ਕੰਬੋਜ ਭਾਈਚਾਰੇ ਵੱਲੋਂ ਮਨਾਇਆ ਗਿਆ ਸ਼ਹੀਦ ਊਧਮ ਸਿੰਘ ਦਾ ਸੂਰਬੀਰਤਾ ਦਿਵਸ
ਸੰਗਰੂਰ: ਸੁਨਾਮ ਵਿਖੇ ਕੰਬੋਜ ਭਾਈਚਾਰੇ ਵੱਲੋਂ ਸ਼ਹੀਦ ਊਧਮ ਸਿੰਘ ਜੀ ਦਾ ਸੂਰਬੀਰਤਾ ਦਿਵਸ ਮਨਾਇਆ ਗਿਆ। ਕੰਬੋਜ ਭਾਈਚਾਰੇ ਵੱਲੋਂ ਸ਼ਹੀਦ ਊਧਮ ਸਿੰਘ ਦੀ ਅਦੁੱਤੀ ਸੂਰਬੀਰਤਾ ਨੂੰ ਸਮਰਪਿਤ ਦਿਵਸ 5 ਮਾਰਚ 2023 ਨੂੰ ਉਹਨਾਂ ਦੇ ਜੱਦੀ ਸ਼ਹਿਰ ਸੁਨਾਮ ਵਿਖੇ ਮਨਾਇਆ ਗਿਆ।
ਇਤਿਹਾਸ
13 ਮਾਰਚ 1940 ਨੂੰ ਸ਼ਹੀਦ ਊਧਮ ਸਿੰਘ ਨੇ ਲੰਡਨ ਦੇ ਕੈਕਸਟਨ ਹਾਲ ਵਿਚ ਬ੍ਰਿਟਿਸ਼ ਪੰਜਾਬ ਦੇ ਸਾਬਕਾ ਗਵਰਨਰ ਮਾਈਕਲ ਓਡਵਾਇਰ ਨੂੰ ਗੋਲੀ ਦਾ ਨਿਸ਼ਾਨਾ ਬਣਾ ਕੇ 1919 ਦਾ ਜਲਿਆਂਵਾਲੇ ਬਾਗ ਬਾਰੇ ਕੀਤਾ ਪ੍ਰਣ ਲੰਡਨ ਵਿਖੇ ਪੂਰਾ ਕੀਤਾ, ਜਿਸ ਨਾਲ ਬ੍ਰਿਟਿਸ਼ ਸਾਮਰਾਜ ਦਾ ਥੰਮ ਪੂਰੀ ਤਰ੍ਹਾਂ ਹਿਲ ਗਿਆ।
ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਜਨਕ ਰਾਜ ਮਹਿਰੋਕ (ਕੰਟਰੋਲਰ ਪ੍ਰੀਖਿਆਵਾਂ, ਪੰਜਾਬ ਸਕੂਲ ਸਿੱਖਿਆ ਬੋਰਡ )ਸਨ। ਇਸ ਪ੍ਰੋਗਰਾਮ ਵਿੱਚ ਪੰਜਾਬ, ਹਰਿਆਣਾ, ਯੂ.ਪੀ ਸੂਬਿਆਂ ਦੀਆਂ ਸ਼ਹੀਦ ਨਾਲ ਸਬੰਧਤ ਕਮੇਟੀਆਂ ਦੇ ਪਤਵੰਤੇ ਸ਼ਾਮਲ ਹੋਏ।
ਇਸ ਦੌਰਾਨ ``ਸ਼ਹੀਦ ਊਧਮ ਸਿੰਘ ਕੰਬੋਜ ਇੰਟਰਨੈਸਨਲ ਮਹਾਸਭਾ`` ਦਾ ਗਠਨ ਵੀ ਕੀਤਾ ਗਿਆ, ਜਿਸ ਵਿੱਚ ਸ਼ਹੀਦ ਊਧਮ ਸਿੰਘ ਦੇ ਵਾਰਸ ਪਰਿਵਾਰ ਵਿੱਚੋਂ ਹਰਦਿਆਲ ਸਿੰਘ ਕੰਬੋਜ ਨੂੰ ਸਰਬ ਸੰਮਤੀ ਨਾਲ ਪ੍ਰਧਾਨ, ਚੇਅਰਮੈਨ ਕੈਂਸਰ ਸਿੰਘ ਢੋਟ, ਸੁਭਾਸ਼ ਕੰਬੋਜ ਵਾਇਸ ਪ੍ਰਧਾਨ, ਜਸਮੇਰ ਕੰਬੋਜ ਸਕੱਤਰ, ਤਰਸੇਮ ਸਿੰਘ ਖਜਾਨਚੀ ਅਤੇ ਸਰਪ੍ਰਸਤੀ ਲਈ ਜਨਕ ਰਾਜ ਮਹਿਰੋਕ ਤੇ ਸਰਵ-ਸੰਮਤੀ ਬਣੀ।
ਇਹ ਕਮੇਟੀ ਸ਼ਹੀਦ ਉਧਮ ਸਿੰਘ ਦੀ ਆਨ-ਸ਼ਾਨ ਅਤੇ ਸ਼ਹੀਦ ਊਧਮ ਸਿੰਘ ਦੀ ਸੋਚ ਨੂੰ ਵੱਖ ਵੱਖ ਸੂਬਿਆਂ ਅਤੇ ਵੱਖ-ਵੱਖ ਦੇਸ਼ਾਂ ਦੇ ਕੋਨੇ ਤੱਕ ਪਹੁੰਚਾਉਣ ਦਾ ਪੁਰਜ਼ੋਰ ਯਤਨ ਕਰਦੇ ਰਹੇਗੀ।
ਇਸ ਮੌਕੇ ਮਹਿਰੋਕ ਨੇ ਐਲਾਨ ਕੀਤਾ ਕਿ ਜਿਸ ਬੱਚੇ ਦਾ 26 ਦਸੰਬਰ ਨੂੰ ਜਨਮ ਹੋਵੇ ਅਤੇ ਉਸ ਬੱਚੇ ਦਾ ਨਾਮ-ਕਰਨ ਊਧਮ ਸਿੰਘ ਜੇਕਰ ਰੱਖਿਆ ਜਾਂਦਾ ਹੈ, ਤਾਂ ਉਸ ਬੱਚੇ ਨੂੰ ਇਸ ਕਮੇਟੀ ਵੱਲੋਂ 5100 ਰੂ, ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਇਸ ਦੀ ਸ਼ੁਰੂਆਤ 25500/ ਰੁਪਏ ਦੇ ਚੈੱਕ ਨਾਲ ਕੀਤੀ ਗਈ ਜੋ ਕਿ ਕਮੇਟੀ ਮੈਬਰਾਂ ਦੇ ਸਪੁਰਦ ਕੀਤਾ ਗਿਆ ਅਤੇ ਇਸ ਨਾਮ ਦੇ ਲੋੜਵੰਦ ਵਿਦਿਆਰਥੀ ਲਈ ਮੈਟ੍ਰਿਕ ਅਤੇ ਹਾਇਰ ਐਜੂਕੇਸ਼ਨ ਤੱਕ ਦੀ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਮੁਫ਼ਤ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇਗਾ।
ਡਿਗਰੀ ਪੱਧਰ ਤੱਕ ਦੀ ਉਚੇਰੀ ਸਿੱਖਿਆ ਲਈ ਊਧਮ ਸਿੰਘ ਨਾਮ ਕਰਣ ਦੇ ਲੋੜਵੰਦ ਬੱਚੇ ਨੂੰ ਨੈਸ਼ਨਲ ਡਿਗਰੀ ਕਾਲਜ ਫਜ਼ਿਲਕਾ ਵੱਲੋਂ ਮੁਫ਼ਤ ਸਿੱਖਿਆ ਦੇਣ ਦੇ ਉਪਰਾਲੇ ਕੀਤੇ ਜਾਣਗੇ। ਇਸ ਇੰਟਰਨੈਸ਼ਨਲ ਕਮੇਟੀ ਨਾਲ ਆਲ ਇੰਡੀਆ ਅਤੇ ਵੱਖ ਵੱਖ ਦੇਸ਼ਾਂ ਤੋਂ ਹੋਰ ਮੈਂਬਰਾਂ ਨੂੰ ਵੀ ਜੋੜਿਆ ਜਾਵੇਗਾ।
ਇਸ ਮੌਕੇ ਡਾ: ਸੀ ਪੀ ਕੰਬੋਜ (ਪੰਜਾਬੀ ਯੂਨੀਵਰਸਿਟੀ ਪਟਿਆਲਾ), ਗਿਆਨੀ ਜੰਗੀਰ ਸਿੰਘ, ਰਜਨੀਸ਼ ਕੰਬੋਜ, ਰਾਜੂ ਕੰਬੋਜ, ਕੇਹਰ ਸਿੰਘ ਜੋਸਨ, ਮਲਕੀਤ ਸਿੰਘ, ਅਵਤਾਰ ਸਿੰਘ, ਕਰਨੈਲ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਕੰਬੋਜ, ਅਵਤਾਰ ਸਿੰਘ ਤਾਰੀ ਅਤੇ ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਗੁਲਸ਼ਨ ਕੁਮਾਰ ਅਤੇ ਐਡਵੋਕੇਟ ਪ੍ਰਭਦਿਆਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਕੰਬੋਜ ਭਾਈਚਾਰੇ ਦੇ ਸੈਂਕੜੇ ਪਤਵੰਤਿਆਂ ਤੋ ਇਲਾਵਾ ਬਾਕੀ ਅਹਿਮ ਸ਼ਖਸ਼ਿਅਤਾਂ ਨੇ ਵੀ ਸ਼ਮੂਲੀਅਤ ਕਰਨ ਦੇ ਨਾਲ ਹੀ ਉਹਨਾਂ ਦਾ ਮਾਨ-ਸਨਮਾਨ ਵੀ ਕਮੇਟੀ ਵੱਲੋਂ ਕੀਤਾ ਗਿਆ।
- PTC NEWS