ਪੰਜਾਬ ਸਰਕਾਰ ਵੱਲੋਂ ਸਰਕਾਰੀ ਮੈਡੀਕਲ ਕਾਲਜਾਂ ਵਾਸਤੇ 400 ਨਰਸਾਂ ਅਤੇ 140 ਟੈਕਨੀਸ਼ੀਅਨ ਦੀ ਭਰਤੀ ਦੇ ਹੁਕਮ  

By Shanker Badra - April 23, 2021 9:04 pm

ਚੰਡੀਗੜ੍ਹ : ਕੋਵਿਡ ਵਿਚ ਵਾਧੇ ਦੇ ਮੱਦੇਨਜ਼ਰ ਸੂਬੇ ਦੀਆਂ ਸਿਹਤ ਸਮਰੱਥਾਵਾਂ ਮਜ਼ਬੂਤ ਕਰਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਮੈਡੀਕਲ ਕਾਲਜਾਂ ਵਿਚ 400 ਨਰਸਾਂ ਅਤੇ 140 ਟੈਕਨੀਸ਼ੀਅਨਾਂ ਦੀ ਫੌਰੀ ਭਰਤੀ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸੂਬੇ ਵਿਚ ਮੈਡੀਕਲ ਕਾਲਜਾਂ ਦੇ ਪ੍ਰਵਾਨਿਤ/ਪ੍ਰਗਤੀ ਅਧੀਨ ਪ੍ਰਾਜੈਕਟਾਂ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਕਿ ਮੈਡੀਕਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਪੰਜਾਬ ਪਿੱਛੇ ਨਾ ਰਹੇ।

ਪੜ੍ਹੋ ਹੋਰ ਖ਼ਬਰਾਂ : ਮਹਾਰਾਸ਼ਟਰ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ਵਾਰਡ 'ਚ ਲੱਗੀ ਅੱਗ ,13 ਮਰੀਜ਼ਾਂ ਦੀ ਮੌਤ

ਮੁੱਖ ਮੰਤਰੀ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀਡੀਓ ਕਾਨਫਰੰਸਿੰਗ ਮੀਟਿੰਗ ਦੌਰਾਨ ਮੁੱਦੇ ਨੂੰ ਉਠਾਇਆ ਸੀ, ਨੇ ਕਿਹਾ ਕਿ ਉਹ ਛੇਤੀ ਹੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਪੰਜਾਬ ਵਿਚ ਨਾਗਰਿਕਾਂ ਨੂੰ ਕੋਵਿਡ ਬੈੱਡ ਮੁਹੱਈਆ ਕਰਵਾਉਣ ਲਈ ਮਿਲਟਰੀ ਹਸਪਤਾਲਾਂ ਅਤੇ ਪੀ.ਜੀ.ਆਈ. ਸੈਟੇਲਾਈਟਾਂ ਸੈਂਟਰਾਂ ਨੂੰ ਹਦਾਇਤਾਂ ਦੇਣ ਦੀ ਮੰਗ ਕਰਨਗੇ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਇਸ ਉਦੇਸ਼ ਲਈ ਆਰਜੀ ਢਾਂਚੇ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਭਰਤੀ ਮੁਹਿੰਮ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਪੁਨਰਗਠਨ ਤੋਂ ਬਾਅਦ ਪ੍ਰਵਾਨਿਤ 900 ਅਸਾਮੀਆਂ ਵਿਚੋਂ  ਪਹਿਲੇ ਪੜਾਅ ਵਿਚ ਨਰਸਾਂ ਦੀਆਂ ਸੇਵਾਵਾਂ ਹਾਸਲ ਕਰਨ ਲਈ 400 ਅਸਾਮੀਆਂ ਤੁਰੰਤ ਭਰੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਟੈਕਨੀਸ਼ੀਅਨਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਨੂੰ ਬਣਦੀ ਮਹੱਤਤਾ ਦੇਣੀ ਚਾਹੀਦੀ ਹੈ ਜੋ ਪਹਿਲਾਂ ਹੀ ਪੰਜਾਬ ਸਰਕਾਰ ਕੋਲ ਠੇਕੇ ਦੇ ਆਧਾਰ ਉਤੇ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰੀ ਦੀ ਪ੍ਰਵਾਨਗੀ ਨਾਲ ਮਲੇਰਕੋਟਲਾ ਅਤੇ ਗੁਰਦਾਸਪੁਰ ਵਿਖੇ ਮੈਡੀਕਲ ਕਾਲਜ ਸਥਾਪਤ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਸੰਗਰੂਰ ਵਿਖੇ ਪੀ.ਜੀ.ਆਈ. ਸੈਟੇਲਾਈਟ ਸੈਂਟਰ ਵੀ ਸ਼ੁਰੂ ਹੋ ਜਾਵੇਗਾ ਜਦਕਿ ਫਿਰੋਜ਼ਪੁਰ ਵਿਖੇ ਪੀ.ਜੀ.ਆਈ. ਦੇ ਸੈਟੇਲਾਈਟ ਸੈਂਟਰ ਦੀ ਉਸਾਰੀ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿਖੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੌਜੀ ਦੀ ਸਥਾਪਨਾ ਕਰਨ ਲਈ ਆਈ.ਸੀ.ਐਮ.ਆਰ., ਨਵੀਂ ਦਿੱਲੀ ਪਾਸੋਂ ਹਾਲ ਹੀ ਵਿਚ ਮਨਜੂਰੀ ਪ੍ਰਾਪਤ ਹੋਈ ਹੈ।

ਇਸ ਵੇਲੇ ਸੂਬੇ ਵਿਚ 2 ਯਨੀਵਰਸਿਟੀਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਅਤੇ ਗੁਰੂ ਰਵਿਦਾਸ ਆਯੂਰਵੇਦਾ ਯੂਨੀਵਰਸਿਟੀ, ਹੁਸ਼ਿਆਰਪੁਰ ਹਨ। ਇਸ ਤੋਂ ਇਲਾਵਾ ਤਿੰਨ ਸਰਕਾਰੀ ਮੈਡੀਕਲ ਕਾਲਜ, ਦੋ ਸਰਕਾਰੀ ਡੈਂਟਲ ਕਾਲਜ ਅਤੇ ਇਕ ਸਰਕਾਰੀ ਆਯੂਵੇਦਿਕ ਕਾਲਜ ਅਤੇ 12 ਨਰਸਿੰਗ ਸਕੂਲ/ਕਾਲਜ ਹਨ। ਇਸੇ ਤਰ੍ਹਾਂ ਵੱਖ-ਵੱਖ ਡਾਕਟਰਾਂ, ਫਾਰਮਾਸਿਸਟਾਂ ਅਤੇ ਨਰਸਾਂ ਦੀ ਰਜਿਸਟ੍ਰੇਸ਼ਨ ਲਈ ਛੇ ਕੌਂਸਲਾਂ ਹਨ।

ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਗੰਗਾਰਾਮ ਹਸਪਤਾਲ 'ਚ 24 ਘੰਟਿਆਂ 'ਚ 25 ਮਰੀਜ਼ਾਂ ਦੀ ਹੋਈ ਮੌਤ 

ਪਿਛਲੇ ਇਕ ਸਾਲ ਦੌਰਾਨ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਵਿਭਾਗ ਵੱਲੋਂ ਕੀਤੀਆਂ ਪਹਿਲਕਦਮੀਆਂ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿਚ 1498 ਆਈਸੋਲੇਸ਼ਨ ਬੈੱਡ ਮੁਹੱਈਆ ਕਰਵਾਏ ਗਏ ,ਜਿਨ੍ਹਾਂ ਵਿਚੋਂ 361 ਆਈਸੀਯੂ ਬੈੱਡ ਹਨ। ਇਸ ਤੋਂ ਇਲਾਵਾ 7 ਵੀ.ਆਰ.ਡੀ.ਐਲ. ਲੈਬਜ਼ ਵਿੱਚ ਹੁਣ ਰੋਜ਼ਾਨਾ 35,000 ਆਰਟੀ-ਪੀਸੀਆਰ ਟੈਸਟ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਲਗਭਗ 54 ਲੱਖ ਟੈਸਟ ਕੀਤੇ ਜਾ ਚੁੱਕੇ ਹਨ। ਤਿੰਨ ਮੈਡੀਕਲ ਕਾਲਜਾਂ ਵਿੱਚ ਪਲਾਜ਼ਮਾ ਬੈਂਕ ਵੀ ਸਥਾਪਤ ਕੀਤੇ ਗਏ ਹਨ।
-PTCNews

adv-img
adv-img