Amritsar News : ਖਾਲੀ ਪਏ ਪਲਾਟਾਂ ਵਿੱਚੋਂ ਮਾਲਕ ਕੂੜਾ ਕਰਕਟ ਅਤੇ ਗੰਦੇ ਪਾਣੀ ਦੀ ਤੁਰੰਤ ਸਫਾਈ ਕਰਵਾਉਣ : ਜ਼ਿਲ੍ਹਾ ਮੈਜਿਸਟਰੇਟ
Amritsar News : ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸ਼ਹਿਰ ਅਤੇ ਕਸਬਿਆਂ ਵਿੱਚ ਖਾਲੀ ਪਏ ਪਲਾਟਾਂ ਵਿੱਚੋਂ ਕੂੜਾ ਕਰਕਟ ਹਟਾਉਣ ਅਤੇ ਗੰਦਾ ਪਾਣੀ ਕੱਢਣ ਦੇ ਹੁਕਮ ਪਲਾਟ ਮਾਲਕਾਂ ਨੂੰ ਕੀਤੇ ਹਨ। ਜਾਰੀ ਕੀਤੇ ਹੁਕਮਾਂ ਵਿੱਚ ਉਹਨਾਂ ਨੇ ਕਿਹਾ ਕਿ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਤੇ ਵੱਖ-ਵੱਖ ਵਿਅਕਤੀਆਂ ਦੀ ਮਾਲਕੀ/ਕਬਜ਼ੇ ਅਧੀਨ ਖਾਲੀ ਪਏ ਪਲਾਟਾਂ ਵਿੱਚ ਕੂੜਾ-ਕਰਕਟ, ਗੰਦਗੀ ਅਤੇ ਗੰਦਾ ਪਾਣੀ ਇਕੱਠਾ ਹੁੰਦਾ ਰਹਿੰਦਾ ਹੈ, ਜਿਸ ਨਾਲ ਕਈ ਤਰ੍ਹਾਂ ਦੇ ਨੁਕਸਾਨਦਾਇਕ ਜੀਵ-ਜੰਤੂ ਪੈਦਾ ਹੁੰਦੇ ਹਨ, ਜੋ ਵੱਖ-ਵੱਖ ਪ੍ਰਕਾਰ ਦੀਆਂ ਬੀਮਾਰੀਆਂ ਜਿਵੇਂ ਡੇਂਗੂ, ਮਲੇਰੀਆ, ਚਿਕਨਗੁਨਿਆਂ ਆਦਿ ਫੈਲਾਉਂਦੇ ਹਨ। ਇਹ ਬਿਮਾਰੀਆਂ ਸ਼ਹਿਰ ਵਾਸੀਆਂ ਦੀ ਸਿਹਤ ਲਈ ਇੱਕ ਗੰਭੀਰ ਅਤੇ ਜਾਨਲੇਵਾ ਖ਼ਤਰਾ ਹਨ। ਇਹਨਾਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਇਹਨਾਂ ਖਾਲੀ ਪਏ ਪਲਾਟਾਂ ਦੀ ਸਾਫ-ਸਫਾਈ ਹੋਣੀ ਜਰੂਰੀ ਹੈ।
ਇਸ ਲਈ ਮਨੁੱਖੀ ਸਿਹਤ ਅਤੇ ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੀ ਹੋਏ ਉਕਤ ਪਲਾਟਾਂ ਦੇ ਮਾਲਕਾਂ ਨੂੰ ਪਲਾਟਾਂ ਵਿੱਚੋ ਕੂੜੇ-ਕਰਕਟ, ਗੰਦਗੀ ਅਤੇ ਗੰਦੇ ਪਾਣੀ ਦੀ ਤੁਰੰਤ ਸਾਫ-ਸਫਾਈ ਕਰਵਾਉਣ ਦੀ ਹਦਾਇਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਖਾਲੀ ਪਲਾਟ ਦੇ ਆਲੇ-ਦੁਆਲੇ ਪੱਕੀ ਚਾਰ-ਦੀਵਾਰੀ ਜਾਂ ਫੈਸਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ ਜਾਂ ਪਲਾਟ ਵਿੱਚ ਕੂੜਾ-ਕਰਕਟ ਇਕੱਠਾ ਹੋਣ ਤੋਂ ਰੋਕਿਆ ਜਾਵੇ।
ਜਾਰੀ ਕੀਤੇ ਹੁਕਮਾਂ ਵਿੱਚ ਕਮਿਸ਼ਨਰ, ਨਗਰ ਨਿਗਮ, ਅੰਮ੍ਰਿਤਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨੂੰ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਇਹਨਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਵਾਉਣ ਦੀ ਹਦਾਇਤ ਵੀ ਕੀਤੀ ਗਈ ਹੈ। ਹੁਕਮਾਂ ਦੀ ਉਲੰਘਣਾਂ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਜਨਤਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਦੇ ਸਿੱਟੇ ਵਜੋਂ ਉਕਤ ਨਿਯਮਾਂ ਤਹਿਤ ਜੁਰਮਾਨੇ ਅਤੇ ਕਾਨੂੰਨੀ ਕਰਵਾਈ ਕਰਦੇ ਹੋਏ ਮਾਮਲੇ ਦਰਜ ਕੀਤੇ ਜਾਣਗੇ । ਇਸ ਤੋਂ ਇਲਾਵਾ ਜੇਕਰ ਪਲਾਟ ਦੀ ਸਾਫ-ਸਫਾਈ ਦਾ ਕੰਮ ਨਗਰ ਨਿਗਮ ਜਾਂ ਨਗਰ ਕੌਂਸਲ/ਪੰਚਾਇਤ ਵੱਲੋਂ ਕਰਵਾਇਆ ਜਾਂਦਾ ਹੈ ਤਾਂ ਸਾਫ-ਸਫਾਈ ਤੇ ਹੋਣ ਵਾਲੇ ਖਰਚ ਦੀ ਰਿਕਵਰੀ ਪਲਾਟ ਦੇ ਕਾਬਜ਼/ਮਾਲਕ ਪਾਸੋਂ ਕੀਤੀ ਜਾਵੇਗੀ। ਇਹ ਹੁਕਮ 26 ਜੂਨ 2025 ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।
- PTC NEWS