ਪੰਜਾਬ 'ਚ ਟਰਾਈਡੈਂਟ-ਕੰਪਨੀ 'ਤੇ ਦੂਜੇ ਦਿਨ ਵੀ ਛਾਪੇਮਾਰੀ : 5 ਦਿਨ ਰਹਿ ਸਕਦੀ ਹੈ ਜਾਰੀ
ਲੁਧਿਆਣਾ : ਪੰਜਾਬ 'ਚ ਟਰਾਈਡੈਂਟ ਗਰੁੱਪ ਅਤੇ ਆਈ.ਓ.ਐਲ ਕੈਮੀਕਲ ਕੰਪਨੀ 'ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਦੂਜੇ ਦਿਨ ਵੀ ਜਾਰੀ ਹੈ। ਅਧਿਕਾਰੀਆਂ ਮੁਤਾਬਿਕ ਇਹ ਛਾਪੇਮਾਰੀ ਕਰੀਬ 5 ਤੋਂ 7 ਦਿਨਾਂ ਤੱਕ ਜਾਰੀ ਰਹਿਣ ਵਾਲੀ ਹੈ। ਫਿਲਹਾਲ ਟੀਮ ਨੇ ਕਈ ਜਾਇਦਾਦਾਂ ਦੇ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਟੀਮ ਪਰਿਵਾਰ ਤੋਂ ਕਈ ਲਾਕਰਾਂ ਦੀ ਡਿਟੇਲ ਲੈ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫੋਨ ਵੀ ਅਧਿਕਾਰੀਆਂ ਕੋਲ ਹਨ।
ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਵੱਲੋਂ ਟਰਾਈਡੈਂਟ ਗਰੁੱਪ ਦੇ ਸਾਰੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਵਿਭਾਗ ਦੀਆਂ ਕਰੀਬ 35 ਟੀਮਾਂ ਜਾਂਚ 'ਚ ਜੁਟੀਆਂ ਹੋਈਆਂ ਹਨ। ਕੰਪਨੀ ਦੇ ਪੰਜਾਬ ਦੇ ਬਰਨਾਲਾ ਅਤੇ ਧੌਲਾ (ਬਰਨਾਲਾ) ਯੂਨਿਟਾਂ 'ਤੇ ਵੀ ਛਾਪੇਮਾਰੀ ਕੀਤੀ।
ਦੱਸ ਦਈਏ ਕਿ ਇਨਕਮ ਟੈਕਸ ਵਿਭਾਗ ਨੇ ਮੰਗਲਵਾਰ ਸਵੇਰੇ ਪੰਜਾਬ ਅਤੇ ਮੱਧ ਪ੍ਰਦੇਸ਼ 'ਚ ਟਰਾਈਡੈਂਟ ਗਰੁੱਪ ਦੇ ਨਿਰਮਾਣ ਯੂਨਿਟਾਂ ਅਤੇ ਦਫਤਰਾਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੱਧ ਪ੍ਰਦੇਸ਼ ਦੇ ਬੁਧਨੀ ਅਤੇ ਪੰਜਾਬ ਦੇ ਬਰਨਾਲਾ, ਧੌਲਾ ਅਤੇ ਲੁਧਿਆਣਾ ਵਿਖੇ ਟਰਾਈਡੈਂਟ ਦੇ ਨਿਰਮਾਣ ਯੂਨਿਟਾਂ 'ਤੇ ਛਾਪੇਮਾਰੀ ਜਾਰੀ ਹੈ। ਜ਼ਿਕਰ ਕਰ ਦਈਏ ਕਿ ਪੰਜਾਬ ਵਿੱਚ ਟਰਾਈਡੈਂਟ ਦੇ ਬਰਨਾਲਾ ਅਤੇ ਧੌਲਾ ਵਿੱਚ ਨਿਰਮਾਣ ਯੂਨਿਟ ਹੈ ਅਤੇ ਲੁਧਿਆਣਾ ਦੇ ਕਿਚਲੂ ਨਗਰ ਵਿੱਚ ਇੱਕ ਕਾਰਪੋਰੇਟ ਦਫ਼ਤਰ ਹੈ।
ਲੁਧਿਆਣਾ ਦੇ ਕਾਰੋਬਾਰੀ ਰਜਿੰਦਰ ਗੁਪਤਾ (ਜੋ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਹਨ) ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਹਨ। ਪਿਛਲੇ ਸਾਲ ਜੂਨ ਵਿੱਚ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਤਿੰਨ ਸਾਲਾਂ ਲਈ ਪੰਜਾਬ ਦੇ ਰਾਜ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਸੀ।
- PTC NEWS