ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਦੇ ‘ਗਿਰਗਿਟੀ ਵਤੀਰੇ’ ਦੀ ਨਿਖੇਧੀ

SAD From Sukhpal Singh Khaira and Kanwar Sandhu Lupine behaviors Condemnation

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਦੇ ‘ਗਿਰਗਿਟੀ ਵਤੀਰੇ’ ਦੀ ਨਿਖੇਧੀ:ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਟਿਕਟ ਲੈਣ ਦੀਆਂ ਚਾਹਵਾਨ ਮਹਿਲਾ ਉਮੀਦਵਾਰਾਂ ਦੇ ਦਿੱਲੀ ਤੋਂ ਆਏ ਆਪ ਆਗੂਆਂ ਵੱਲੋਂ ਕੀਤੇ ਸੋਸ਼ਣ ਉੱਤੇ ਚੁੱਪੀ ਧਾਰਨ ਰੱਖਣ ਲਈ ਆਪ ‘ਆਗੂ ਸੁਖਪਾਲ ਖਹਿਰਾ ਅਤੇ ਉਸ ਦੇ ਸਾਥੀ ਕੰਵਰ ਸੰਧੂ ਦੀ ਨਿਖੇਧੀ ਕਰਦਿਆਂ ਸਾਬਕਾ ਵਿੱਤ ਮੰਤਰੀ ਬੀਬੀ ਉਪਿੰਦਰਜੀਤ ਕੌਰ ਨੇ ਕਿਹਾ ਹੈ ਕਿ ਦੋਵੇਂ ਆਗੂਆਂ ਨੂੰ ਆਪਣੇ ਅਜਿਹੇ ਗੁਨਾਹਾਂ ਲਈ ਪੰਜਾਬ ਦੇ ਲੋਕਾਂ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।ਕਿਉਂਕਿ ਸੰਧੂ ਅਤੇ ਖਹਿਰਾ ਨੇ ਖੁਦ ਅਜਿਹੇ ਸ਼ਰਮਨਾਕ ਖੁਲਾਸੇ ਕੀਤੇ ਹਨ, ਇਸ ਲਈ ਬੀਬੀ ਉਪਿੰਦਰਜੀਤ ਕੌਰ ਨੇ ਕਿਹਾ ਕਿ ਜਦੋਂ ਉਹਨਾਂ ਦੀ ਪਾਰਟੀ ਦੇ ਦਿੱਲੀ ਵਾਲੇ ਆਗੂ ਪੰਜਾਬ ਦੀਆਂ ਔਰਤਾਂ ਨਾਲ ਅਜਿਹੀਆਂ ਸ਼ਰਮਨਾਕ ਅਤੇ ਜਲੀਲ ਹਰਕਤਾਂ ਕਰ ਰਹੇ ਸਨ ਤਾਂ ਉਹਨਾਂ ਨੇ ਇਸ ਵਿਰੁੱਧ ਆਵਾਜ਼ ਕਿਉਂ ਨਹੀਂ ਉਠਾਈ ?

ਅਕਾਲੀ ਆਗੂ ਨੇ ਕਿਹਾ ਕਿ ਸੂਬੇ ਅੰਦਰ ਔਰਤਾਂ ਦਾ ਸੋਸ਼ਣ ਸਾਰੇ ਸਹੀ ਸੋਚ ਰੱਖਣ ਵਾਲੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀ।ਕੋਈ ਵੀ ਸੌਝੀ ਵਾਲਾ ਵਿਅਕਤੀ ਪਾਰਟੀ ਅੰਦਰ ਅਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕਰੇਗਾ? ਉਹਨਾਂ ਕਿਹਾ ਕਿ ਸ਼ਾਇਦ ਖਹਿਰਾ ਅਤੇ ਸੰਧੂ ਨੇ ਆਪਣੇ ਨਿੱਜੀ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਚੁੱਪੀ ਸਾਧ ਲਈ ਸੀ ਪਰੰਤੂ ਹੁਣ ਜਦੋਂ ਉਹਨਾਂ ਦੇ ਆਪਣੇ ਹਿੱਤਾਂ ਨੂੰ ਠੇਸ ਲੱਗੀ ਹੈ ਤਾਂ ਅਚਾਨਕ ਉਹਨਾਂ ਦੀ ਜ਼ਮੀਰ ਜਾਗ ਪਈ ਹੈ।

ਬੀਬੀ ਉਪਿੰਦਰਜੀਤ ਕੌਰ ਨੇ ਕਿਹਾ ਕਿ ਇਸ ਤੋਂ ਇਲਾਵਾ ਖਹਿਰਾ ਅਤੇ ਸੰਧੂ ਨੇ ਦੋਸ਼ ਲਾਇਆ ਹੈ ਕਿ ਪਾਰਟੀ ਦੀਆਂ ਟਿਕਟਾਂ ਵੇਚ ਦਿੱਤੀਆਂ ਗਈਆਂ ਸਨ ਨਹੀਂ ਤਾਂ ਆਪ ਨੇ ਸੱਤਾ ਵਿਚ ਆਉਣਾ ਸੀ।ਅਕਾਲੀ ਆਗੂ ਨੇ ਪੁੱਿਛਆ ਕਿ ਇਹਨਾਂ ਦੋਵੇਂ ਆਗੂਆਂ ਨੂੰ ਆਪ ਲੀਡਰਸ਼ਿਪ ਦੇ ਘਿਨੌਣੇ ਤਰੀਕਿਆਂ ਵਿਰੁੱਧ ਆਵਾਜ਼ ਉਠਾਉਣ ਤੋ ਕਿਸ ਨੇ ਰੋਕਿਆ ਸੀ।ਉਹਨਾਂ ਕਿਹਾ ਕਿ ਸਾਫ ਹੈ ਕਿ ਇਹਨਾਂ ਦੋਵਾਂ ਨੇ ਉਸ ਸਮੇਂ ਆਪ ਆਗੂਆਂ ਵਿਰੁੱਧ ਆਵਾਜ਼ ਨਾ ਉਠਾਉਣ ਵਿਚ ਹੀ ਆਪਣਾ ਫਾਇਦਾ ਤੱਕਿਆ ਅਤੇ ਜਦੋਂ ਪਾਰਟੀ ਨੇ ਉਹਨਾਂ ਕੋਲੋਂ ਸਾਰੀਆਂ ਸ਼ਕਤੀਆਂ ਖੋਹ ਕੇ ਉਹਨਾਂ ਨੂੰ ਖੂੰਜੇ ਲਗਾ ਦਿੱਤਾ ਹੈ ਤਾਂ ਉਹ ਨੈਤਿਕਤਾ ਦੀ ਗੱਲਾਂ ਕਰ ਰਹੇ ਹਨ।ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਨਾਲ ਗਠਜੋੜ ਬਣਾਉਣ ਅਤੇ ਮਹਾਂਗਠਜੋੜ ਦਾ ਹਿੱਸਾ ਬਣਨ ਵਾਸਤੇ ਮੋਹਰੀ ਭੂਮਿਕਾ ਨਿਭਾਉਣ ਵਾਲਾ ਖਹਿਰਾ ਅਚਾਨਕ ਕੂਹਣੀ-ਮੋੜ ਕੱਟ ਗਿਆ ਹੈ ਅਤੇ ਕਾਂਗਰਸ ਦਾ ਕੱਟੜ ਦੁਸ਼ਮਣ ਬਣ ਗਿਆ ਹੈ ਅਤੇ ਕਾਂਗਰਸ ਦੀ ਵੱਡੇ ਆਗੂਆਂ ਉੱਤੇ ਉਸ ਦਾ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਖੋਹਣ ਦਾ ਦੋਸ਼ ਲਗਾ ਰਿਹਾ ਹੈ।ਸੱਚ ਇਹ ਹੈ ਕਿ ਖਹਿਰਾ ਗਾਂਧੀ ਪਰਿਵਾਰ ਦਾ ਪਿੱਠੂ ਰਿਹਾ ਹੈ ਪਰ ਹੁਣ ਲੱਗਦਾ ਹੈ ਕਿ ਉਹ ਆਪਣੀ ਇਹ ਪੁਜੀਸ਼ਨ ਵੀ ਗਵਾ ਚੁੱਕਿਆ ਹੈ।

ਆਪ ਦੇ ਭਵਿੱਖ ਬਾਰੇ ਟਿੱਪਣੀ ਕਰਦਿਆਂ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਵਿਚ ਇਸ ਦਾ ਕੰਮ ਤਮਾਮ ਹੋ ਗਿਆ ਹੈ। 2019 ਦੀਆਂ ਲੋਕ ਸਭਾ ਚੋਣਾਂ ਤਕ ਇਹ ਪੂਰੀ ਤਰ੍ਹਾਂ ਬਿਖਰ ਜਾਵੇਗੀ।ਉਹਨਾਂ ਕਿਹਾ ਕਿ ਜਦੋਂ ਇਸ ਗੱਲ ਦੀ ਸਿਰਫ ਕਾਨਾਫੂਸੀ ਚੱਲ ਰਹੀ ਸੀ ਕਿ ਆਪ 2019 ਦੀਆਂ ਚੋਣਾਂ ਵਾਸਤੇ ਮਹਾਂਗਠਜੋੜ ਦਾ ਹਿੱਸਾ ਬਣੇਗੀ ਤਾਂ ਇਸ ਦੇ ਸਾਬਕਾ ਵਿਰੋਧੀ ਧਿਰ ਦੇ ਆਗੂ ਐਚਐਸ ਫੂਲਕਾ ਨੇ ਇਹ ਦਲੀਲ ਦਿੰਦਿਆਂ ਤੁਰੰਤ ਪਾਰਟੀ ਅਤੇ ਗਠਜੋੜ ਵਿਚੋਂ ਬਾਹਰ ਚਲੇ ਜਾਣ ਦੀ ਧਮਕੀ ਦਿੱਤੀ ਸੀ ਕਿ ਉਹ ਕਾਂਗਰਸ ਵਰਗੀ ਪੰਜਾਬ-ਵਿਰੋਧੀ ਅਤੇ ਸਿੱਖ ਵਿਰੋਧੀ ਪਾਰਟੀ, ਜਿਸ ਦੇ ਹੱਥ 1984 ਵਿਚ ਹੋਏ ਸਿੱਖ ਕਤਲੇਆਮ ਦੌਰਾਨ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ,ਨਾਲ ਕਦੇ ਵੀ ਗਠਜੋੜ ਨਹੀਂ ਕਰ ਸਕਦੇ।ਉਹਨਾਂ ਕਿਹਾ ਕਿ ਫੂਲਕਾ ਦੇ ਇੱਕ ਵਿਰੋਧੀ ਪਾਰਟੀ ਦਾ ਆਗੂ ਹੋਣ ਦੇ ਬਾਵਜੂਦ ਅਕਾਲੀ ਦਲ ਨੇ ਉਸ ਦੀ ਸਿਧਾਂਤਾਂ ਉੱਤੇ ਪਹਿਰਾ ਦੇਣ ਦੀ ਜੁਅੱਰਤ ਦੀ ਸਰਾਹਨਾ ਕੀਤੀ ਸੀ।

ਅਕਾਲੀ ਆਗੂ ਨੇ ਕਿਹਾ ਕਿ ਖਹਿਰਾ ਨੇ ਕਾਂਗਰਸ ਅਤੇ ਆਪਣੀ ਖੁਦ ਦੀ ਪਾਰਟੀ ਵਾਸਤੇ ਵੀ ਗਾਲੀਗਲੋਚ ਕਰਨ ਉੱਤੇ ਉੱਤਰ ਚੁੱਕਿਆ ਹੈ।ਉਸ ਦਾ ਕੋਈ ਸਿਧਾਂਤ ਜਾਂ ਵਚਨਵੱਧਤਾ ਨਹੀਂ ਹੈ।ਉਹ ਬਹੁਤ ਜ਼ਿਆਦਾ ਮਤਲਬੀ ਅਤੇ ਧੋਖੇਬਾਜ਼ ਹੈ, ਜੋ ਕਿ ਗਿਰਗਿਟ ਤੋਂ ਵੱਧ ਤੇਜ਼ੀ ਨਾਲ ਰੰਗ ਬਦਲਦਾ ਹੈ।ਉਹ ਕਦੇਂ ਕਾਂਗਰਸ ਦੇ ਹੱਕ ਵਿਚ ਸੀ, ਕਦੇ ਬੈਂਸ ਭਰਾਵਾਂ ਨਾਲ ਜਾ ਖੜ੍ਹਿਆ ਸੀ, ਕਦੇ ਆਪ ਦੇ ਦਿੱਲੀ ਵਾਲੇ ਆਗੂਆਂ ਦੀ ਹਾਂ ਵਿਚ ਹਾਂ ਮਿਲਾਉਂਦਾ ਸੀ ਅਤੇ ਫਿਰ ਉਸ ਨੇ ਪੰਜਾਬ ਇਕਾਈ ਵਾਸਤੇ ਖੁਦਮੁਖਤਿਆਰੀ ਦੀ ਮੰਗ ਚੁੱਕ ਲਈ।ਖਹਿਰੇ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ।
-PTCNews