ਸ਼੍ਰੀ ਦੁਰਗਿਆਣਾ ਮੰਦਰ 'ਚ ਹੋਈ ਚੋਰੀ ਦੀ ਜਾਂਚ ਦੌਰਾਨ ਖੁੱਲੇ ਕਈ ਭੇਤ
ਦੀਵਾਲੀ ਦੀ ਰਾਤ ਸ਼੍ਰੀ ਦੁਰਗਿਆਣਾ ਮੰਦਰ 'ਚ ਹੋਈ ਚੋਰੀ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਸੀ। ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਉਹਨਾਂ ਨੇ ਸ਼੍ਰੀ ਲਕਸ਼ਮੀ ਨਾਰਾਇਣ ਮਿਸ਼ਠਾਨ ਭੰਡਾਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਤੇ ਵੀ ਕੱਪੜਾ ਪਾ ਦਿੱਤਾ ਸੀ ਅਤੇ ਤਕਰੀਬਨ 6 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਸੀ।
ਇਸ ਘਟਨਾ ਬਾਰੇ ਉਦੋਂ ਪਤਾ ਲੱਗਿਆ ਮੰਦਰ ਅਤੇ ਮਿਸ਼ਠਾਨ ਭੰਡਾਰ ਦਾ ਸਟਾਫ ਸਵੇਰੇ ਡਿਊਟੀ 'ਤੇ ਪਰਤਿਆ ਅਤੇ ਉਹਨਾਂ ਵੱਲੋਂ ਪੁਲਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਸੀ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਦੌਰਾਨ ਪੂਰੇ ਮਾਮਲੇ ਨੂੰ ਟ੍ਰੇਸ ਕਰ ਕੇ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਮਿਸ਼ਠਾਨ ਭੰਡਾਰ ਦੇ ਹੀ ਕਰਮਚਾਰੀ ਵਿਸ਼ਾਲ ਮਰਵਾਹਾ ਹਿਰਾਸਤ ਵਿਚ ਲਿਆ ਸੀ ਅਤੇ ਉਸਨੇ ਪੁੱਛਗਿੱਛ ਦੌਰਾਨ ਚੋਰੀ ਦੇ ਰਾਜ਼ ਬੇਪਰਦਾ ਕਰ ਦਿੱਤਾ ਸਨ।
ਪੁਲਿਸ ਵੱਲੋਂ ਮੁਲਜ਼ਮ ਦੇ ਘਰ ਤੋਂ 6 ਲੱਖ ਨਹੀਂ ਬਲਕਿ 20.31 ਲੱਖ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਗਈ ਹੈ। ਚੋਰੀ ਦੇ 6 ਲੱਖ ਤੋਂ ਇਲਾਵਾ 14.31 ਲੱਖ ਰੁਪਏ ਕਿੱਥੋਂ ਆਏ, ਇਸ ਬਾਰੇ ਜਾਂਚ ਅਜੇ ਚੱਲ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਮੁਲਜ਼ਮ ਵੱਲੋਂ ਗ਼ੱਲੇ 'ਚੋਂ ਸਿਰਫ ਵੱਡੇ ਨੋਟ ਭਾਵ 2-2 ਹਜਾਰ ਦੇ ਨੋਟ ਹੀ ਚੋਰੀ ਕੀਤੇ ਗਏ ਸਨ। ਉਕਤ ਦੋਸ਼ੀ ਵਿਸ਼ਾਲ ਦੇ ਨਾਲ ਇਕ ਹੋਰ ਸਾਥੀ ਵਿਪਨ ਕੁਮਾਰ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਹੈ। ਇਹਨਾਂ ਦਾ ਤੀਸਰਾ ਸਾਥੀ ਅਜੇ ਫਰਾਰ ਚੱਲ ਰਿਹਾ ਹੈ।
ਦੀਵਾਲੀ ਦਾ ਤਿਉਹਾਰ ਹੋਣ ਕਾਰਨ ਮਿਸ਼ਠਾਨ ਭੰਡਾਰ 'ਤੇ ਕਾਫੀ ਲੋਕਾਂ ਦੀ ਭੀੜ ਸੀ ਅਤੇ ਸ਼ਾਮ 5:30 ਵਜੇ ਤੱਕ ਕਮੇਟੀ ਦਾ ਮੇਨ ਕੈਸ਼ੀਅਰ ਪੈਸਿਆਂ ਦਾ ਇੰਤਜ਼ਾਰ ਕਰ ਕੇ 5:30 ਵਜੇ ਆਪਣੇ ਘਰ ਚਲਾ ਗਿਆ। ਇਸ ਮੌਕੇ 'ਤੇ ਤਕਰੀਬਨ 13.71 ਲੱਖ ਰੁਪਏ ਦੀ ਵਿਕਰੀ ਹੋਈ ਸੀ।
ਜਦੋਂ ਕੈਸ਼ੀਅਰ ਚਲਾ ਗਿਆ ਤਾਂ ਮਿਸ਼ਠਾਨ ਭੰਡਾਰ ਦੇ ਕਰਮਚਾਰੀਆਂ ਨੇ ਹਮੇਸ਼ਾ ਵਾਂਗ ਪੂਰਾ ਕੈਸ਼ ਲਿਫਾਫੇ ਵਿਚ ਪਾ ਮੀਟਿੰਗ ਹਾਲ ਵਿਚ ਪਈ ਅਲਮਾਰੀ ਵਿਚ ਰੱਖ ਦਿੱਤਾ ਸੀ।
ਪਰਚੀ ਕਾਊਂਟਰ 'ਤੇ ਡਿਊਟੀ ਦੇ ਰਹੇ ਮੁਲਜ਼ਮ ਵਿਸ਼ਾਲ ਨੂੰ ਪਤਾ ਸੀ ਕਿ ਕੈਸ਼ੀਅਰ ਘਰ ਜਾ ਚੁੱਕਾ ਹੈ, ਉਸਨੇ ਲਿਫਾਫੇ 'ਚੋਂ ਵੱਡੇ ਨੋਟ ਵੱਖ ਕੱਢੇ ਅਤੇ ਬਾਕੀ ਪੈਸਾ ਵੱਖ ਰੱਖ ਦਿੱਤਾ।
ਫਿਰ ਤਕਰੀਬਨ 9:30 ਵਜੇ ਮੀਟਿੰਗ ਹਾਲ ਵਿਚ ਸੀ. ਸੀ. ਟੀ. ਵੀ. ਕੈਮਰਿਆਂ 'ਤੇ ਕੱਪੜਾ ਪਾਉਣ ਤੋਂ ਬਾਅਦ ਉਸਨੇ ਅਲਮਾਰੀ ਦਾ ਦਾ ਤਾਲਾ ਤੋੜਿਆ ਅਤੇ 2-2 ਹਜਾਰ ਦੇ ਨੋਟਾਂ ਵਾਲਾ ਲਿਫਾਫਾ ਗਾਇਬ ਕਰ ਲਿਆ।
ਦੱਸਣਯੋਗ ਹੈ ਕਿ ਲਿਫਾਫੇ ਵਿਚ ਵੱਡੇ ਨੋਟਾਂ ਦੀ ਕਰੀਬ ੬ ਲੱਖ ਰੁਪਏ ਦੀ ਨਕਦੀ ਸੀ ਅਤੇ ਬਾਕੀ ਛੋਟੇ ਨੋਟਾਂ ਦੀ ਕੈਸ਼ ਨੂੰ ਉਹ ਆਪਣੇ ਨਾਲ ਨਹੀਂ ਲੈ ਕੇ ਗਿਆ। ਕਿਉਂਕਿ ਪੂਰਾ ਕੈਸ਼ ਵਿਸ਼ਾਲ ਨੇ ਹੀ ਜਮਾਂ ਕੀਤਾ ਸੀ, ਉਸ ਦੀ ਫੋਟੋ ਵੀ ਸੀ. ਸੀ. ਟੀ. ਵੀ. ਵਿਚ ਕੈਦ ਹੋਈ ਸੀ।
ਏ. ਡੀ. ਸੀ. ਪੀ.. ਲਖਬੀਰ ਸਿੰਘ ਨੇ ਸ਼ੱਕ ਦੇ ਆਧਾਰ 'ਤੇ ਵਿਸ਼ਾਲ ਨੂੰ ਹਿਰਾਸਤ ਵਿਚ ਲਿਆ ਜਿੱਥੇ ਪੁਛਗਿਛ ਦੌਰਾਨ ਉਸਨੇ ਸਭ ਸਚ ਦੱਸ ਦਿਤਾ।
ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ।
—PTC News