ਨਸ਼ੇ ਦਾ ਲੱਕ ਤੋੜਨ ਵਾਲੇ ਕੈਪਟਨ ਰਾਜ ਦੀ ਹਕੀਕਤ ਹੋਈ ਬੇਪਰਦਾ, ਸ਼ਰੇਆਮ ਕਾਂਗਰਸੀ ਵੰਡਦੇ ਦਿਖੇ ਸ਼ਰਾਬ ! (ਤਸਵੀਰਾਂ)
ਪਟਿਆਲਾ: ਸੱਤਾ 'ਚ ਆਉਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਸੀ ਕਿ 4 ਹਫਤਿਆਂ 'ਚ ਨਸ਼ੇ (Drug) ਦਾ ਲੱਕ ਤੋੜ ਦਿਆਂਗੇ। ਪਰ ਇਸ ਬਿਆਨ ਦੀ ਹਕੀਕਤ ਹੁਣ ਬੇਪਰਦਾ ਹੋ ਗਈ ਹੈ। ਦਰਅਸਲ, ਕਾਂਗਰਸੀ ਵਰਕਰ (Congress Worker) ਹੀ ਸ਼ਰਾਬ ਵੰਡਣ 'ਚ ਮਸ਼ਰੂਫ ਹਨ।
ਇੱਥੇ ਹੀ ਬੱਸ ਨਹੀਂ ਸਿਰਫ ਕਾਂਗਰਸੀ ਹੀ ਨਹੀਂ ਸ਼ਰਾਬ (Alcohol)ਵੰਡ ਰਹੇ ਸਗੋਂ ਸਰਕਾਰੀ ਮੁਲਾਜ਼ਮ ਜੋ ਕਿ ਪੰਚਾਇਤ ਸਕੱਤਰ ਹੈ ਉਹ ਵੀ ਸ਼ਰਾਬ ਦੀ ਬੋਰੀ ਖੋਲ੍ਹ ਕੇ ਵੰਡਣ ਵਿਚ ਮੱਦਦ ਕਰ ਰਹੇ ਹਨ। ਜਿਨ੍ਹਾਂ ਦੀ ਪਛਾਣ ਪਟਿਆਲਾ ਦੇ ਪਿੰਡ ਮੋਹੀ ਦੇ ਮੌਜੂਦਾ ਪੰਚ ਅਤੇ ਮੋਹੀ ਅਤੇ ਸੂਰਜਗੜ੍ਹ ਦੇ ਪੰਚਾਇਤ ਸਕੱਤਰ ਵਜੋਂ ਹੋਈ ਹੈ।
ਤੁਹਾਨੂੰ ਦੱਸ ਦੇਈਏ ਕਿ ਘਨੌਰ ਹਲਕੇ ਤੋਂ ਕੁਝ ਲੋਕ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਲਈ ਚੰਡੀਗੜ੍ਹ ਗਏ ਸਨ, ਜਿਸ ਦੌਰਾਨ ਲੋਕਾਂ ਨੂੰ ਸ਼ਰਾਬ ਨਾਲ ਨਿਵਾਜਿਆ ਗਿਆ ਅਤੇ ਸ਼ਰਾਬ ਦੀਆਂ ਬੋਤਲਾਂ ਵੰਡੀਆਂ ਗਈਆਂ।
ਹੋਰ ਪੜ੍ਹੋ: ਧਨੌਲਾ ਦੇ ਲਵਪ੍ਰੀਤ ਦੀ ਖ਼ੁਦਕੁਸ਼ੀ ਦਾ ਮਾਮਲਾ: ਪੁਲਿਸ ਨੇ ਪਤਨੀ ਬੇਅੰਤ ਕੌਰ ਖਿਲਾਫ ਮਾਮਲਾ ਕੀਤਾ ਦਰਜ
ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਬੱਸ ਵਿਚੋਂ ਇਕ ਗੱਟੇ ਵਿੱਚ ਬੰਦ ਸ਼ਰਾਬ ਦੀਆਂ ਕਈ ਬੋਤਲਾਂ ਲੈ ਕੇ ਇਕ ਸ਼ਖ਼ਸ ਨੀਚੇ ਉੱਤਰਦਾ ਹੈ ਅਤੇ ਪੰਚਾਇਤ ਸਕੱਤਰ ਬੋਰੀ ਖੋਲ੍ਹਣ ਦੀ ਪੂਰੀ ਮਦਦ ਕਰ ਰਿਹਾ ਹੈ।
ਪੰਜਾਬ ਸਰਕਾਰ ਦੀ ਪੰਚਾਇਤ ਵਿਭਾਗ ਦੇ ਡਿਪਟੀ ਡਾਇਰੈਕਟਰ ਸੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਸ਼ੰਭੂ ਬਲਾਕ ਦੇ ਬੀ ਡੀ ਓ ਤੋਂ ਇਸ ਸਬੰਧੀ ਰਿਪੋਰਟ ਮੰਗ ਲਈ ਹੈ। ਸ਼ਰਾਬ ਵੰਡਣ ਦੇ ਮਾਮਲੇ ਵਿੱਚ ਜਿੱਥੇ ਪੰਚ ਅਤੇ ਪੰਚਾਇਤ ਸਕੱਤਰ ਸਵਾਲਾਂ ਦੇ ਘੇਰੇ ਵਿੱਚ ਹਨ ਉੱਥੇ ਐਕਸਾਈਜ਼ ਮਹਿਕਮਾ ਅਤੇ ਪੁਲਿਸ ਤੇ ਵੀ ਸਵਾਲ ਖੜ੍ਹੇ ਹੁੰਦੇ ਹਨ।
-PTC News