Sri Darbar Sahib ਦੀ ਪਰਿਕਰਮਾ 'ਚੋਂ ਨੌਜਵਾਨਾਂ ਨੂੰ ਚੁੱਕਣਾ ਪੁਲਿਸ ਨੂੰ ਪਿਆ ਭਾਰੀ, SGPC ਟਾਸਕ ਫੋਰਸ ਨੇ 2 ਮੁਲਾਜ਼ਮਾਂ ਨੂੰ ਬਣਾਇਆ ਬੰਧਕ
Amritsar News : ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਤਰਨ ਤਾਰਨ ਸੀ.ਆਈ.ਏ. (CIA) ਸਟਾਫ ਦੀ ਪੁਲਿਸ ਟੀਮ ਵੱਲੋਂ ਪਰਿਕਰਮਾ ਵਿੱਚੋਂ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਦੀ ਇਸ ਗੁਪਤ ਕਾਰਵਾਈ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਟਾਸਕ ਫੋਰਸ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਫੜ ਕੇ 'ਕਮਰਾ ਨੰਬਰ 50' ਵਿੱਚ ਬੰਦ ਕਰ ਦਿੱਤਾ।
ਐੱਸ.ਜੀ.ਪੀ.ਸੀ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਸੰਗਤ ਸ਼ਰਧਾ ਨਾਲ ਆਉਂਦੀ ਹੈ। ਜੇਕਰ ਪੁਲਿਸ ਨੂੰ ਕਿਸੇ ਮਾਮਲੇ ਵਿੱਚ ਕਿਸੇ ਵਿਅਕਤੀ ਦੀ ਭਾਲ ਹੁੰਦੀ ਹੈ ਜਾਂ ਕਿਸੇ ਨੂੰ ਗ੍ਰਿਫ਼ਤਾਰ ਕਰਨਾ ਹੁੰਦਾ ਹੈ ਤਾਂ ਉਸ ਦੀ ਜਾਣਕਾਰੀ ਪਹਿਲਾਂ ਸ਼੍ਰੋਮਣੀ ਕਮੇਟੀ ਨਾਲ ਸਾਂਝੀ ਕਰਨੀ ਲਾਜ਼ਮੀ ਹੈ। ਅੱਜ ਦੀ ਕਾਰਵਾਈ ਦੌਰਾਨ ਤਰਨ ਤਾਰਨ ਪੁਲਿਸ ਨੇ ਨਾ ਤਾਂ ਐੱਸ.ਜੀ.ਪੀ.ਸੀ. ਨੂੰ ਭਰੋਸੇ ਵਿੱਚ ਲਿਆ ਅਤੇ ਨਾ ਹੀ ਸਥਾਨਕ ਗਲਿਆਰਾ ਚੌਂਕੀ ਨੂੰ ਇਸ ਸਬੰਧੀ ਕੋਈ ਸੂਚਨਾ ਦਿੱਤੀ।
ਇਸ ਘਟਨਾ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਤਣਾਅਪੂਰਨ ਸਥਿਤੀ ਪੈਦਾ ਹੋ ਗਈ। ਟਾਸਕ ਫੋਰਸ ਵੱਲੋਂ ਕਾਬੂ ਕੀਤੇ ਗਏ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਉਦੋਂ ਤੱਕ ਨਾ ਛੱਡਣ ਦਾ ਫੈਸਲਾ ਕੀਤਾ ਗਿਆ, ਜਦੋਂ ਤੱਕ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਇਸ ਪੂਰੀ ਕਾਰਵਾਈ ਦੀ ਸਪੱਸ਼ਟ ਜਾਣਕਾਰੀ ਨਹੀਂ ਦਿੰਦੇ।
ਜਿਸ ਮਗਰੋਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਐਸਜੀਪੀਸੀ ਅਧਿਕਾਰੀਆਂ ਨਾਲ ਸੰਪਰਕ ਕੀਤਾ। ਫਿਲਹਾਲ ਐਸਜੀਪੀਸੀ ਨਾਲ ਜਾਣਕਾਰੀ ਸਾਂਝੀ ਕਰਨ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਛੱਡ ਦਿੱਤਾ ਗਿਆ। ਐੱਸ.ਜੀ.ਪੀ.ਸੀ. ਨੇ ਸਪੱਸ਼ਟ ਕੀਤਾ ਹੈ ਕਿ ਉਹ ਹਮੇਸ਼ਾ ਕਾਨੂੰਨ ਦਾ ਸਹਿਯੋਗ ਕਰਦੇ ਹਨ ਪਰ ਬਿਨਾਂ ਪੁੱਛਗਿੱਛ ਜਾਂ ਕਿਸੇ ਨੂੰ ਦੱਸੇ ਬਿਨ੍ਹਾਂ ਪਵਿੱਤਰ ਅਸਥਾਨ ਤੋਂ ਇਸ ਤਰ੍ਹਾਂ ਚੁੱਕ ਕੇ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
- PTC NEWS