ਰੂਹਾਨੀ ਅਜ਼ਮਤ ਦੇ ਮਾਲਕ : ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਬਾਲਾ ਪ੍ਰੀਤਮ, ਅੱਠਵੇਂ ਨਾਨਕ ਨੂਰ, ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ 7 ਜੁਲਾਈ 1656 ਈ ਨੂੰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਪਤਮ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗ੍ਰਹਿ ਹੋਇਆ। ਗੁਰਸਿਖ ਮਾਹੌਲ ਵਿੱਚ ਆਪਣਾ ਜੀਵਨ ਬਸਰ ਕਰਦਿਆਂ ਜਦ ਛੇ ਵਰ੍ਹਿਆਂ ਦੇ ਹੋਏ ਤਾਂ 7 ਅਕਤੂਬਰ 1661 ਈ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਮਿਲੀ। ਗੁਰਿਆਈ ਦੀ ਸੇਵਾ ਨੂੰ ਪਰਿਵਾਰਕ ਵਿਰਾਸਤ ਜਾਣ ਗੁਰੂ ਸਾਹਿਬ ਦੇ ਵੱਡੇ ਭਰਾ ਰਾਮਰਾਇ ਨੇ ਇਸ ਦੀ ਵਿਰੋਧਤਾ ਕਰਦਿਆਂ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਪਾਸ ਸ਼ਿਕਾਇਤ ਕੀਤੀ।
ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਜ਼ਾਹਰ ਕਰਦਿਆਂ ਦਿੱਲੀ ਮਿਲਣ ਦਾ ਪੈਗਾਮ ਭੇਜਿਆ। ਤਦ ਗੁਰੂ ਸਾਹਿਬ ਨੇ ਆਪਣੇ ਪਿਤਾ ਗੁਰੂ ਦੇ ਫੁਰਮਾਨ ਨੂੰ ਪੂਰਾ ਕਰਦਿਆਂ ਔਰੰਗਜ਼ੇਬ ਨੂੰ ਮਿਲਣ ਤੋਂ ਸੰਕੋਚ ਕੀਤਾ। ਦਿੱਲੀ ਦੀ ਸੰਗਤ ਦੀ ਬੇਨਤੀ ਪੁਰ ਜਦ ਅੱਠਵੇਂ ਨੂਰ ਨੇ ਦਿੱਲੀ ਰਾਇਸੀਨਾ ਵਿਖੇ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਕਿਆਮ ਕੀਤਾ ਤਾਂ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਪੁੱਤਾਂ ਨੂੰ ਗੁਰੂ ਸਾਹਿਬ ਪਾਸ ਭੇਜਦਿਆਂ ਸਾਰੀ ਸਥਿਤੀ ਦੀ ਜਾਣਕਾਰੀ ਪ੍ਰਾਪਤ ਕੀਤੀ।
ਗੁਰੂ ਸਾਹਿਬ ਦੀ ਰੂਹਾਨੀ ਅਜ਼ਮਤ ਤੇ ਇਲਮ ਦਾ ਬਾਦਸ਼ਾਹ ਮੁਰੀਦ ਹੋ ਗਿਆ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਿੱਲੀ ਆਗਮਨ ਦੀ ਖੁਸ਼ੀ ਵਿੱਚ ਸੰਗਤ ਚਾਅ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਪੁੱਜਣ ਲੱਗੀ । ਦਿੱਲੀ ਨਿਵਾਸ ਦੌਰਾਨ ਜਦ ਚੇਚਕ ਦੀ ਗੰਭੀਰ ਬਿਮਾਰੀ ਫੈਲ ਗਈ ਤਾਂ ਗੁਰੂ ਸਾਹਿਬ ਨੇ ਹੱਥੀਂ ਸੇਵਾ ਕਰਦਿਆਂ ਸੰਗਤ ਨੂੰ ਜਾਗਰੂਕ ਕੀਤਾ।
ਆਪਣਾ ਅੰਤਿਮ ਸਮਾਂ ਜਾਣਦਿਆਂ ਗੁਰੂ ਸਾਹਿਬ ਨੇ ਬਾਂਹ ਉਲਾਰ ਕੇ 'ਬਾਬਾ ਬਕਾਲਾ' ਆਖ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੌਂਪਣਾ ਕੀਤੀ। ਇਹ ਵਾਰਤਾ 30 ਮਾਰਚ 1664 ਈ ਦੀ ਹੈ । ਅੱਠਵੇਂ ਨਾਨਕ ਨੂਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਰੂਹਾਨੀ ਅਜ਼ਮਤ, ਮਿਹਰਦਿਲੀ, ਸੱਚਾਈ ਅਤੇ ਰੱਬੀ ਨਿਆਮਤ ਦੀ ਗਵਾਹੀ ਭਰਦੀ ਹੈ।
-PTC News