Sat, May 18, 2024
Whatsapp

ਸਾਲ 2023 'ਚ ਦੇਸ਼ ਦੀਆਂ ਇਨ੍ਹਾਂ ਘਟਨਾਵਾਂ ਨੇ ਬਟੋਰੀਆਂ ਸੁਰਖੀਆਂ, ਇੱਥੇ ਜਾਣੋ

Written by  Jasmeet Singh -- December 28th 2023 03:37 PM
ਸਾਲ 2023 'ਚ ਦੇਸ਼ ਦੀਆਂ ਇਨ੍ਹਾਂ ਘਟਨਾਵਾਂ ਨੇ ਬਟੋਰੀਆਂ ਸੁਰਖੀਆਂ, ਇੱਥੇ ਜਾਣੋ

ਸਾਲ 2023 'ਚ ਦੇਸ਼ ਦੀਆਂ ਇਨ੍ਹਾਂ ਘਟਨਾਵਾਂ ਨੇ ਬਟੋਰੀਆਂ ਸੁਰਖੀਆਂ, ਇੱਥੇ ਜਾਣੋ

Year Ender 2023 - Major news events: ਸਾਲ 2023 ਵਿੱਚ ਦੇਸ਼ ਕੁੱਝ ਅਜਿਹੀਆਂ ਘਟਨਾਵਾਂ ਦਾ ਗਵਾਹ ਬਣਿਆ, ਜੋ ਇਤਿਹਾਸ ਵਿੱਚ ਦਰਜ ਹੋਣ ਦਾ ਦਮ ਰੱਖਦੀਆਂ ਹਨ। ਇਸਦੇ ਨਾਲ ਹੀ ਇਸ ਸਾਲ 'ਚ ਸਿਆਸੀ ਜਗਤ ਵਿੱਚ ਵੀ ਵੱਡੀ ਹਲਚਲ ਵੇਖਣ ਨੂੰ ਮਿਲੀ ਤਾਂ ਦੂਸਰੇ ਪਾਸੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਕੁਝ ਅਜਿਹੀਆਂ ਘਟਨਾਵਾਂ ਕੁਝ ਅਜਿਹੇ ਮਸਲੇ ਸਾਹਮਣੇ ਆਏ ਹਨ। ਜਿੰਨ੍ਹਾਂ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿਚਿੱਆ।


ਭਾਜਪਾ ਵੱਲੋਂ ਚੋਣਾਂ ਵਿੱਚ ਵੱਡੀ ਜਿੱਤ 

ਗੱਲ ਦੇਸ਼ ਦੀ ਸਿਆਸਤ ਦੀ ਕਰੀਏ ਤਾਂ 5 ਸੂਬੇ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ਵਿੱਚ ਵਿਧਾਨਸਭਾ ਚੋਣਾਂ ਹੋਈਆਂ। ਜਿੰਨਾਂ 'ਚ ਸਾਰੀਆਂ ਹੀ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਤੇ ਇੰਨ੍ਹਾਂ ਚੋਣਾਂ 'ਚ ਭਾਜਪਾ ਵੱਲੋਂ ਵੱਡੀ ਜਿੱਤ ਹਾਸਲ ਕੀਤੀ ਗਈ ਹੈ। ਤਿੰਨ ਸੂਬੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਗਈ ਹੈ। ਜਦਕਿ ਕਾਂਗਰਸ ਨੂੰ ਤੇਲੰਗਾਨਾ 'ਚ ਜਿੱਤ ਹਾਸਲ ਹੋਈ ਹੈ। ਭਾਜਪਾ ਇੰਨ੍ਹਾਂ ਚੋਣਾਂ 'ਚ ਲੱਗੀ ਹੈਟ੍ਰਿਕ ਨੂੰ 2024 ਦੀ ਗਾਰੰਟੀ ਮੰਨ ਰਹੀ ਹੈ। ਜਦਕਿ ਕਾਂਗਰਸ ਵੱਲੋਂ ਚੋਣਾਂ 'ਚ ਮਿਲੀ ਹਾਰ ਨੂੰ ਸਵੀਕਾਰਦਿਆਂ ਵਿਚਾਰਧਾਰਾ ਦੀ ਲੜਾਈ ਜਾਰੀ ਰੱਖਣ ਦਾ ਗੱਲ ਕਹੀ ਗਈ ਹੈ।

ਦੂਜੇ ਦੇਸ਼ਾਂ ਦੇ ਆਗੂ ਪਹੁੰਚੇ ਭਾਰਤ 

ਦੂਜੇ ਪਾਸੇ ਦੇਸ਼ 'ਚ ਹੋਇਆ ਜੀ 20 ਸੰਮੇਲਨ ਭਾਰਤ ਲਈ ਵੱਡੇ ਪਲ ਹੋ ਨਿਬੜਿਆ ਕਿਉਂਕਿ ਦੁਨੀਆ ਦੀਆਂ ਵੱਡੀਆਂ ਤਾਕਤਾਂ ਮੰਨੇ ਜਾਂਦੇ ਅਮਰੀਕਾ, ਕੈਨੇਡਾ, ਬ੍ਰਿਟੇਨ ਤੇ ਹੋਰ ਦੇਸ਼ਾਂ ਦਾ ਆਗੂ ਭਾਰਤ ਪਹੁੰਚੇ। ਜਿੰਨ੍ਹਾਂ ਦੇ ਸਵਾਗਤ ਲਈ ਮੋਦੀ ਸਰਕਾਰ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ। ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। 9 ਅਤੇ 10 ਸਤੰਬਰ ਨੂੰ ਹੋਏ ਇਸ ਸੰਮੇਲਨ ਦੌਰਾਨ ਦੁਨੀਆ ਪੱਧਰ ਦੇ ਕਈ ਅਹਿਮ ਮਸਲਿਆਂ ਤੇ ਚਰਚਾਵਾਂ ਕੀਤੀਆਂ ਗਈਆਂ।

ਤਕਨਾਲੋਜੀ 'ਚ ਭਾਰਤ ਨੇ ਮਾਰੀਆਂ ਮੱਲ੍ਹਾਂ

ਇਸ ਸਾਲ ਭਾਰਤ ਨੇ ਕਈ ਉਪਲਬਧੀਆਂ ਵੀ ਹਾਸਲ ਕੀਤੀਆਂ, ਜਿਨ੍ਹਾਂ ਵਿੱਚੋਂ ਚੰਦਰਯਾਨ-3 ਮਿਸ਼ਨ ਇੱਕ ਹੈ। ਇਸਰੋ ਭਾਰਤ ਵੱਲੋਂ ਚੰਨ 'ਤੇ ਪਹੁੰਚ ਕੇ ਇਤਿਹਾਸ ਰਚਿਆ ਗਿਆ, ਜਿਸ ਤੋਂ ਬਾਅਦ ਦੇਸ਼ ਅਤੇ ਦੁਨੀਆ ਭਰ ਵਿੱਚ ਰਹਿੰਦੇ ਭਾਰਤੀਆਂ ਵੱਲੋਂ ਭਾਰਤ ਦੇ ਚੰਦਰਯਾਨ-3 ਮਿਸ਼ਨ ਦੀ ਸਫਲਤਾ ਦਾ ਜਸ਼ਨ ਮਨਾਇਆ ਗਿਆ। ਇਸਰੋ ਦੇ ਇਸ ਸਫਲ ਮਿਸ਼ਨ ਤੋਂ ਬਾਅਦ ਪੂਰੀ ਦੁਨੀਆ ਵੱਲੋਂ ਭਾਰਤ ਦੀ ਤਾਰੀਫ ਕੀਤੀ ਗਈ। 

ਦੇਸ਼ ਦੀ ਅਬਾਦੀ ਨੇ ਚੀਨ ਨੂੰ ਪਛਾੜਿਆ

ਇਸਦੇ ਨਾਲ ਹੀ ਭਾਰਤ ਨੇ ਅਪ੍ਰੈਲ ਵਿੱਚ ਇੱਕ ਹੋਰ ਰਿਕਾਰਡ ਵੀ ਆਪਣੇ ਨਾਮ ਕੀਤਾ ਗਿਆ ਹੈ। ਦਰਅਸਲ ਭਾਰਤ ਆਬਾਦੀ ਦੇ ਮਾਮਲੇ ਵਿੱਚ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। 

ਇਹ ਵੀ ਪੜ੍ਹੋ: Year Ender 2023: ਸਾਲ 2023 'ਚ ਕਿਹੜੀਆਂ-ਕਿਹੜੀਆਂ ਸੀਰੀਜ਼ ਸੁਰਖੀਆਂ 'ਚ ਰਹੀਆਂ, ਇੱਥੇ ਜਾਣੋ

ਨਵੀਂ ਸੰਸਦ ਦੀ ਸੁਰਖਿਆ 'ਚ ਕੁਤਾਹੀ ਦਾ ਮਾਮਲਾ

ਸਾਲ 2023 'ਚ ਕਈ ਘਟਨਾਵਾਂ ਵੀ ਸਾਹਮਣੇ ਆਈਆਂ। ਜਿੰਨ੍ਹਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਸਾਲ ਦੇ ਆਖੀਰ 'ਚ ਦੇਸ਼ ਦੀ ਸਭ ਤੋਂ ਵੱਡੀ ਘਟਨਾ ਹੋਈ ਜਿਸਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ ਹੈ। 13 ਦਸੰਬਰ 2023 ਨੂੰ 1 ਵੱਜ ਕੇ 12 ਮਿੰਟ ਤੇ ਦੇਸ਼ ਦੀ ਅੱਤ ਸੁਰੱਖਿਅਤ ਮੰਨੀ ਜਾਂਦੀ ਸੰਸਦ 'ਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਦਰਸ਼ਕ ਗੈਲਰੀ ਚੋਂ 2 ਨੌਜਵਾਨ ਸੰਸਦ ਦੇ ਅੰਦਰ ਦਾਖਲ ਹੋ ਗਏ ਸਨ। ਜਿੰਨ੍ਹਾਂ ਵੱਲੋਂ ਜੰਮਕੇ ਹੰਗਾਮਾ ਕੀਤਾ ਗਿਆ। ਇਸ ਦੌਰਾਨ ਇੱਕ ਨੌਜਵਾਨ ਨੇ ਆਪਣੇ ਬੂਟ 'ਚੋਂ ਲੁਕੋਇਆ ਸਮੋਕ ਕੰਟੇਨਰ ਕੱਢਿਆ ਤੇ ਸੰਸਦ ਅੰਦਰ ਪੀਲੇ ਰੰਗ ਦਾ ਧੂੰਆਂ ਛੱਡ ਦਿੱਤਾ। ਜਿਸ ਕਾਰਨ ਸੰਸਦ  'ਚ ਹੜਕੰਪ ਮੱਚ ਗਿਆ। ਇਸ ਘਟਨਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਇਸ ਦੌਰਾਨ ਹੀ ਕੁਝ ਲੋਕਾਂ ਵੱਲੋਂ ਸੰਸਦ ਦੇ ਬਾਹਰ ਵੀ ਜੰਮਕੇ ਹੰਗਾਮਾ ਕੀਤਾ ਗਿਆ। ਜਿੰਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਇਸ ਮਾਮਲੇ 'ਚ ਅਜੇ ਵੀ ਪੁਲਿਸ ਅਤੇ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਹਰਿਆਣਾ ਦੇ ਨੂਹ 'ਚ ਭੜਕੇ ਦੰਗੇ 

ਇਸ ਦੇ ਨਾਲ ਹੀ ਇੱਕ ਹੋਰ ਵੱਡੀ ਘਟਨਾ ਹਰਿਆਣਾ ਦੇ ਨੂਹ 'ਚ ਹੋਈ। ਇਸ ਘਟਨਾ ਦੀ ਚਰਚਾ ਦੇਸ਼ 'ਚ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਹੋਈ। ਕਈ ਦੇਸ਼ਾਂ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ। ਦੱਸ ਦਈਏ ਕਿ 31 ਜੁਲਾਈ 2023 ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਵੱਲ਼ੋਂ ਹਰਿਆਣਾ ਦੇ ਨੂਹ 'ਚ ਧਾਰਮਿਕ ਯਾਤਰਾ ਕੱਢੀ ਗਈ ਸੀ। ਇਸ ਯਾਤਰਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬਜਰੰਗ ਦਲ ਦੇ ਵਰਕਰਾਂ ਅਤੇ ਸ਼ਰਧਾਲੂਆਂ ਵੱਲੋਂ ਹਿੱਸਾ ਲਿਆ ਗਿਆ ਸੀ। ਜਦੋਂ ਇਹ ਯਾਤਰਾ ਨੂਹ ਦੇ ਮੰਦਰ ਤੋਂ ਅੱਗੇ ਵਧੀ ਤਾਂ ਕੁਝ ਮਾੜੇ ਅਨਸਰਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਪੱਥਰਬਾਜ਼ੀ ਤੋਂ ਬਾਅਦ ਇਹ ਮਾਰਚ ਹੌਲੀ-ਹੌਲੀ ਹਿੰਸਾ ਵਿੱਚ ਬਦਲ ਗਿਆ। ਇਸ ਤੋਂ ਬਾਅਦ ਹਰਿਆਣਾ ਦੇ ਕਈ ਹਿੱਸਿਆਂ 'ਚ ਹਿੰਸਕ ਘਟਨਾਵਾਂ ਹੋਈਆਂ ਤੇ ਕਈ ਦਿਨ੍ਹਾਂ ਤੱਕ ਇਹ ਸਿਲਸਿਲਾ ਚੱਲਦਾ ਰਿਹਾ।

ਮਨੀਪੁਰ ਦੀ ਘਟਨਾ ਨੇ ਵਿਸ਼ਵ ਪੱਧਰ 'ਤੇ ਦੇਸ਼ ਨੂੰ ਕੀਤਾ ਸ਼ਰਮਸਾਰ

ਅਜਿਹੀ ਹੀ ਇੱਕ ਵੱਡੀ ਰੂੰਹ ਕੰਬਾ ਦੇਣ ਵਾਲੀ ਘਟਨਾ ਮਨੀਪੁਰ 'ਚ ਵੀ ਹੋਈ। ਜਿੱਥੇ ਲੋਕਾਂ ਦੀ ਵੱਡੀ ਭੀੜ ਵੱਲੋਂ ਦੋ ਮਹਿਲਾਵਾਂ ਨੂੰ ਨਗਨ ਕਰ ਘੁੰਮਾਇਆ ਗਿਆ। ਇਸ ਘਟਨਾ ਦੀ ਪੂਰੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਜਿਸ ਤੋਂ ਬਾਅਦ ਇਲਾਕੇ 'ਚ ਹਿੰਸਕ ਘਟਨਾਵਾਂ ਸ਼ੁਰੂ ਹੋ ਗਈਆਂ। ਹਿੰਸਾ ਤੋਂ ਬਾਅਦ ਇੰਟਰਨੈੱਟ 'ਤੇ ਪਾਬੰਦੀ ਲਗਾ ਦਿੱਤੀ ਗਈ, ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ।

ਸਾਬਕਾ ਗੈਂਗਸਟਰ ਦਾ ਮੀਡੀਆ ਸਾਹਮਣੇ ਕਤਲ 

ਸਾਲ 2023 ਦੇ ਅਪ੍ਰੈਲ ਮਹੀਨੇ 'ਚ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਇੱਕ ਵੱਡੀ ਘਟਨਾ ਵਾਪਰੀ। ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਦੀਆਂ ਖ਼ਬਰਾਂ ਨੇ ਕਾਫੀ ਸੁਰਖੀਆਂ ਬਟੋਰੀਆਂ। ਅਸਲ 'ਚ ਦੋਵਾਂ ਨੂੰ ਮੀਡੀਆ ਦੇ ਸਾਹਮਣੇ ਲਾਈਵ ਗੋਲੀ ਮਾਰ ਭੁੰਨ ਦਿੱਤਾ ਗਿਆ ਸੀ। ਹਾਲਾਂਕਿ ਮੁਲਜ਼ਮਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਫਿਲਹਾਲ ਇਸ ਮਾਮਲੇ 'ਚ ਪੁਲਿਸ ਵੱਲੋਂ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: After Breakup Tips: ਜਿਸ ਨੂੰ ਆਪਣੀਆਂ ਅਰਦਾਸਾਂ 'ਚ ਮੰਗਿਆ; ਉਸੇ ਨੂੰ ਭੁਲਾਉਣ ਦੀ ਆਨ ਖਲੋਤੀ ਮੁਸ਼ਕਲ

ਵੱਡਾ ਟਰੇਨ ਹਾਦਸਾ 

ਇੰਨ੍ਹਾਂ ਘਟਨਾਵਾਂ ਤੋਂ ਇਲਾਵਾ ਦੇਸ਼ 'ਚ ਕਈ ਵੱਡੇ ਹਾਦਸੇ ਵੀ ਹੋਏ ਜਿਸ ਕਾਰਨ ਦੇਸ਼ ਨੂੰ ਵੱਡਾ ਜਾਨੀ ਤੇ ਮਾਲੀ ਨੁਕਸਾਨ ਸਾਹਮਣਾ ਕਰਨਾ ਪਿਆ। ਜੂਨ ਦੀ ਸ਼ੁਰੂਆਤ ਦੇਸ਼ ਲਈ ਬਹੁਤ ਦੁਖਦਾਈ ਰਹੀ। ਦਰਅਸਲ 2 ਜੂਨ ਨੂੰ ਓਡੀਸ਼ਾ ਵਿੱਚ ਚੇਨਈ ਜਾ ਰਹੀ ਕੋਰੋਮੰਡਲ ਐਕਸਪ੍ਰੈਸ ਐਸ.ਐਮ.ਵੀ.ਟੀ. ਬੈਂਗਲੁਰੂ-ਹਾਵੜਾ ਐਕਸਪ੍ਰੈਸ ਅਤੇ ਇੱਕ ਮਾਲ ਗੱਡੀ ਵਿੱਚ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਜਿਸ ਵਿੱਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਕਰੀਬ 300 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 850 ਲੋਕ ਜ਼ਖਮੀ ਹੋ ਗਏ ਸਨ।

17 ਦਿਨਾਂ ਲਈ ਸੁਰੰਗ 'ਚ ਫਸੇ 41 ਮਜ਼ਦੂਰ 

ਇੱਕ ਪਾਸੇ ਜਦੋਂ ਪੂਰਾ ਦੇਸ਼ ਦੀਵਾਲੀ ਦਾ ਤਿਉਹਾਰ ਮਨਾ ਰਿਹਾ ਸੀ ਤਾਂ ਉਸ ਸਮੇਂ ਉੱਤਰਾਖੰਡ ਦੀ ਸਿਲਕਿਆਰਾ ਸੁਰੰਗ 'ਚ 41 ਮਜ਼ਦੂਰ ਡਿੱਗਣ ਕਾਰਨ ਫਸ ਗਏ ਸਨ ਅਤੇ ਕਈ ਦਿਨ ਜਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਰਹੇ। ਦਰਅਸਲ, ਇਕ ਪ੍ਰੋਜੈਕਟ 'ਤੇ ਕੰਮ ਕਰ ਰਹੇ 41 ਮਜ਼ਦੂਰ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ 'ਤੇ ਗਏ ਸਨ ਪਰ ਬਦਕਿਸਮਤੀ ਨਾਲ ਜ਼ਮੀਨ ਖਿਸਕਣ ਕਾਰਨ 41 ਮਜ਼ਦੂਰ ਸੁਰੰਗ 'ਚ ਫਸ ਗਏ ਸਨ। ਜਿੰਨਾਂ ਨੂੰ ਕਰੀਬ 17 ਦਿਨਾਂ ਬਾਅਦ ਸੁਰੱਖਿਅਤ ਬਾਹਰ ਕੱਢਿਆ ਗਿਆ।

ਭਾਰਤ ਨੂੰ ਝੱਲਣੀ ਪਈ ਕੁਦਰਤੀ ਮਾਰ

ਇਸ ਸਾਲ ਭਾਰਤ ਨੂੰ ਕੁਦਰਤੀ ਮਾਰ ਵੀ ਝੱਲਣੀ ਪਈ। ਕਈ ਸੂਬਿਆਂ ਸਮੇਤ ਹਿਮਾਚਲ ਪ੍ਰਦੇਸ਼ 'ਚ ਭਾਰੀ ਤਬਾਹੀ ਦਾ ਮੰਜਰ ਦੇਖਣ ਨੂੰ ਮਿਲਿਆ। ਹੜ੍ਹਾ ਕਾਰਨ ਪੂਰੇ ਸੂਬੇ 'ਚ ਚਾਰੇ ਪਾਸੇ ਤਬਾਹੀ ਹੀ ਤਬਾਹੀ ਮੱਚ ਗਈ। ਇਸ ਤਬਾਹੀ ਕਾਰਨ ਵੱਡੀ ਗਿਣਤੀ 'ਚ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ। ਨਾਲ ਹੀ ਸੈਰ-ਸਪਾਟਾ ਸਥਾਨ ਦੀ ਸੁੰਦਰਤਾ ਨੂੰ ਵੀ ਤਹਿਸ ਨਹਿਸ ਕਰ ਦਿੱਤਾ। ਜਿਸ ਕਾਰਨ ਸਰਕਾਰ ਕਰੋੜਾਂ ਦੀ ਜਾਇਦਾਦ ਤਬਾਹ ਹੋ ਗਈ। ਸਰਕਾਰੀ ਅਨੁਮਾਨਾਂ ਮੁਤਾਬਕ ਸੂਬੇ ਨੂੰ ਲਗਭਗ 12,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹੈ। ਜਿਸ ਦੀ ਭਰਪਾਈ ਅਜੇ ਵੀ ਕੀਤੀ ਜਾ ਰਹੀ ਹੈ।

ਭਾਰਤੀ ਕੁਸ਼ਤੀ ਸੰਘ ਦੇ ਮੁਖੀ ਨੂੰ ਲੈ ਕੇ ਭੜਕਿਆ ਵਿਵਾਦ

ਇਸਦੇ ਨਾਲ ਹੀ ਇੱਕ ਹੋਰ ਮਾਮਲਾ ਜੋ ਅਜੇ ਵੀ ਕਿਸੇ ਤਣ ਪੱਤਣ ਲੱਗਦਾ ਦਿਖਾਈ ਨਹੀਂ ਦੇ ਰਿਹਾ। ਉਹ ਹੈ ਭਾਰਤ ਦੇ ਕੁਸ਼ਤੀ ਸੰਘ ਦਾ, ਜੀ ਹਾਂ ਭਾਰਤ ਦੀਆਂ ਕਈ ਨਾਮੀ ਮਹਿਲਾ ਪਹਿਲਵਾਨਾਂ ਵੱਲੋਂ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜਭੂਸ਼ਣ ਸ਼ਰਨ ਸਿੰਘ ਦਾ ਸਖ਼ਤ ਵਿਰੋਧ ਕੀਤਾ ਗਿਆ ਸੀ। ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਇਸ ਦੌਰਾਨ ਉਨ੍ਹਾਂ ਦੀ ਮੰਗ ਸੀ ਕਿ ਬ੍ਰਿਜ ਭੂਸ਼ਣ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਅਤੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਸਾਲ ਦੇ ਸ਼ੁਰੂਆਤੀ ਮਹੀਨੇ ਤੋਂ ਸ਼ੁਰੂ ਹੋਇਆ ਇਹ ਮਾਮਲਾ ਅਜੇ ਵੀ ਸੁਰਖੀਆਂ 'ਚ ਹੈ। ਵਿਰੋਧ ਦੇ ਚੱਲਦੇ ਕੁਸ਼ਤੀ ਸੰਘ ਦਾ ਨਵਾਂ ਪ੍ਰਧਾਨ ਸੰਜੇ ਸਿੰਘ ਨੂੰ ਚੁਣਿਆ ਗਿਆ ਸੀ। ਜੋ ਬ੍ਰਿਜਭੂਸ਼ਣ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਹੈ। ਪਰ ਇਸ ਪਹਿਲਵਾਨ ਸ਼ਾਕਸੀ ਮਲਿਕ ਵੱਲੋਂ ਇਸਦਾ ਵੀ ਸਖਤ ਵਿਰੋਧ ਕੀਤਾ ਗਿਆ ਤੇ ਸਨਿਆਨ ਲੈਣ ਦਾ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਹੁਣ ਕੁਸ਼ਤੀ ਸੰਘ ਦੇ ਨਵੇਂ ਪ੍ਰਧਾਨ ਦੀ ਨਵੀਂ ਟੀਮ ਦੀ ਮਾਨਤਾ ਵੀ ਰੱਦ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Parenting Tips: ਆਪਣੇ ਬੱਚਿਆਂ ਨਾਲ ਅਜਿਹਾ ਕਰਨ ਵਾਲੀਆਂ ਮਾਵਾਂ ਹੁੰਦੀਆਂ ਮਤਲਬੀ

-

  • Tags

Top News view more...

Latest News view more...

LIVE CHANNELS
LIVE CHANNELS