ਕਾਬੁਲ ਏਅਰਪੋਰਟ 'ਤੇ ਦਾਗੇ ਗਏ ਰਾਕੇਟ, ਏਅਰ ਫੀਲਡ ਡਿਫੈਂਸ ਸਿਸਟਮ ਵੱਲੋਂ ਹਮਲੇ ਨੂੰ ਕੀਤਾ ਗਿਆ ਨਾਕਾਮ
ਕਾਬੁਲ: ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਮਰੀਕੀ ਸੈਨਿਕਾਂ ਦੇ ਦੇਸ਼ ਛੱਡਣ ਦੀ ਸਮਾਂ ਸੀਮਾ ਵਿੱਚ ਸਿਰਫ ਅੱਜ ਅਤੇ ਕੱਲ੍ਹ ਦਾ ਦਿਨ ਹੀ ਬਾਕੀ ਹਨ। ਦੂਜੇ ਪਾਸੇ ਅੱਜ ਕਾਬੁਲ ਵਿਚ ਕਈ ਰਾਕੇਟ ਮੰਡਰਾਉਂਦੇ ਹੋਏ ਦਿਖਾਈ ਦਿੱਤੇ। ਚਸ਼ਮਦੀਦਾਂ ਅਤੇ ਸੁਰੱਖਿਆ ਸੂਤਰਾਂ ਅਨੁਸਾਰ ਕਾਬੁਲ ਹਵਾਈ ਅੱਡੇ 'ਤੇ ਕਈ ਰਾਕੇਟ ਵੀ ਦਾਗੇ ਗਏ। ਹਵਾਈ ਅੱਡੇ ਦੇ ਨੇੜੇ ਕਈ ਥਾਵਾਂ 'ਤੇ ਧੂੰਆਂ ਉੱਠਦਾ ਵੇਖਿਆ ਗਿਆ। ਇਸ ਜਾਣਕਾਰੀ ਨਿਊਜ਼ ਏਜੰਸੀ ਏਐਫਪੀ ਨੇ ਸਾਂਝਾ ਕੀਤੀ ਹੈ।
ਹਵਾਈ ਅੱਡੇ 'ਤੇ ਸਥਾਪਤ ਕੀਤੀ ਗਈ ਮਿਜ਼ਾਈਲ ਰੱਖਿਆ ਪ੍ਰਣਾਲੀ (Missile Defense System) ਦੁਆਰਾ ਰਾਕੇਟ ਨੂੰ ਰੋਕੇ ਜਾਣ ਬਾਰੇ ਵੀ ਜਾਣਕਾਰੀ ਮਿਲੀ ਹੈ। ਸਥਾਨਕ ਲੋਕਾਂ ਨੇ ਕਾਬੁਲ ਹਵਾਈ ਅੱਡੇ 'ਤੇ ਸਥਾਪਤ ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਆਵਾਜ਼ ਸੁਣੀ।ਸਥਾਨਕ ਲੋਕਾਂ ਨੇ ਸੜਕ 'ਤੇ ਟੁਕੜੇ ਡਿੱਗਣ ਦੀ ਵੀ ਸੂਚਨਾ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਹਵਾਈ ਅੱਡੇ ਦੀ ਮਿਜ਼ਾਈਲ ਰੱਖਿਆ ਪ੍ਰਣਾਲੀ ਨੇ ਘੱਟੋ ਘੱਟ ਇਕ ਰਾਕੇਟ ਨੂੰ ਰੋਕਿਆ ਹੈ। ਰਾਕੇਟ ਹਮਲੇ ਵਿਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਅਮਰੀਕਾ ਸਮੇਤ ਬਹੁਤ ਸਾਰੇ ਦੇਸ਼ ਤੇਜ਼ੀ ਨਾਲ ਆਪਣੇ ਨਾਗਰਿਕਾਂ ਨੂੰ ਕੱਢ ਰਹੇ ਹਨ। ਹੁਣ ਜਿਹੜੇ ਲੋਕ ਉਥੇ ਰਹਿੰਦੇ ਹਨ, ਉਨ੍ਹਾਂ ਲਈ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋਵੇਗਾ। ਹਾਲਾਂਕਿ ਅੱਤਵਾਦੀ ਇਸ ਬਚਾਅ ਕਾਰਜ ਵਿਚ ਮੁਸ਼ਕਲ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਇੱਥੇ ਇਕ ਤੋਂ ਬਾਅਦ ਇਕ ਧਮਾਕੇ ਹੋ ਰਹੇ ਹਨ ਅਤੇ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਇਨ੍ਹਾਂ ਧਮਾਕਿਆਂ ਵਿਚ ਅਮਰੀਕੀ ਸੈਨਿਕਾਂ ਦੀ ਵੀ ਮੌਤ ਹੋਈ ਹੈ। ਇਸ ਦੌਰਾਨ, ਏਅਰਫੀਲਡ ਡਿਫੈਂਸ ਸਿਸਟਮ ਨੇ 5 ਰਾਕੇਟ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਹੈ।
-PTC News