ਦੇਸ਼- ਵਿਦੇਸ਼

ਕੋਰੋਨਾ ਵਿਚਾਲੇ ਟਰੰਪ ਨੇ ਅਮਰੀਕੀ ਸਕੂਲਾਂ ਨੂੰ ਦਿੱਤੀ ਚਿਤਾਵਨੀ- ਫ਼ਿਰ ਤੋਂ ਖੋਲੋ ਸਕੂਲ ਨਹੀਂ ਤਾਂ ਕੱਟੇ ਜਾਣਗੇ ਫ਼ੰਡ

By Kaveri Joshi -- July 09, 2020 4:07 pm -- Updated:Feb 15, 2021

ਵਾਸ਼ਿੰਗਟਨ : ਕੋਰੋਨਾ ਵਿਚਾਲੇ ਟਰੰਪ ਨੇ ਅਮਰੀਕੀ ਸਕੂਲਾਂ ਨੂੰ ਦਿੱਤੀ ਚਿਤਾਵਨੀ- ਫ਼ਿਰ ਤੋਂ ਖੋਲੋ ਸਕੂਲ ਨਹੀਂ ਤਾਂ ਕੱਟੇ ਜਾਣਗੇ ਫ਼ੰਡ : 2020 ਦਾ ਇਹ ਸਾਲ ਆਪਣੇ ਨਾਲ ਮੁਸ਼ਕਲਾਂ ਦਾ ਉਹ ਦੌਰ ਲੈ ਕੇ ਆਇਆ ਹੈ, ਜਿਸਦੀ ਗ੍ਰਿਫ਼ਤ 'ਚ ਕੇਵਲ ਇੱਕ ਸੂਬਾ ਜਾਂ ਦੇਸ਼ ਨਹੀ ਬਲਕਿ ਪੂਰਾ ਵਿਸ਼ਵ 'ਚ ਆ ਚੁੱਕਾ ਹੈ। ਗੱਲ ਮਹਾਂਮਾਰੀ ਪ੍ਰਭਾਵਿਤ ਦੇਸ਼ਾਂ ਵਿੱਚ ਕੋਰੋਨਾ ਅੰਕੜਿਆਂ ਦੀ ਹੋਵੇ ਜਾਂ ਇਸ ਘਾਤਕ ਸਮੇਂ ਦੌਰਾਨ ਵਿੱਤੀ ਕਠਿਨਾਈਆਂ ਦੀ, ਦੋਵਾਂ ਹੀ ਸੂਰਤਾਂ 'ਚ ਸਮੂਹ ਦੇਸ਼ਾਂ ਨੂੰ ਸੱਟ ਵੱਜੀ ਹੈ। ਦੂਜੇ ਪਾਸੇ ਕੋਰੋਨਾ ਵਰਗੀ ਮਹਾਂਮਾਰੀ ਦੌਰਾਨ ਸਾਵਧਾਨੀ ਵਜੋਂ ਅਤੇ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਜਿੱਥੇ ਦੇਸ਼ ਸੋਚ ਰਹੇ ਹਨ ਕਿ ਸਕੂਲਾਂ ਨੂੰ ਨਾ ਖੋਲ੍ਹਿਆ ਜਾਵੇ , ਉੱਥੇ ਅਮਰੀਕਾ ਦੇ ਰਾਸ਼ਟਰਪਤੀ ਨੇ ਅਮਰੀਕੀ ਸਕੂਲਾਂ ਨੂੰ ਮੁੜ ਤੋਂ ਖੋਲ੍ਹਣ ਦੀ ਚਿਤਾਵਨੀ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਕੋਰੋਨਵਾਇਰਸ ਦੀਆਂ ਚਿੰਤਾਵਾਂ ਦੇ ਬਾਵਜੂਦ ਅਮਰੀਕਾ ਦੇ ਸਕੂਲ ਖੋਲ੍ਹਣ ਦਾ ਪੱਕਾ ਇਰਾਦਾ ਕਰਦਿਆਂ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਸਕੂਲ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਕੂਲ ਪੱਤਝੜ ਵਿੱਚ ਵਾਪਸ ਨਹੀਂ ਖੁੱਲ੍ਹਦੇ ਤਾਂ ਉਨ੍ਹਾਂ ਨੂੰ ਫ਼ੰਡ ਨਹੀਂ ਮਿਲਣਗੇ।

ਟਰੰਪ ਨੇ ਟਵੀਟ ਜ਼ਰੀਏ ਆਖਿਆ ਕਿ ਸਕੂਲ ਦੁਬਾਰਾ ਨਾ ਖੁੱਲਣ ਦੀ ਸੂਰਤ ਵਿੱਚ ਸਕੂਲਾਂ ਨੂੰ ਮਿਲਣ ਵਾਲੇ ਫੈਡਰਲ ਫ਼ੰਡਾਂ 'ਚ ਕਟੌਤੀ ਕੀਤੀ ਜਾਵੇਗੀ। ਸਿਰਫ਼ ਇਹੀ ਨਹੀਂ ਉਨ੍ਹਾਂ ਸਕੂਲ ਖੋਲਣ ਸਬੰਧੀ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ( ਸੀ.ਡੀ.ਸੀ ) ਵੱਲੋਂ ਜਾਰੀ ਦਿਸ਼ਾ -ਨਿਰਦੇਸ਼ਾਂ ਨੂੰ ਵੀ ਨਿਸ਼ਾਨਾ ਬਣਾਇਆ।  ਉਨ੍ਹਾਂ ਟਵੀਟ ਵਿੱਚ ਸ਼ਿਕਾਇਤ ਕੀਤੀ ਕਿ ਉਸਦੇ ਆਪਣੇ ਜਨਤਕ ਸਿਹਤ ਅਧਿਕਾਰੀਆਂ ਦੇ ਸੁਰੱਖਿਆ ਦਿਸ਼ਾ-ਨਿਰਦੇਸ਼ ਸਖ਼ਤ ਅਤੇ ਬਹੁਤ ਮਹਿੰਗੇ ਹਨ।

ਉਪ-ਰਾਸ਼ਟਰਪਤੀ ਮਾਈਕ ਪੈਂਸ ਨੇ ਘੋਸ਼ਣਾ ਕੀਤੀ ਕਿ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ "ਜੋ ਸਾਡੇ ਸਕੂਲਾਂ ਨੂੰ ਸਾਰੇ ਨਵੇਂ ਸੰਦ ਪ੍ਰਦਾਨ ਕਰੇਗੀ। ਮਾਈਕ ਪੇਂਸ ਨੇ ਦੱਸਿਆ ਕਿ ਅਗਲੇ ਹਫ਼ਤੇ ਸੀ.ਡੀ.ਸੀ ਵੱਲੋਂ ਸਕੂਲ ਖੋਲ੍ਹਣ ਦੇ ਸੰਬੰਧ ਵਿੱਚ ਨਵੇਂ ਦਿਸ਼ਾ-ਨਿਰਦੇਸ਼ ਦਿੱਤੇ ਜਾਣਗੇ । ਉਨ੍ਹਾਂ ਕਿਹਾ ਕਿ ਇਸ ਸੇਧ 'ਚ ਵਿਦਿਆਰਥੀਆਂ ਨੂੰ ਸੁਰੱਖਿਆ ਦਾ ਖਿਆਲ ਰੱਖਿਆ ਜਾਵੇਗਾ, ਪਰ ਰਾਸ਼ਟਰਪਤੀ ਨੇ ਕਿਹਾ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਦਿਸ਼ਾ-ਨਿਰਦੇਸ਼ ਬਹੁਤ ਸਖ਼ਤ ਹੋਣ।

” ਟਵਿੱਟਰ 'ਤੇ, ਟਰੰਪ ਨੇ ਇਸ ਗੱਲ ਦਾ ਹਵਾਲਾ ਦਿੰਦਿਆਂ ਸਕੂਲ ਮੁੜ ਖੋਲ੍ਹਣ ਦੀ ਗੱਲ ਆਖੀ ਕਿ ਜਰਮਨੀ, ਡੈਨਮਾਰਕ ਅਤੇ ਨਾਰਵੇ ਨੇ "ਬਿਨਾਂ ਕਿਸੇ ਸਮੱਸਿਆ ਦੇ ਸਕੂਲ" ਮੁੜ ਖੋਲ੍ਹ ਦਿੱਤੇ ਹਨ। ਜਰਮਨੀ ਨੇ ਮਈ ਵਿਚ ਆਪਣੇ ਸਕੂਲ ਮੁੜ ਖੋਲ੍ਹਣੇ ਸ਼ੁਰੂ ਕਰ ਦਿੱਤੇ ਸਨ, ਪਰ ਬਹੁਤ ਸਾਰੇ ਮਾਮਲਿਆਂ ਵਿਚ ਵਿਦਿਆਰਥੀ ਸਕੂਲ ਜਾਂਦੇ ਹਨ ਅਤੇ ਅੱਧੇ ਹਫ਼ਤੇ ਲਈ ਘਰ ਵਿਚ ਪੜ੍ਹ ਰਹੇ ਹਨ । ਦੱਸਣਯੋਗ ਹੈ ਕਿ ਜਰਮਨੀ ਦੇ ਅਧਿਕਾਰੀ ਗਰਮੀਆਂ ਦੀਆਂ ਛੁੱਟੀਆਂ ਦੇ ਬਾਅਦ ਕਲਾਸਾਂ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਟੀਚਾ ਰੱਖ ਰਹੇ ਹਨ।

ਗੌਰਤਲਬ ਹੈ ਕਿ ਇਸ ਵੇਲੇ ਅਮਰੀਕਾ 'ਚ ਕੋਰੋਨਾ ਕੇਸਾਂ ਦੀ ਗਿਣਤੀ ਤਿੰਨ ਮਿਲੀਅਨ ਤੋਂ ਪਾਰ ਹੋ ਚੁੱਕੀ ਹੈ, ਜਦਕਿ 134,873 ਮੌਤਾਂ ਦਾ ਅੰਕੜਾ ਦਰਜ ਕੀਤਾ ਗਿਆ ਹੈ। ਗੱਲ ਕਰੀਏ ਤਾਂ ਅਮਰੀਕਾ ਵਿੱਚ ਕੋਰੋਨਾ ਕਾਰਨ ਸਥਿਤੀ ਦਿਨ-ਬਦਿਨ ਵਿਗੜ ਰਹੀ ਹੈ। ਅਮਰੀਕਾ ਪੂਰੇ ਵਿਸ਼ਵ 'ਚ ਕੋਰੋਨਾ ਪ੍ਰਭਾਵਿਤ ਦੇਸ਼ਾਂ ਵਿੱਚ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਹੈ।