟ ਜਨਰਲ (ਏਜੀ) ਗੁਰਮਿੰਦਰ ਸਿੰਘ ਵੱਲੋਂ ਝੋਨੇ 'ਤੇ ਘੱਟੋ-ਘੱਟ ਸਮਰਥਨ ਮੁੱਲ ਯਾਨੀ MSP ਨੂੰ ਖਤਮ ਕਰਨ ਲਈ ਸੁਪਰੀਮ ਕੋਰਟ ਨੂੰ ਅਪੀਲ ਕੀਤੇ ਜਾਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ।
ਦੱਸ ਦਈਏ ਕਿ ਇਸ ਸਾਰੇ ਵਿਵਾਦ ਤੋਂ ਬਾਅਦ ਕਿਸਾਨ ਯੂਨੀਅਨ ਸ਼ੇਰ -ਏ-ਪੰਜਾਬ ਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਕਿਹਾ, "ਪੰਜਾਬ ਸਰਕਾਰ ਦੇ ਐਡਵੋਕੇਟ ਜਰਨਲ AG ਵੱਲੋਂ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਾਇਰ ਕੀਤਾ ਗਿਆ ਸੀ। ਜਿਸ ਵਿੱਚ ਖਤਰਨਾਕ ਸੁਝਾਅ ਦਿੰਦੇ ਪੰਜਾਬ ਸਰਕਾਰ ਨੇ ਕਿਹਾ ਕਿ ਝੋਨੇ ਦੀ ਫਸਲ 'ਤੇ ਮਿਲਣ ਵਾਲੀ MSP ਖ਼ਤਮ ਕਰ ਦਿੱਤੀ ਜਾਵੇ ਪਰ ਜਦੋਂ ਇਸ ਦੇ ਪਿਛੋਕੜ ਵੱਲ ਝਾਤ ਮਾਰਦੇ ਹਾਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਸ ਪਿਛੇ ਬਹੁਤ ਵੱਡੀ ਤੇ ਗਹਿਰੀ ਸਾਜ਼ਿਸ਼ ਰਚੀ ਗਈ ਸੀ ਸਾਨੂੰ ਇਉਂ ਲੱਗੀ ਜਾਂਦਾ ਹੈ ਕਿ ਇਸ ਦਾ ਮੁੱਢ ਕਿਸਾਨੀ ਅੰਦੋਲਨ ਦੌਰਾਨ ਲਿਖੀਂ ਗਈ ਚਿੱਠੀ ਵੀ ਹੋ ਸਕਦੀ ਹੈ ਜਿਸ ਵਿੱਚ ਸਾਡੇ ਕੁੱਝ ਆਗੂਆਂ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਸੀ ਕਿ ਇਹ ਕਾਨੂੰਨ ਰੱਦ ਕਰ ਦਿੱਤਾ ਜਾਵੇ। ਇਸ ਵਿੱਚ ਸੋਧ ਕਰ ਦਿੱਤੀ ਜਾਵੇ ਤੇ ਇੱਕ ਕਾਨੂੰਨ ਸੂਬਿਆਂ ਤੇ ਛੱਡ ਦਿੱਤਾ ਜਾਵੇ।
ਉਸ ਸਮੇਂ ਸਾਨੂੰ ਇਸ ਖਤਰਨਾਕ ਖੇਡ ਦੇ ਪ੍ਰਭਾਵ ਬਾਰੇ ਪਤਾ ਨਹੀਂ ਸੀ ਪਰ ਅੱਜ ਇਸ ਸਭ ਦੇ ਨਤੀਜੇ ਸਾਹਮਣੇ ਨਜ਼ਰ ਆ ਰਹੇ ਹਨ ਇਹ ਉਹੀ ਆਗੂ ਨੇ ਜੋ ਚਲਦੇ ਕਿਸਾਨੀ ਅੰਦੋਲਨ ਦੌਰਾਨ ਕੇਜਰੀਵਾਲ, ਰਾਘਵ ਚੱਢਾ ਅਤੇ ਉਨ੍ਹਾਂ ਨਾਲ ਅਤੇ ਭਾਜਪਾ ਦੇ ਵੱਡੇ ਨੇਤਾਵਾਂ ਨਾਲ ਗੁਪਤ ਮੀਟਿੰਗਾਂ ਕਰਦੇ ਰਹੇ। ਸਾਨੂੰ ਸੱਚੀਂ ਹੀ ਇੰਝ ਮਹਿਸੂਸ ਹੋ ਰਿਹਾ ਹੈ ਕਿ MSP ਦੀ ਲੜਾਈ ਅੱਧ ਵਿਚਕਾਰ ਛੱਡ ਕੇ ਆਉਣ ਵਾਲੇ ਕਿਸਾਨ ਆਗੂਆਂ ਦੀ ਭੂਮਿਕਾ ਕੀ ਰਹੀਂ, ਇਸ ਵਾਰੇ ਆਉਣ ਵਾਲੇ ਸਮਾਂ ਚਰਚਾ ਦਾ ਵਿਸ਼ਾ ਬਣੇਗਾ ਅਤੇ ਇਸ ਸਮੇਂ ਚਰਚਾ ਦੀ ਮੰਗ ਕਰਦਾ ਹੈ, ਹੁਣ ਝੂਠ ਦੇ ਹੰਝੂ ਤੇ ਮਗਰ ਮੱਛ ਦੇ ਹੰਝੂ ਜ਼ਰੂਰ ਵਹਾਏ ਜਾਣਗੇ ਪਰ ਕਿਸਾਨ ਸਭ ਜਾਣਦੇ ਨੇ, ਅਫਸੋਸ ਨਾਲ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਕਿਸਾਨ ਸਿਆਂ ਤੇਰਾ ਰੱਬ ਰਾਖਾ!"
- ਰਿਪੋਟਰ ਰਮਨਦੀਪ ਸ਼ਰਮਾਂ ਦੇ ਸਹਿਯੋਗ ਨਾਲ
- PTC NEWS