Jalandhar News : ਰੂਸ -ਯੂਕਰੇਨ ਜੰਗ 'ਚ ਮਾਰੇ ਗਏ ਗੁਰਾਇਆ ਦੇ ਮ੍ਰਿਤਕ ਨੌਜਵਾਨ ਦਾ ਅੱਜ ਵੀ ਨਹੀਂ ਹੋ ਸਕਿਆ ਅੰਤਿਮ ਸਸਕਾਰ
Jalandhar News : ਰੂਸ -ਯੂਕਰੇਨ ਜੰਗ 'ਚ ਮਾਰੇ ਗਏ ਗੁਰਾਇਆ ਦੇ ਮ੍ਰਿਤਕ ਨੌਜਵਾਨ ਮਨਦੀਪ ਕੁਮਾਰ ਦਾ ਅੱਜ ਵੀ ਸਸਕਾਰ ਨਹੀਂ ਹੋ ਸਕਿਆ। ਅੱਜ ਪਰਿਵਾਰ ਨੇ ਮਨਦੀਪ ਦੀ ਫੌਜ ਦੀ ਵਰਦੀ ਬੈਚ ਰੂਸ ਦਾ ਝੰਡਾ ਜੋ ਉਥੋਂ ਆਇਆ ਉਹ ਵੀ ਦਿਖਾਇਆ। ਇਸ ਦੌਰਾਨ ਪਰਿਵਾਰ ਨੇ ਡੌਂਕਰਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਨਾਲ ਆਰਥਿਕ ਮਦਦ ਦੀ ਮੰਗ ਵੀ ਰੱਖੀ ਹੈ। ਰਾਜ ਸਭਾ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅੱਜ ਉਚੇਚੇ ਤੌਰ 'ਤੇ ਪਰਿਵਾਰ ਨਾਲ ਦੁੱਖ ਜ਼ਾਹਿਰ ਕਾਰਨ ਵਾਸਤੇ ਪੁੱਜੇ।
ਸੰਤ ਸੀਚੇਵਾਲ ਵਲੋਂ ਪਹਿਲਾ ਵੀ ਮ੍ਰਿਤਕ ਦੇ ਭਰਾ ਨੂੰ ਰੂਸ ਭੇਜਣ ਲਈ ਟਿਕਟ ਆਦਿ ਵਾਸਤੇ ਆਰਥਿਕ ਮਦਦ ਦਿੱਤੀ ਸੀ। ਅਫਸੋਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮਦਦ ਆਪਣਾ ਫ਼ਰਜ਼ ਨਿਭਾਉਣ ਲਈ ਕੀਤੀ ਹੈ ਅਤੇ ਇਸ ਦੇ ਨਾਲ ਨਾਲ ਸੰਸਦ 'ਚ ਵੀ ਮੁੱਦਾ ਚੁੱਕਿਆ ਸੀ। ਸੰਸਦ ਤੋਂ ਹੀ ਪਤਾ ਲੱਗਾ ਕਿ 127 ਨੌਜਵਾਨ ਫੌਜ 'ਚ ਭਰਤੀ ਹੋਏ ਸਨ, ਜਿਨ੍ਹਾਂ ਤੋਂ 112 ਨੌਜਵਾਨ ਵਾਪਸ ਆ ਗਏ ਹਨ। ਉਨ੍ਹਾਂ ਕਿਹਾ ਕਿ ਮਜ਼ਬੂਰੀ ਇਹ ਹੈ ਕਿ ਰੂਸ 'ਚ ਸਿੱਧੇ ਰੂਪ 'ਚ ਦਖਲ ਨਹੀਂ ਦਿੱਤਾ ਜਾ ਸਕਦਾ, ਸਿਰਫ ਅੰਬੈਸੀ ਰਾਹੀਂ ਹੀ ਮਦਦ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਅੱਜ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਪਰਿਵਾਰ ਨਾਲ ਅਫ਼ਸੋਸ ਪ੍ਰਗਟਾਉਣ ਉਪਰੰਤ ਕਿਹਾ ਕਿ ਸਰਕਾਰ ਇਸ ਪਰਿਵਾਰ ਦੀ ਪੰਜ ਕਰੋੜ ਰੁਪਏ ਦੀ ਆਰਥਿਕ ਮਦਦ ਕਰੇ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਵੀ ਦਿੱਤੀ ਜਾਵੇ। ਉਨ੍ਹਾਂ ਪਰਿਵਾਰ ਨੂੰ ਯਕੀਨ ਦਵਾਇਆ ਕਿ ਜੇ ਸਰਕਾਰ ਨੇ ਮਦਦ ਨਾ ਕੀਤੀ ਤਾਂ ਬਸਪਾ ਹਰ ਤਰ੍ਹਾਂ ਦਾ ਸੰਘਰਸ਼ ਕਰੇਗੀ।
ਇਸ ਮੌਕੇ ਜਲੰਧਰ ਦਿਹਾਤੀ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਯਕੀਨ ਦਵਾਇਆ ਕਿ ਇਸ ਕੇਸ ਦਾ ਚਲਾਨ ਜਲਦੀ ਪੇਸ਼ ਕੀਤਾ ਜਾਵੇਗਾ ਅਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਯਕੀਨ ਦਵਾਇਆ ਕਿ ਪੁਲੀਸ ਦੇ ਕਿਸੇ ਕਰਮਚਾਰੀ ਦੀ ਵੀ ਅਣਗਹਿਲੀ ਸਾਹਮਣੇ ਆਵੇਗੀ ਤਾਂ ਉਸ ਖ਼ਿਲਾਫ਼ ਜਾਂਚ ਉਪਰੰਤ ਕਾਰਵਾਈ ਵੀ ਕੀਤੀ ਜਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਪ੍ਰਿੰਸੀਪਲ ਪ੍ਰੇਮ ਕੁਮਾਰ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ।
- PTC NEWS