ਅੰਮ੍ਰਿਤਸਰ ਦੇ HDFC ਬੈਂਕ 'ਚ 25 ਲੱਖ ਦੀ ਲੁੱਟ, ਮਹਿਲਾ ਕੈਸ਼ੀਅਰ ਦੇ ਸਿਰ 'ਤੇ ਰੱਖੀ ਬੰਦੂਕ
ਅੰਮ੍ਰਿਤਸਰ 'ਚ ਬੁੱਧਵਾਰ ਦੁਪਹਿਰ 3.30 ਵਜੇ ਇਕ ਨਿੱਜੀ ਬੈਂਕ ਦੇ ਕਰਮਚਾਰੀਆਂ ਨੂੰ ਬੰਧਕ ਬਣਾ ਕੇ 25 ਲੱਖ ਰੁਪਏ ਲੁੱਟ ਲਏ ਗਏ। ਪੰਜ ਲੁਟੇਰੇ ਹਥਿਆਰਾਂ ਦੀ ਨੋਕ 'ਤੇ ਅੰਦਰ ਦਾਖਲ ਹੋਏ ਅਤੇ ਸਟਰਾਂਗ ਰੂਮ ਤੋਂ ਪੈਸੇ ਲੁੱਟ ਕੇ ਲੈ ਗਏ। ਬਦਮਾਸ਼ਾਂ ਨੇ ਸਿਰਫ 3 ਮਿੰਟ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਜਾਂਦੇ ਸਮੇਂ ਮੁਲਜ਼ਮ ਬੈਂਕ ਮੁਲਾਜ਼ਮਾਂ ਦੇ ਲੈਪਟਾਪ ਅਤੇ ਡੀਵੀਆਰ ਵੀ ਲੈ ਗਏ। ਫਿਲਹਾਲ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦਾ ਪਤਾ ਲਗਾ ਰਹੀ ਹੈ।
ਅੰਮ੍ਰਿਤਸਰ ਦੇ ਪਿੰਡ ਕੱਥੂਨੰਗਲ ਨੇੜੇ ਸਥਿਤ ਐਚਡੀਐਫਸੀ ਬੈਂਕ ਵਿੱਚ ਦਿਨ ਦਿਹਾੜੇ ਕੁਝ ਲੁਟੇਰੇ ਫਿਲਮੀ ਅੰਦਾਜ਼ ਵਿੱਚ ਬੈਂਕ ਵਿੱਚ ਦਾਖਲ ਹੋਏ। ਉਸ ਸਮੇਂ ਕੰਮ ਦਾ ਸਮਾਂ ਚੱਲ ਰਿਹਾ ਸੀ ਤਾਂ ਕੁਝ ਲੋਕ ਪੈਸੇ ਜਮ੍ਹਾ ਕਰਵਾਉਣ ਲਈ ਬੈਂਕ ਅੰਦਰ ਆਏ ਸਨ। ਲੁਟੇਰੇ ਬੈਂਕ ਦੇ ਬਾਹਰ ਸਫਾਈ ਕਰ ਰਹੇ ਮੁਲਾਜ਼ਮਾਂ ਅਤੇ ਗਾਰਡ ਨੂੰ ਵੀ ਨਾਲ ਲੈ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਟਰ ਬੰਦ ਕਰ ਦਿੱਤਾ ਅਤੇ ਉਥੇ ਮੌਜੂਦ ਸਾਰਿਆਂ ਦੇ ਫੋਨ ਖੋਹ ਲਏ।
ਪੈਸੇ ਜਮ੍ਹਾ ਕਰਵਾਉਣ ਆਏ ਗਾਹਕਾਂ ਤੋਂ ਪੈਸੇ ਖੋਹ ਲਏ
ਫਿਰ ਇੱਕ ਬਦਮਾਸ਼ ਨੇ ਬੈਂਕ ਦੀ ਕੈਸ਼ੀਅਰ ਔਰਤ ਦੇ ਸਿਰ 'ਤੇ ਬੰਦੂਕ ਤਾਣ ਲਈ ਅਤੇ ਉਸ ਤੋਂ ਸਾਰੀ ਨਕਦੀ ਲੈ ਲਈ। ਜਿਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਨਕਦੀ ਜਮ੍ਹਾ ਕਰਵਾਉਣ ਆਏ ਲੋਕਾਂ ਤੋਂ ਪੈਸੇ ਵੀ ਖੋਹ ਲਏ ਅਤੇ ਕੁਝ ਹੀ ਮਿੰਟਾਂ 'ਚ ਫਰਾਰ ਹੋ ਗਏ।
ਬੈਂਕ 'ਚ ਪੰਜ ਬਦਮਾਸ਼ ਦਾਖਲ ਹੋਏ ਸਨ, ਜਿਨ੍ਹਾਂ 'ਚੋਂ ਤਿੰਨ ਕੋਲ ਰਾਈਫਲਾਂ ਸਨ, ਬਾਹਰ ਆ ਕੇ ਮੁਲਜ਼ਮਾਂ ਨੇ ਉਥੇ ਮੌਜੂਦ ਸਾਰੇ ਲੋਕਾਂ ਦੇ ਫੋਨ ਸੁੱਟ ਦਿੱਤੇ, ਜਿਸ ਕਾਰਨ ਕਈ ਲੋਕਾਂ ਦੇ ਫੋਨ ਖਰਾਬ ਹੋ ਗਏ। ਇਸ ਤੋਂ ਬਾਅਦ ਬੈਂਕ ਕਰਮਚਾਰੀਆਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਮੌਕੇ ’ਤੇ ਪੁੱਜੀ ਪੁਲੀਸ ਅਨੁਸਾਰ ਚੋਰ ਬੈਂਕ ਦਾ ਡੀਵੀਆਰ ਵੀ ਲੈ ਗਏ। ਫਿਲਹਾਲ ਆਲੇ-ਦੁਆਲੇ ਦੇ ਕੈਮਰਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਪੁਲੀਸ ਅਨੁਸਾਰ ਬੈਂਕ ਵਿੱਚੋਂ ਕਰੀਬ 25 ਲੱਖ ਰੁਪਏ ਲੁੱਟੇ ਗਏ ਹਨ।
- PTC NEWS