Jalandhar News : ਜਲੰਧਰ 'ਚ ਰਾਤ ਦੇ ਸਮੇਂ ਚਲਾਏ ਗਏ ਪਟਾਕੇ ਅਤੇ ਆਤਿਸ਼ਬਾਜੀ ,ਪੁਲਿਸ ਨੇ ਦਰਜ ਕੀਤਾ ਮਾਮਲਾ
Jalandhar News : ਜਲੰਧਰ 'ਚ ਰਾਤ ਦੇ ਸਮੇਂ ਪਟਾਕੇ ਚਲਾਉਣ ਦੇ ਆਰੋਪ ਵਿੱਚ ਜਲੰਧਰ ਦੇ ਡਿਵੀਜ਼ਨ 8 ਪੁਲਿਸ ਸਟੇਸ਼ਨ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਵਿਚਕਾਰ ਡਰ ਦਾ ਮਾਹੌਲ ਪੈਦਾ ਕਰਨ ਲਈ ਆਤਿਸ਼ਬਾਜ਼ੀ ਕੀਤੀ ਗਈ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਲੰਧਰ ਦੇ ਡਿਵੀਜ਼ਨ 8 ਪੁਲਿਸ ਸਟੇਸ਼ਨ ਦੇ ਏਰੀਏ 'ਚ ਪਠਾਨਕੋਟ ਚੌਂਕ ਦੇ ਨੇੜੇ ਆਤਿਸ਼ਬਾਜੀ ਕੀਤੀ ਗਈ ਸੀ। ਪੁਲਿਸ ਨੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਵੱਲੋਂ ਆਤਿਸ਼ਬਾਜ਼ੀ 'ਤੇ ਰੋਕ ਲਗਾਈ ਗਈ ਸੀ।
ਦਰਅਸਲ 'ਚ ਜ਼ਿਲ੍ਹਾ ਮੈਜਿਸਟਰੇਟ, ਜਲੰਧਰ ਵਲੋਂ ਬੀਤੇ ਦਿਨੀਂ ਜ਼ਿਲ੍ਹੇ ਵਿਚ ਕਿਸੇ ਵੀ ਤਰ੍ਹਾਂ ਦੇ ਪਟਾਕੇ ਤੇ ਆਤਿਸ਼ਬਾਜ਼ੀ ਚਲਾਉਣ ’ਤੇ ਪਾਬੰਦੀ ਲਗਾਈ ਗਈ ਸੀ। ਪ੍ਰਸ਼ਾਸਨ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਸੀ ਕਿ ਬੀ.ਐਨ.ਐਸ.ਐਸ. ਦੀ ਧਾਰਾ 163 ਅਧੀਨ, ਜਲੰਧਰ ਦੇ ਅਧਿਕਾਰ ਖੇਤਰ ਅਧੀਨ ਵਿਆਹਾਂ, ਜਸ਼ਨ ਸਮਾਗਮਾਂ ਅਤੇ ਧਾਰਮਿਕ ਤਿਉਹਾਰਾਂ ਦੌਰਾਨ ਵਿਅਕਤੀਆਂ ਵਲੋਂ ਬੰਬ, ਹਵਾਈ ਪਟਾਕੇ ਅਤੇ ਚੀਨੀ ਪਟਾਕਿਆਂ ਵਰਗੇ ਪਟਾਕਿਆਂ ਦੀ ਵਰਤੋਂ ’ਤੇ ਪੂਰਨ ਪਾਬੰਦੀ ਲਗਾਈ ਗਈ।
ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਪੰਜਾਬ ਵਿੱਚ ਦੋ ਦਿਨਾਂ ਤੋਂ ਸਥਿਤੀ ਆਮ ਹੈ। ਭਾਰਤੀ ਫ਼ੌਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੰਮੂ-ਕਸ਼ਮੀਰ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਹੋਰ ਇਲਾਕਿਆਂ ਵਿਚ ਰਾਤ ਮੁੱਖ ਤੌਰ ’ਤੇ ਸ਼ਾਂਤੀਪੂਰਨ ਰਹੀ। ਕਿਸੇ ਵੀ ਘਟਨਾ ਦੀ ਰਿਪੋਰਟ ਨਹੀਂ ਕੀਤੀ ਗਈ।
- PTC NEWS