ਪੰਜਾਬ ਸਰਕਾਰ ਵੱਲੋਂ ਪੰਜਾਬ ਯੋਜਨਾ ਬੋਰਡ ਭੰਗ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਪੰਜਾਬ ਯੋਜਨਾ ਬੋਰਡ ਭੰਗ ਕਰ ਦਿੱਤਾ ਹੈ। ਸੂਬਾਈ ਬੋਰਡ ਅਤੇ ਜ਼ਿਲ੍ਹਾ ਯੋਜਨਾ ਬੋਰਡ ਭੰਗ ਹੋਣ ਨਾਲ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਜੋ ਪੰਜਾਬ ਯੋਜਨਾ ਬੋਰਡ ਦੇ ਉਪ ਚੇਅਰਪਰਸਨ ਹਨ,ਦੀ ਛੁੱਟੀ ਹੋ ਗਈ ਹੈ। ਭੱਠਲ ਨੂੰ ਸਰਕਾਰੀ ਕੋਠੀ ਖਾਲੀ ਕਰਨੀ ਪਵੇਗੀ ਤੇ ਇਸ ਦੇ ਨਾਲ ਹੀ ਸਰਕਾਰੀ ਸੁਰੱਖਿਆ ਵੀ ਛੱਡਣੀ ਪਵੇਗੀ। ਮੁੱਖ ਮੰਤਰੀ ਪੰਜਾਬ ਯੋਜਨਾ ਬੋਰਡ ਦੇ ਚੇਅਰਮੈਨ ਹਨ। ਸੂਤਰਾਂ ਅਨੁਸਾਰ ਵਿੱਤ ਤੇ ਯੋਜਨਾ ਵਿਭਾਗ ਨੇ ਬੋਰਡ ਭੰਗ ਕਰਨ ਸਬੰਧੀ ਸਿਫ਼ਾਰਸ਼ ਮੁੱਖ ਮੰਤਰੀ ਨੂੰ ਭੇਜ ਦਿੱਤੀ ਗਈ ਸੀ। ਦਿਲਚਸਪ ਗੱਲ ਇਹ ਹੈ ਕਿ ਕੇਂਦਰ ਸਰਕਾਰ 'ਚ ਬਣੇ ਯੋਜਨਾ ਕਮਿਸ਼ਨ ਨੂੰ ਪਿਛਲੀ ਮੋਦੀ ਸਰਕਾਰ ਨੇ ਪਹਿਲਾਂ ਹੀ ਭੰਗ ਕਰ ਦਿੱਤਾ ਸੀ। ਮੋਦੀ ਸਰਕਾਰ ਨੇ ਯੋਜਨਾ ਬੋਰਡ ਦੀ ਥਾਂ ਨੀਤੀ ਆਯੋਗ (ਕਮਿਸ਼ਨ) ਬਣਾਇਆ ਸੀ ਪਰ ਪੰਜਾਬ ਵਿਚ ਅਜੇ ਵੀ ਯੋਜਨਾ ਬੋਰਡ ਕਾਇਮ ਹੈ। ਪਹਿਲਾਂ ਯੋਜਨਾ ਬੋਰਡ ਰਾਜ ਦੀ ਸਾਲਾਨਾ ਯੋਜਨਾ ਤਿਆਰ ਕਰਕੇ ਯੋਜਨਾ ਕਮਿਸ਼ਨ ਤੋਂ ਪਾਸ ਕਰਵਾ ਲੈਂਦਾ ਸੀ ਪਰ ਯੋਜਨਾ ਕਮਿਸ਼ਨ ਭੰਗ ਹੋਣ ਤੋਂ ਬਾਅਦ ਰਾਜਾਂ ਵਿਚ ਬਣੇ ਯੋਜਨਾ ਬੋਰਡਾਂ ਨੇ ਯੋਜਨਾਵਾਂ ਬਣਾਉਣ ਅਤੇ ਇਨ੍ਹਾਂ ਨੂੰ ਪਾਸ ਕਰਵਾਉਣ ਦਾ ਕੰਮ ਖ਼ਤਮ ਕਰ ਦਿੱਤਾ। ਆਮ ਤੌਰ ਉਤੇ ਜਦੋਂ ਸੱਤਾ ਤਬਦੀਲ ਹੁੰਦੀ ਹੈ ਤਾਂ ਸਿਆਸੀ ਅਹੁਦਿਆਂ ਸਬੰਧੀ ਵੀ ਉਥਲ-ਪੁਥਲ ਹੁੰਦੀ ਹੈ ਪਰ ਯੋਜਨਾ ਬੋਰਡ ਵਿੱਚ ਅਜਿਹਾ ਨਹੀਂ ਹੋਇਆ। ਪਿਛਲੀ ਸਰਕਾਰ ਸਮੇਂ ਗਠਿਤ ਕੀਤੇ ਗਏ ਬਹੁਤੇ ਬੋਰਡਾਂ, ਕਾਰਪੋਰੇਸ਼ਨਾਂ ਦੇ ਚੇਅਰਮੈਨ, ਉਪ ਚੇਅਰਮੈਨ ਤੇ ਮੈਂਬਰ ਅਜੇ ਵੀ ਬਣੇ ਹੋਏ ਸਨ। ਪੰਜਾਬ ਸਰਕਾਰ ਪਹਿਲਾਂ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਅਤੇ ਨਗਰ ਸੁਧਾਰ ਟਰੱਸਟ ਭੰਗ ਕਰ ਚੁੱਕੀ ਹੈ। ਹੁਣ ਸੂਬਾ ਸਰਕਾਰ ਨੇ ਪੰਜਾਬ ਯੋਜਨਾ ਬੋਰਡ ਨੂੰ ਭੰਗ ਕਰਨ ਦਾ ਫ਼ੈਸਲਾ ਕਰ ਲਿਆ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਯੋਜਨਾ ਬੋਰਡ ਯੋਜਨਾਵਾਂ ਨਹੀਂ ਬਣਾਉਂਦਾ, ਸਗੋਂ ਵਿਭਾਗਾਂ ਦੇ ਟਿਕਾਊ ਟੀਚਿਆਂ ਲਈ ਕੰਮ ਕਰਦਾ ਹੈ ਅਤੇ ਵੱਖ-ਵੱਖ ਪ੍ਰਾਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਸਾਰੀਆਂ ਰਸਮਾਂ ਪੂਰੀਆਂ ਕਰਦਾ ਹੈ। ਇਹ ਵੀ ਪੜ੍ਹੋ : ਵੱਡਾ ਸੌਦਾ: ਐਲਨ ਮਸਕ ਦਾ ਹੋਇਆ ਟਵਿੱਟਰ, ਕੰਪਨੀ ਬੋਰਡ ਨੇ 44 ਅਰਬ ਡਾਲਰ 'ਚ ਵੇਚਣ ਦੀ ਦਿੱਤੀ ਮਨਜ਼ੂਰੀ