Sikh pilgrim Sarabjit Kaur : ਅੱਜ ਸਰਬਜੀਤ ਕੌਰ ਦੀ ਹੋ ਸਕਦੀ ਹੈ ਵਤਨ ਵਾਪਸੀ , ਇਮੀਗ੍ਰੇਸ਼ਨ ਕਲੀਅਰੈਂਸ ਤੋਂ ਬਾਅਦ ਪਰਤੇਗੀ ਭਾਰਤ
Sikh pilgrim Sarabjit Kaur : ਪਾਕਿਸਤਾਨ 'ਚ ਵਿਆਹ ਕਰਵਾਉਣ ਵਾਲੀ ਭਾਰਤੀ ਸਿੱਖ ਸ਼ਰਧਾਲੂ ਸਰਬਜੀਤ ਕੌਰ ਦੀ ਅੱਜ ਵਤਨ ਵਾਪਸੀ ਹੋ ਸਕਦੀ ਹੈ। ਇਮੀਗ੍ਰੇਸ਼ਨ ਕਲੀਅਰੈਂਸ ਤੋਂ ਬਾਅਦ ਸਰਬਜੀਤ ਕੌਰ ਭਾਰਤ ਪਰਤੇਗੀ। ਸੋਮਵਾਰ ਨੂੰ ਅਟਾਰੀ-ਵਾਹਗਾ ਅੰਤਰਰਾਸ਼ਟਰੀ ਸਰਹੱਦ ਰਾਹੀਂ ਉਸਨੂੰ ਭਾਰਤ ਭੇਜਣ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਪਰ ਆਖਰੀ ਸਮੇਂ 'ਤੇ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਉਸਦੀ ਵਾਪਸੀ ਰੋਕ ਦਿੱਤੀ। ਨਤੀਜੇ ਵਜੋਂ ਸਰਹੱਦ ‘ਤੇ ਤਾਇਨਾਤ ਭਾਰਤੀ ਏਜੰਸੀਆਂ ਨੂੰ ਵੀ ਖਾਲੀ ਹੱਥ ਵਾਪਸ ਪਰਤਣਾ ਪਿਆ।
ਦਰਅਸਲ 'ਚ ਪਾਕਿਸਤਾਨ ਦੀ ਇੱਕ ਸਥਾਨਕ ਅਦਾਲਤ ਨੇ ਹਾਲ ਹੀ ਵਿੱਚ ਸਰਬਜੀਤ ਕੌਰ ਦੀ ਭਾਰਤ ਵਾਪਸੀ ਦਾ ਹੁਕਮ ਦਿੱਤਾ। ਇਸ ਤੋਂ ਬਾਅਦ ਪਾਕਿਸਤਾਨੀ ਪੁਲਿਸ ਨੇ ਉਸ ਦੀ ਭਾਲ ਕਰਕੇ ਉਸ ਨੂੰ ਲੱਭ ਲਿਆ ਅਤੇ ਸੋਮਵਾਰ ਨੂੰ ਵਾਹਗਾ ਸਰਹੱਦ ‘ਤੇ ਪਹੁੰਚਾ ਦਿੱਤਾ। ਇਮੀਗ੍ਰੇਸ਼ਨ ਅਤੇ ਕਸਟਮ ਰਸਮਾਂ ਲਗਭਗ ਪੂਰੀਆਂ ਹੋ ਗਈਆਂ ਸਨ ਪਰ ਕਾਗਜ਼ੀ ਕਾਰਵਾਈ ਨਾ ਪੂਰੀ ਹੋਣ ਕਰਕੇ ਪਾਕਿਸਤਾਨ ਗ੍ਰਹਿ ਮੰਤਰਾਲੇ ਨੇ ਆਖਰੀ ਸਮੇਂ ਵਿੱਚ ਉਸਦੀ ਭਾਰਤ ਵਾਪਸੀ ਨੂੰ ਰੋਕਣ ਦਾ ਹੁਕਮ ਜਾਰੀ ਕੀਤਾ।
ਦੱਸ ਦੇਈਏ ਕਿ ਸਰਬਜੀਤ ਕੌਰ ਕਪੂਰਥਲਾ ਦੀ ਰਹਿਣ ਵਾਲੀ ਹੈ। ਸਰਬਜੀਤ ਕੌਰ 4 ਨਵੰਬਰ 2025 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਸੀ। ਓਥੇ ਜਾ ਕੇ ਉਸਨੇ ਪਾਕਿਸਤਾਨੀ ਨੌਜਵਾਨ ਨਾਸਿਰ ਹੁਸੈਨ ਨਾਲ ਨਿਕਾਹ ਕਰਵਾਇਆ ਸੀ ਅਤੇ ਨਿਕਾਹ ਤੋਂ ਬਾਅਦ ਉਸਨੇ ਆਪਣੇ ਨਾਮ ਨੂਰ ਹੁਸੈਨ ਰੱਖ ਲਿਆ ਸੀ। ਸਰਬਜੀਤ ਕੌਰ ਦਾ ਤੀਰਥ ਯਾਤਰੀ ਵੀਜ਼ਾ 'ਸਿੰਗਲ ਐਂਟਰੀ' ਸੀ ਅਤੇ ਉਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਸਾਲ 2016 ਤੋਂ ਟਿਕਟੋਕ ਰਾਹੀਂ ਇੱਕ-ਦੂਜੇ ਦੇ ਸੰਪਰਕ ਵਿੱਚ ਸਨ। ਸਰਬਜੀਤ ਕੌਰ ਨੇ ਪਹਿਲਾਂ ਵੀ ਕਈ ਵਾਰ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਨੂੰਨੀ ਕਾਰਨਾਂ ਕਰਕੇ ਅਰਜ਼ੀਆਂ ਰੱਦ ਹੋ ਗਈਆਂ ਸਨ। ਸਰਬਜੀਤ ਕੌਰ ਪੰਜਾਬ ਦੇ ਕਪੂਰਥਲਾ ਦੀ ਰਹਿਣ ਵਾਲੀ ਹੈ ਤੇ 4 ਨਵੰਬਰ 2025 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਜਥੇ ਨਾਲ ਪਾਕਿਸਤਾਨ ਗਈ ਸੀ।
- PTC NEWS