Tue, Jun 30, 2026
Whatsapp

ਗੀਤਾਂ ਰਾਹੀਂ ਡਿੱਠਾ -'ਸਤਿੰਦਰ ਸਰਤਾਜ'

ਦੁਨੀਆ ਦੇ ਲੱਗਭਗ ਸਭ ਧਰਮ, ਇਸ ਦਲੀਲ ਉੱਤੇ ਸਹਿਮਤੀ ਪ੍ਰਗਟ ਕਰਦੇ ਨੇ ਕਿ ਇਸ ਸੰਸਾਰ ਦੀ ਉਤਪਤੀ, ਸ਼ਬਦ ਦੇ ਜਾਂ ਲਫ਼ਜ ਦੇ,'ਆਵਾਜ਼ ਰੂਪ' ਵਿੱਚ ਆਉਣ ਨਾਲ ਹੋਈ ਹੈ। ਸੋ ਇਸ ਸੰਸਾਰ ਦੀ ਸਿਰਜਣਾ ਵਿੱਚ ਦੋ ਅੰਗ ਬੜੇ ਅਹਿਮ ਹਨ, ਇੱਕ ਸ਼ਬਦ ਤੇ ਦੂਜੀ ਆਵਾਜ਼, ਭਾਵ ਸੁਰ।

Reported by:  PTC News Desk  Edited by:  Aarti -- June 30th 2026 03:39 PM
ਗੀਤਾਂ ਰਾਹੀਂ ਡਿੱਠਾ -'ਸਤਿੰਦਰ ਸਰਤਾਜ'

ਗੀਤਾਂ ਰਾਹੀਂ ਡਿੱਠਾ -'ਸਤਿੰਦਰ ਸਰਤਾਜ'

ਕੁਦਰਤ ਜਦੋਂ ਵੀ ਆਪਣਾ ਕੋਈ ਅਦੁੱਤੀ ਸੁਨੇਹਾ, ਇਸ ਸੰਸਾਰ ਅੰਦਰ ਭੇਜਦੀ ਹੈ ਤਾਂ ਉਹ ਸਦਾ ਹੀ, ਸ਼ਬਦ ਅਤੇ ਸੁਰ ਦੇ ਜ਼ਰੀਏ, ਇਸ ਧਰਤ ਉੱਤੇ ਪ੍ਰਗਟ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਬਾਬੇ ਨਾਨਕ ਨੇ, ਜਦੋਂ ਵੀ ਇਸ ਸੁਨੇਹੇ ਨੂੰ ਮਹਿਸੂਸ ਕੀਤਾ ਤਾਂ ਸਾਥੀ ਮਰਦਾਨੇ ਤਾਈਂ ਆਵਾਜ਼ ਲਾਈ, "ਮਰਦਾਨਿਆਂ ਛੇੜ ਰਬਾਬ, ਬਾਣੀ ਆਈ ਹੈ... " ਰੂਹਾਨੀ ਸ਼ਬਦਾਂ ਦੇ ਧਰਤੀ ਉੱਤੇ ਪ੍ਰਗਟ ਹੋਣ ਲਈ , ਰਸਤਾ ਹਮੇਸ਼ਾਂ ਹੀ ਸੁਰ ਬੱਧ ਤਿਆਰ ਕੀਤਾ ਗਿਆ। 

ਸੂਫ਼ੀ ਬਾਬਿਆਂ ਜ਼ਰੀਏ ਵੀ,  ਜਦੋਂ ਇਹ ਰੂਹਾਨੀ ਸ਼ਬਦ ਧਰਤ ਉੱਤੇ ਆਏ ਤਾਂ ਸੁਰ ਦੇ ਰੂਪ ਵਿੱਚ  ਆਏ, ਕਿਸੇ ਤਾਲ ਅੰਦਰ ਬੱਝੇ ਹੋਏ , ਕਿਸੇ 'ਕਾਫੀ'  ਵਰਗੇ ਰਾਗ ਅੰਦਰ ਢਲ ਕੇ ਆਏ। ਕਿਉਂਕਿ ਪਰਮਾਤਮਾ ਨੇ ਕਦੇ  ਕੁੱਝ ਵੀ ਬੇਤਾਲਾ ਜਾਂ ਬੇਸੁਰਾ ਨਹੀਂ ਸਿਰਜਿਆ। ਇਸ ਬ੍ਰਹਿਮੰਡ ਦੀ ਹਰ ਹਰਕਤ, ਕਿਸੇ ਤੀਨ ਤਾਲ, ਦੀਪ ਚੰਦੀ, ਸੂਲਫ਼ਾਕ, ਝਪਤਾਲ ਜਾਂ ਰੂਪਕ ਦੇ ਰੂਪ ਵਿੱਚ ਹੁੰਦੀ ਹੈ। ਇੱਥੇ ਕੋਈ ਬੱਦਲ, ਰਾਗ ਮੇਘ ਵਿੱਚ ਗਰਜਦਾ ਹੈ,ਮੀਂਹ ਸਦਾ,ਕਿਸੇ ਮਲਹਾਰ ਅੰਦਰ ਬੱਝਿਆ ਹੋਇਆ ਵਰਸਦਾ ਹੈ ਤੇ ਡੋਡੀਆਂ,  ਬਸੰਤ ਬਹਾਰ ਦਾ ਅਲਾਪ ਕਰਦਿਆਂ, ਹੀ ਫੁੱਲ ਬਣ ਜਾਂਦੀਆਂ ਹਨ। 


ਦੁਨਿਆਵੀ ਰੂਪ ਵਿੱਚ ਵੀ, ਪਰਮਾਤਮਾ ਜਦੋਂ ਕਿਸੇ ਉੱਤੇ ਤਰੁੱਠਦਾ ਹੈ ਤਾਂ ਵੱਡੀ ਮਿਹਰਾਮਤਿ, 'ਸ਼ਬਦ' ਜਾਂ 'ਲਫ਼ਜ' ਦੇ ਰੂਪ ਵਿੱਚ ਦਿੰਦਾ ਹੈ ਜਾਂ ਫਿਰ ਪਰਮਾਤਮਾ ਜਦੋਂ ਕਦੇ ਮਿਹਰ ਦੇ ਘਰ ਅੰਦਰ  ਆਉਂਦਾ ਹੈ ਤਾਂ ਸੁਰ ਬਖਸ਼ ਦਿੰਦਾ ਹੈ, ਸੁਰੀਲਾ ਗਲ਼ਾ ਬਖਸ਼ ਦਿੰਦਾ ਹੈ। ਪਰ ਕਰੋੜਾਂ ਵਿੱਚੋਂ ਕੋਈ ਐਸੀ ਰੂਹ ਹੁੰਦੀ ਹੈ, ਜਿਸਨੂੰ ਉਹ ਖਾਸ ਗਲਵੱਕੜੀ ਅੰਦਰ ਲੈਂਦਾ ਹੋਇਆ ਸ਼ਬਦ ਅਤੇ ਸੁਰ, ਦੋਵਾਂ ਨਾਲ ਸਰਸ਼ਾਰ ਕਰ ਦਿੰਦਾ ਹੈ। ਸ਼ਬਦ ਅਤੇ ਸੁਰ ਦਾ ਆਹਲਾ ਸੁਮੇਲ, ਪਰਮਾਤਮਾ ਦੀਆਂ ਬਹੁਤ ਉੱਤਮ ਮਿਹਰਾਂ ਵਿੱਚੋਂ ਇੱਕ ਹੁੰਦੀ ਹੈ।

ਗੁਰੂ ਬਾਬਿਆਂ ਅਤੇ ਸੂਫ਼ੀ ਸੰਤਾਂ ਤੋੰ ਬਾਅਦ,  ਆਮ ਦੁਨਿਆਵੀ ਲੋਕਾਂ ਉੱਤੇ ਵੀ ਕਿਤੇ ਕਿਤੇ ਪਰਮਾਤਮਾ  ਇਹ ਕ੍ਰਿਪਾ ਕਰਦਾ ਹੈ,ਜਿੱਥੇ ਉਹ ਰੱਬ ਸੱਚਾ,ਤਰੁੱਠ ਕੇ ਸ਼ਬਦਾਂ ਦਾ ਖਜ਼ਾਨਾ ਅਤੇ ਸੁਰ ਦੀ ਬਖਸ਼ਿਸ਼, ਇੱਕੋ ਸਰੀਰ ਨੂੰ ਕਰ ਦਿੰਦਾ। 

ਅੱਜ ਜਿਹੜੀ ਸਖਸ਼ੀਅਤ ਦੀ ਬਾਤ ਪਾਉਣ ਲੱਗਿਆਂ ਹਾਂ, ਉਸਦੇ ਉੱਤੇ ਵੀ ਸੋਹਣੇ ਰੱਬ ਨੇ ਕੋਈ ਅਦੁੱਤੀ ਕਿਰਪਾ ਕਰ ਦਿੱਤੀ ਕਿ ਜਦੋਂ ਉਸਦੀ ਝੋਲ਼ੀ ਸ਼ਬਦ ਪਾਇਆ ਤੇ ਗੁਰੂ ਬਾਬਿਆਂ, ਸੂਫ਼ੀ ਸੰਤਾਂ ਤੇ ਆਲ਼ਮ ਫਾਜ਼ਿਲ ਲੋਕਾਂ ਦਾ ਅਸ਼ੀਰਵਾਦ ਵੀ ਨਾਲ ਭੇਜਿਆ ਤੇ ਜਦੋਂ ਸੁਰ ਬਖਸ਼ੀ ਤੇ ਬਾਬੇ ਮਰਦਾਨੇ ਅਤੇ ਅਮੀਰ ਖੁਸਰੋ ਵਰਗੇ ਸੁਰ ਅਮੀਰਾਂ ਦੀ, ਚਰਨ ਧੂੜ ਵੀ ਬਖਸ਼ ਦਿੱਤੀ। ਉਹ ਹੈ, ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ, ਅੰਬਾਂ, ਸਰਕੜੇ ਤੇ ਚੋਆਂ ਦੀ ਧਰਤੀ ਦਾ ਪਲ਼ਿਆ, ਖੇਡਿਆ, ਸੁਰ ਅਤੇ ਸ਼ਬਦ ਦਾ ਅਨੋਖਾ ਸੁਮੇਲ, 'ਸਤਿੰਦਰ ਸਰਤਾਜ' ਜੋ ਸਤਿੰਦਰ ਤੋੰ ਸਰਤਾਜ ਦੀ ਮੰਜ਼ਿਲ ਉੱਤੇ ਬੜੀ ਖ਼ੂਬਸੂਰਤੀ ਨਾਲ ਜਾ ਬੈਠਾ ਹੈ। 

ਹੁਸ਼ਿਆਰਪੁਰ ਗੌਰਮਿੰਟ ਕਾਲਜ, ਜਿਸਦੇ ਸਿਰ ਡਾ. ਮਨਮੋਹਨ ਸਿੰਘ ਵਰਗੀ ਸਖਸ਼ੀਅਤ ਨੂੰ ਘੜਨ ਦਾ ਸਿਹਰਾ ਬੱਝਦਾ ਹੈ, ਉਸੇ ਕਾਲਜ ਨੂੰ ਕੋਈ ਲੱਗਭੱਗ ਅੱਧੀ ਸਦੀ ਬਾਅਦ, ਇੱਕ ਹੋਰ ਹੀਰਾ, ਸਰਤਾਜ ਦੇ ਰੂਪ ਵਿੱਚ ਘੜ ਕੇ,ਪੰਜਾਬ ਦੀ ਝੋਲ਼ੀ ਪਾਉਣ ਦਾ ਮਾਣ ਵੀ ਹਾਸਲ ਹੈ । 

ਪੰਜਾਬੀ ਗਾਇਕੀ ਅੰਦਰ ਬੜੇ ਕਮਾਲ਼ ਦੇ ਗਵੱਈਏ ਹੋਏ ਹਨ, ਕਲਾਸੀਕਲ ਗਾਇਕੀ ਅੰਦਰ ਤਾਂ ਹੁਸ਼ਿਆਰਪੁਰ ਨੂੰ, ਸ਼ਾਮ ਚੁਰਾਸੀ ਘਰਾਣੇ ਦੇ ਸਲਾਮਤ ਅਲੀ ਖ਼ਾਨ ਵਰਗੇ ਵੱਡੇ ਗਵੱਈਏ ਤੇ ਪਟਿਆਲਾ ਘਰਾਣੇ ਨੂੰ, ਬੜੇ ਗੁਲਾਮ ਅਲੀ ਖਾਂ ਸਾਹਿਬ ਵਰਗੇ ਕਮਾਲ ਦੇ ਗਵਈਏ ਪੈਦਾ ਕਰਨ ਦਾ ਮਾਣ ਹੈ। ਲੋਕ ਗੀਤਾਂ ਅੰਦਰ ਮਾਣਕ, ਯਮਲੇ ਵਰਗੇ ਤੇ ਸੁਰਬੱਧ ਗਾਇਕੀ ਵਿੱਚ ਸਰਦੂਲ ਅਤੇ ਹੰਸ ਪੈਦਾ ਕਰਨ ਦਾ ਮਾਣ ਹੈ। ਪਰ ਕਦੇ ਕਿਸੇ ਗਾਇਕ ਨੂੰ,ਵਿਦਵਾਨ,ਅਦੀਬ,ਜ਼ਹੀਨ ਜਾਂ ਦਾਨਿਸ਼ਮੰਦ ਦਾ ਦਰਜਾ ਹਾਸਲ ਨਹੀਂ ਹੋ ਸਕਿਆ। ਇਹ ਮਾਣ ਕੇਵਲ ਸਰਤਾਜ ਦੀ ਝੋਲੀ ਪਿਆ ਹੈ। ਉਸਨੂੰ ਸੁਣਦਿਆਂ, ਕਦੇ ਮਹਿਸੂਸ ਹੁੰਦਾ ਕਿ ਉਹ ਗਵੱਈਆ ਬਹੁਤ ਵੱਡਾ ਹੈ ਪਰ ਫਿਰ ਲਗਦੈ ਕਿ  ਨਹੀਂ, ਇਹ ਸ਼ਾਇਰ ਉਸ ਤੋੰ ਵੀ ਵੱਡਾ ਹੈ।  ਇਸੇ ਲਈ ਪੰਜਾਬ ਦਾ ਈਲਾਈਟ ਵਰਗ ਵੀ, ਉਸ ਨੂੰ ਮੂਹਰਲੀਆਂ ਸਫ਼ਾਂ ਵਿੱਚ ਬੈਠ ਕੇ, ਸੁਣਨ ਵਿੱਚ ਮਾਣ ਮਹਿਸੂਸ ਕਰਦਾ ਹੈ. 

ਸਰਤਾਜ ਤੋੰ ਪਹਿਲਾਂ, ਸ਼ਿਵ ਨੂੰ ਇਹ ਮਾਣ ਹਾਸਲ ਸੀ ਕਿ ਉਸਦੀ ਹਰ ਰਚਨਾ ਨੂੰ ਪੂਰਨ ਰੂਪ ਵਿੱਚ, ਕਮਾਲ ਦਾ ਗਾਇਆ ਜਾ ਸਕਦਾ ਸੀ। ਕਿਉਂਕਿ ਸ਼ਿਵ ਕੁਮਾਰ ਬਟਾਲਵੀ ਦੀ ਝੋਲੀ ਵਿੱਚ,ਸ਼ਬਦ ਦੇ ਨਾਲ ਨਾਲ, ਸੁਰ ਦੇ ਮੋਤੀ ਵੀ ਪਏ ਸਨ। ਇਹੀ ਕਾਰਨ ਸੀ ਕਿ ਉਸਦੇ ਸਮਕਾਲੀ ਕਮਾਲ ਦੇ ਹੋਰ ਸ਼ਾਇਰ ਹੋਣ ਦੇ ਬਾਵਜੂਦ ਵੀ,  ਸ਼ਿਵ ਨੇ ਲੋਕ ਪ੍ਰਿਅਤਾ ਦੇ ਸਿਖਰ ਨੂੰ ਹੱਥ ਲਾਇਆ। ਪਰ ਜਿੱਥੇ ਸ਼ਿਵ ਨੇ ਹਮੇਸ਼ਾ ਆਪਣੀ ਨਿੱਜੀ ਪੀੜ ਨੂੰ, ਆਪਣੀ ਕਵਿਤਾ ਉੱਤੇ ਭਾਰੀ ਰੱਖਿਆ,  ਉੱਥੇ ਸਰਤਾਜ ਦੀ ਕਵਿਤਾ, ਆਪਣੀ ਮਿੱਟੀ ਦੇ ਦਰਦਾਂ ਦੀ, ਲੋਕਾਈ ਦੀ, ਹਵਾ ਪਾਣੀ ਦੀ, ਵਿਰਸੇ ਅਤੇ ਰੂਹਾਨੀਅਤ ਦੀ ਗੱਲ ਕਰਦੀ ਹੋਈ,ਜਦੋਂ ਸ਼੍ਰੋਤੇ ਨੂੰ ਕਿਸੇ ਹੋਰ ਮੰਡਲਾਂ ਵੱਲ ਲੈ ਤੁਰਦੀ ਹੈ  ਤਾਂ ਉਹ ਪੰਜਾਬ ਦੀ ਹਰ ਮਾਂ ਨੂੰ, ਆਪਣਾ ਪੁੱਤ ਮਹਿਸੂਸ ਹੁੰਦਾ ਹੈ. ਪੰਜਾਬ ਦੀ ਮਿੱਟੀ ਨੂੰ, ਪਿਆਰ ਕਰਨ ਵਾਲੇ ਹਰੇਕ ਪ੍ਰਾਣੀ ਨੂੰ ਉਹ ਆਪਣਾ ਆਪਣਾ,  ਲਗਦਾ, ਆਪਣਾ ਮੁਕਾਮ ਬਹੁਤ ਉੱਚਾ ਚੁੱਕ ਲੈਂਦਾ ਹੈ. 

ਅਸਲ ਵਿੱਚ ਸ਼ਾਇਰ ਜਦੋਂ ਖ਼ੁਦ, ਆਪਣੇ ਗੀਤ ਨੂੰ ਕਾਗਜ਼ ਉੱਤੇ ਉਤਾਰ , ਸੁਰਾਂ ਨਾਲ ਸ਼ਿੰਗਾਰਦਾ ਹੈ ਤਾਂ ਗੀਤ ਕੰਨਾਂ ਥਾਈਂ ਨਹੀਂ, ਰੂਹ ਰਾਹੀਂ ਸੁਣਿਆ ਜਾਂਦਾ ਹੈ। ਇਸ ਲਈ ਸਰਤਾਜ ਦਾ ਹਰ ਗੀਤ ਕੰਨਾਂ ਦੀ ਬਜਾਏ, ਰੂਹ ਸੁਣਦੀ ਹੈ।

ਉਹਦੀ ਸ਼ਾਇਰੀ, ਗਾਗਰ ਵਿੱਚ ਸਾਗਰ ਅਖੌਤ ਨੂੰ ਪੂਰੀ ਤਰ੍ਹਾਂ ਪ੍ਰਣਾਈ ਹੋਈ ਹੈ। ਆਪਣੇ ਗੀਤਾਂ ਦੀ ਇੱਕ ਤੁਕ ਵਿੱਚ ਉਹ ਮੁਹੱਬਤ ਦਾ ਸਿਖਰ ਮਹਿਸੂਸ ਹੁੰਦਾ ਤੇ ਅਗਲੀ ਵਿੱਚ ਮਹਿਬੂਬ ਦੇ ਪੈਰਾਂ ਵਿੱਚ। 'ਪਾਣੀ ਪੰਜਾਂ ਦਰਿਆਵਾਂ ਵਾਲਾ' ਵਿੱਚ ਉਹ ਪੰਜਾਬ ਦੀ ਅਜੋਕੀ ਹਰ ਸਮੱਸਿਆ ਨੂੰ, ਇੱਕ ਇੱਕ ਸਤਰ ਅੰਦਰ ਬਿਆਨ ਕਰ ਦਿੰਦਾ ਹੈ। ਇਹ ਚਾਹੇ ਪਾਣੀਆਂ ਦੇ ਜ਼ਹਿਰੀਕਰਨ ਦੀ ਗੱਲ ਹੋਵੇ ,ਅਗਲੀ ਪੀੜ੍ਹੀ ਦੇ ਆਪਣੇ ਅਮੀਰ ਵਿਰਸੇ ਤੋੰ , ਬੋਲੀ ਤੋਂ ਜਾਂ ਪਛਾਣ ਤੋਂ ਮੂੰਹ ਮੋੜਨ ਦੀ ਹੋਵੇ ਜਾਂ ਪੀੜ੍ਹੀਆਂ ਦਾ ਆਪਸੀ ਟਕਰਾਅ ਹੋਵੇ। 'ਇਹ ਵਿਰਸੇ ਦਾ ਮਸਲਾ ਮਖੌਲ ਦਾ ਨਹੀਂ ਏ' ਗਾਉਂਦਿਆਂ ਉਹ ਪੂਰੇ ਪੰਜਾਬ ਦੇ ਅਵੇਸਲੇ ਹੋ ਚੁੱਕੇ ਲੋਕਾਂ ਨੂੰ ਸਵਾਲ ਹੀ ਨਹੀਂ ਪਾਉਂਦਾ, ਸਗੋਂ ਖੂਨ ਨੂੰ , ਜ਼ਮੀਰ ਨੂੰ ਹਲੂਣਾ ਵੀ ਦਿੰਦਾ ਹੈ। 

ਪੰਜਾਬ ਦਾ ਵੱਡਾ ਗੀਤਕਾਰ, ਦੇਵ ਥਰੀਕਿਆਂ ਵਾਲਾ ਇਸ ਗੱਲ ਦਾ ਗਿਲਾ ਕਰਦਿਆਂ ਸੰਸਾਰ ਉੱਤੋਂ ਤੁਰ ਗਿਆ ਕਿ ਸਾਨੂੰ ਗੀਤਕਾਰਾਂ ਨੂੰ, ਸਾਹਿਤਕਾਰ ਨਹੀਂ ਮੰਨਿਆ ਗਿਆ ਤੇ ਸਾਡੇ ਗੀਤਾਂ ਨੂੰ ਸਾਹਿਤ ਨਹੀਂ ਮੰਨਿਆ। ਪਰ ਸਰਤਾਜ ਨੇ ਇਸ ਗਿਲ਼ੇ ਨੂੰ ਵਗਾਹ ਕੇ ਪਰ੍ਹੇ ਮਾਰਿਆ। ਉਹਦੇ ਗੀਤ ਕੇਵਲ ਅਵੱਲ ਦਰਜੇ ਦੇ ਸਾਹਿਤ ਵਜੋਂ ਹੀ  ਪ੍ਰਵਾਨ ਨਹੀਂ ਹੋਏ ਬਲਕਿ ਇਨ੍ਹਾਂ ਉੱਤੇ, ਆਉਣ ਵਾਲੇ ਸਮੇਂ ਵਿਦਿਆਰਥੀ M.phil., P.hd.ਦੇ ਥੀਸਿਜ ਲਿਖਦਿਆਂ ਮਾਣ ਮਹਿਸੂਸ ਕਰਨਗੇ। ਜੇਕਰ ਮੈਂ ਅੱਜ ਕਿਸੇ ਯੂਨੀਵਰਸਿਟੀ ਦਾ ਵਿਦਿਆਰਥੀ ਹੁੰਦਾ ਤਾਂ ਇਹ ਬੀੜਾ ਚੁੱਕਣ ਦਾ ਪਹਿਲਾ ਮਾਣ ਹਾਸਲ ਕਰਦਾ।

ਉਹਦੇ ਗੀਤਾਂ ਦੀ ਕਮਾਲ ਇਹ ਹੈ ਕਿ ਜਦੋਂ ਉਹ 'ਕਾਹਨ ਸਿੰਘ ਨਾਭੇ ਤੋ ਕੀ ਲੈਣਾ' ਗਾਉਂਦਾ ਤਾਂ ਪੰਜਾਬੀ ਦੇ ਮਹਾਨ ਗ੍ਰੰਥ 'ਮਹਾਨ ਕੋਸ਼' ਪ੍ਰਤੀ ਉਹਦੀ ਸ਼ਰਧਾ ਸਾਹਵੇਂ ਆਉਂਦੀ ਹੈ।'ਨਿੱਕੀ ਜਿਹੀ ਕੁੜੀ'  ਨੂੰ ਗਾਉਂਦਿਆਂ, ਉਹਦੀ ਬੱਚਿਆਂ ਪ੍ਰਤੀ ਮਾਸੂਮੀਅਤ ਸਾਫ਼ ਝਲਕਾਂ ਮਾਰਦੀ ਹੈ। 'ਮੋਤੀਆ, ਚਮੇਲੀ, ਬੇਲਾ, ਕੇਤਕੀ ਧਰੇਕ' ਗਾਉਂਦਿਆਂ ਦੇਖ ਲੱਗਦਾ ਹੈ, ਕਿ ਇਸ ਅਲਬੇਲੇ ਸ਼ਾਇਰ ਨੇ ਛੋਟੀ ਉਮਰੇ ਕਿਸੇ ਬੜੀ ਸੁਚੱਜੀ ਮਾਲਣ ਦੀ ਗੋਦੀ ਦਾ ਆਨੰਦ ਮਾਣਿਆ ਹੈ ਤੇ 'ਸਾਈਂ' ਗੀਤ ਗਾਉਂਦਿਆਂ, ਉਹ ਬਾਬੇ ਬੁੱਲੇ ਸ਼ਾਹ ਤੇ ਬਾਬੇ ਸ਼ਾਹ ਹੁਸੈਨ ਦੇ ਹੁਜ਼ਰੇ ਅੰਦਰ, 'ਸਮਾਂ'  ਦਾ ਆਨੰਦ ਮਾਣ ਰਿਹਾ ਮਹਿਸੂਸ ਹੁੰਦਾ ਹੈ।

'ਤਬਾਦਲੇ' ਗਾਣੇ ਨੂੰ ਸੁਣਨ ਲੱਗਿਆਂ,ਇਹ ਭੁਲੇਖਾ ਪੈ ਜਾਂਦਾ ਕਿ ਇਨਸਾਨ ਸ਼ਾਇਰ ਹੈ ਜਾਂ ਕਿਸੇ ਪਿੰਡ ਦੇ ਖੇਤਾਂ ਵਿੱਚ ਤੁਰਿਆ ਫਿਰਦਾ , ਗਿਰਦਵਾਰੀ ਕਰਦਾ, ਪਟਵਾਰੀ । ਜਿੱਥੇ ਇਹ ਜਮ੍ਹਾਂਬੰਦੀਆਂ, ਗਿਰਦਵਾਰੀਆਂ, ਕਰਮਾਂ, ਮਰਲੇ, ਮੁਰੱਬੇ,ਲਫ਼ਜ਼ਾਂ ਦੇ ਲੱਠੇ, ਛਿਜਰੇ ਫਰੋਲਦਾ, ਉਹਨਾਂ ਨੂੰ ਮੁੜ ਜਿਉਂਦੇ ਕਰਦਾ ਹੈ। ਇੰਝ ਲਗਦਾ ਹੈ ਕਿ 'ਮਹਾਨ ਕੋਸ਼'  ਹੁਣ ਗੀਤਾਂ ਜ਼ਰੀਏ,  ਇਸ ਸ਼ਾਇਰ ਰੂਪੀ ਗਾਇਕ ਨੇ ਸਾਡੇ ਬੱਚਿਆਂ ਦੀ ਝੋਲੀ ਪਾ ਦੇਣਾ ਹੈ। ਕਦੇ ਕਦੇ ਇੰਝ ਲਗਦਾ ਹੈ ਕਿ ਇਹ ਗਾਇਕ, ਸਾਡੇ ਖਿੰਡ ਪੁੰਡ ਚੁੱਕੇ ਪੁਰਾਤਨ ਸ਼ਬਦਾਂ ਦੀ ਮੁਰੱਬੇਬੰਦੀ ਕਰ , ਇਹਨ੍ਹਾਂ ਨੂੰ ਤਰਤੀਬ ਦੇ ਕੇ, ਸਾਡੇ ਬੱਚਿਆਂ ਦੇ ਮਨਾਂ ਵਿੱਚ,ਅਚੇਤ ਹੀ,ਇਨ੍ਹਾਂ ਸੋਹਣੇ ਸ਼ਬਦਾਂ ਦਾ, 'ਮੁੜ ਵਸੇਬਾ' ਕਰਵਾ ਦੇਵੇਗਾ।

 ਆਪਣੇ ਗੀਤਾਂ ਵਿੱਚ 'ਗੱਭੇ' ਸ਼ਬਦ ਨੂੰ ਜਿਉਂਦਾ ਕਰਦਾ ਜਿੱਥੇ ਉਹ ਦੁਆਬੇ ਦਾ ਪੁੱਤ ਲੱਗਦੈ , ਉੱਥੇ  'ਥਿਆਇਆ' ਲਫਜ਼ ਆਪਣੇ ਗੀਤਾਂ ਅੰਦਰ ਵਰਤਦਿਆਂ ਉਹਦਾ ਮਾਲਵੇ ਨਾਲ ਪਿਆਰ ਵੀ ਸਾਫ ਝਲਕਦਾ ਹੈ। " 'ਰਸੀਦ' ਗਾਣੇ ਅੰਦਰ ਉਹ ਮੁਹੱਬਤ ਦੇ ਅਸੂਲ ਸਿਖਾਉਂਦਾ ਤੇ 'ਕਿਤੇ ਨਹੀਂ ਤੇਰਾ ਰੁਤਬਾ ਘਟਦਾ' ਅੰਦਰ ਮਹਿਬੂਬ ਦੇ ਪੈਰਾਂ ਦੀ ਧੂੜ ਹੋ ਜਾਣ ਦੀ ਬਾਤ ਪਾਉਂਦਾ ਹੈ। 

ਉਹਦੀ ਬਾਕੀ ਸਾਰੀ ਕਰਗੁਜ਼ਾਰੀ ਇੱਕ ਪਾਸੇ , ਤੇ ਉਹਦਾ 'ਜ਼ਫ਼ਰਨਾਮਾ' ਗਾ ਦੇਣਾ ਇੱਕ ਪਾਸੇ। ਜੋ ਕਮਾਲ ਉਸ ਨੇ, ਸਾਹਿਬੇ ਕਮਾਲ ਦੀ ਇਹ ਕਮਾਲ ਰਚਨਾ ਗਾ ਕੇ ਕੀਤਾ ਹੈ ਉਹ ਵੀ ਇੱਕ ਇਤਿਹਾਸ ਹੈ। 'ਆਰਤੀ, ਆਰਤਾ' ਗਾਉਂਦਿਆਂ ਇੰਝ ਲੱਗਦੈ ਕਿ ਉਹ ਆਪਣੇ ਪਿੰਡ ਬਜਰਾਵਰ ਦੀ ਜੂਹ ਤੋੰ ਤੁਰਿਆ, ਨੇੜਲੇ ਛੇਵੀਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਪਿੰਡ " ਹਰੀਆਂ ਵੇਲਾਂ " ਵੱਲ ਨੂੰ ਜਾਂਦੀ ਕਿਸੇ ਕੱਚੀ  ਡੰਡੀ ਉੱਤੇ ਤੁਰਿਆ ਜਾਂਦਾ ਗਾ ਰਿਹਾ ਹੋਵੇ।  

ਸੁਰ ਤੇ ਸ਼ਬਦ ਦੀ ਵਰਖਾ, ਕਿਸੇ ਇੱਕ ਰੂਹ ਉੱਤੇ  ਹੋ ਜਾਣੀ, ਵੱਡੀ ਕਿਰਪਾ ਹੈ ਤੇ ਮੁਮਕਿਨ ਹੈ ਕਿ ਉੱਥੇ ਹਉਮੈ ਟਿਕਦੀ ਨਹੀਂ। ਪਰ ਫਿਰ ਵੀ ਸੂਖ਼ਮ ਹਉਮੈ, ਬੜੀ ਬਲਵਾਨ ਹੁੰਦੀ ਹੈ। ਗੁਰੂ ਕਿਰਪਾ ਕਰੇ, ਹਰ ਸੁਣਨ ਵਾਲੇ ਦੀ ਦੁਆ ਵਿੱਚੋਂ, ਇਹ ਅਰਦਾਸ ਨਿਕਲੇ ਕਿ ਕਿਸੇ ਸੂਖਮ ਹਉਮੈ ਦਾ ਪਰਛਾਵਾਂ ਵੀ,  ਇਸ ਸੁੱਚੀ ਰੂਹ ਉੱਤੇ ਨਾ ਪਵੇ। ਕਿਉਂਕਿ ਅਜਿਹੀਆਂ ਕਿਰਤਾਂ, ਹਮੇਸ਼ਾਂ  ਸੁੱਚੀਆਂ ਰੂਹਾਂ  ਹੀ ਪੈਦਾ ਕਰ ਸਕਦੀਆਂ ਨੇ ਤੇ ਅਸੀਂ ਇਨ੍ਹਾਂ ਹੋਰ ਬਹੁਤ ਸਾਰੀਆਂ ਸੁੱਚੀਆਂ ਕਿਰਤਾਂ ਦਾ ਅਨੰਦ ਮਾਣਨਾ ਹੈ। ਗੁਰੂ ਕਿਰਪਾ ਕਰਨ,  ਉਹਦੀ ਕੇਵਲ, ਇਹ ਮੰਜ਼ਿਲ ਹੀ ਨਹੀਂ , ਸਗੋਂ ਉਹਦੀ  ਹਰ ਅਗਲੀ ਮੰਜ਼ਿਲ, ਸਦੀਵੀ ਪੌੜੀਆਂ ਵਿੱਚ ਤਬਦੀਲ ਹੁੰਦੀ ਰਹੇ ਤੇ ਉਹ ਇਹ ਪੌੜੀਆਂ,  ਤਾ ਜਿੰਦਗੀ ਚੜ੍ਹਦਾ ਰਹੇ. 

 ਪਰਮਾਤਮਾ ਨੇ, ਇਸ ਸਰੀਰ ਅੰਦਰ, ਗਲ਼ੇ ਤੋੰ, ਦਿਮਾਗ ਅਤੇ ਦਿਲ ਦੀ ਦੂਰੀ ਲੱਗਭੱਗ ਬਰਾਬਰ ਰੱਖੀ ਹੈ। ਇਹ ਗਾਉਣ ਵਾਲੇ ਦੀ ਕਿਸਮਤ ਹੈ ਕਿ ਉਸਨੇ ਆਪਣੇ ਗਲ਼ੇ ਉੱਤੇ ਦਿਮਾਗ ਦਾ ਰਾਜ ਕਰਵਾਉਣਾ ਜਾਂ ਦਿਲ ਦਾ... ਜਿੰਨ੍ਹਾਂ ਗਲ਼ਿਆਂ ਉੱਤੇ ਦਿਮਾਗ ਰਾਜ ਕਰਦੇ ਨੇ ਉਹ ਵਪਾਰੀ ਹੋ ਜਾਂਦੇ ਨੇ ਤੇ ਜਿਨ੍ਹਾਂ ਗਲ਼ਿਆਂ ਉੱਤੇ, ਦਿਲ ਦਾ ਰਾਜ ਹੁੰਦੈ, ਉਹ ਸਿਰਤਾਜ ਹੋ ਜਾਂਦੇ ਹਨ। ਸਤਿੰਦਰ ਸਿੰਘ ਦੇ ਗਲ਼ੇ ਉੱਤੇ, ਉਹਦੇ ਦਿਲ ਦਾ ਰਾਜ ਕਰਵਾਉਣ, ਤਾਂ ਕਿ ਉਹ ਸਦੀਵੀਂ ਸਿਰਤਾਜ ਬਣਿਆ ਰਹੇ। 

ਆਮੀਨ 

ਰਾਜਿੰਦਰ ਸਿੰਘ ਟਾਂਡਾ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK