IPL 2023: ਵਿਰਾਟ ਕੋਹਲੀ ਨੇ IPL 'ਚ ਰਚਿਆ ਇਤਿਹਾਸ, ਉਹ ਕਰ ਦਿਖਾਇਆ ਜੋ ਅੱਜ ਤੱਕ ਕੋਈ ਨਹੀਂ ਕਰ ਸਕਿਆ
Virat Kohli: IPL 2023 ਦਾ 50ਵਾਂ ਮੈਚ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਦਿੱਲੀ ਕੈਪੀਟਲਸ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਾਲੇ ਖੇਡੇ ਗਏ ਇਸ ਮੈਚ 'ਚ ਫਾਫ ਡੁਪਲੇਸਿਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਵਿਰਾਟ ਕੋਹਲੀ ਅਤੇ ਫਾਫ ਬੱਲੇਬਾਜ਼ੀ ਲਈ ਮੈਦਾਨ 'ਤੇ ਆਏ।
ਵਿਰਾਟ ਨੇ ਰਚਿਆ ਇਤਿਹਾਸ
ਦਿੱਲੀ ਵੱਲੋਂ ਦੂਜਾ ਓਵਰ ਅਕਸ਼ਰ ਪਟੇਲ ਨੇ ਕੀਤਾ। ਇਸ ਓਵਰ ਦੀ 5ਵੀਂ ਗੇਂਦ 'ਤੇ ਵਿਰਾਟ ਕੋਹਲੀ ਨੇ ਚੌਕਾ ਜੜਿਆ ਅਤੇ ਉਸ ਦੇ 12 ਦੌੜਾਂ ਪੂਰੀਆਂ ਹੋ ਗਈਆਂ। ਵਿਰਾਟ ਕੋਹਲੀ ਨੇ ਮੈਚ 'ਚ 12 ਦੌੜਾਂ ਬਣਾਉਂਦੇ ਹੀ ਇਤਿਹਾਸ ਰਚ ਦਿੱਤਾ। ਉਹ ਆਈਪੀਐਲ ਦੇ ਇਤਿਹਾਸ ਵਿੱਚ 7000 ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣਿਆ। ਇਸ ਤੋਂ ਪਹਿਲਾਂ ਕੋਹਲੀ ਨੇ IPL 'ਚ 232 ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ 224 ਪਾਰੀਆਂ 'ਚ 36.59 ਦੀ ਔਸਤ ਅਤੇ 129.58 ਦੇ ਸਟ੍ਰਾਈਕ ਰੇਟ ਨਾਲ 6,988 ਦੌੜਾਂ ਬਣਾਈਆਂ। ਕਿੰਗ ਕੋਹਲੀ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਹੁਣ ਤੱਕ 5 ਸੈਂਕੜੇ ਅਤੇ 49 ਅਰਧ ਸੈਂਕੜੇ ਲਗਾਏ ਹਨ।
ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ
ਵਿਰਾਟ ਕੋਹਲੀ ਨੇ IPL 2023 'ਚ ਅੱਜ ਤੱਕ 9 ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ 9 ਪਾਰੀਆਂ 'ਚ 45.50 ਦੀ ਔਸਤ ਅਤੇ 137.88 ਦੇ ਸਟ੍ਰਾਈਕ ਰੇਟ ਨਾਲ 364 ਦੌੜਾਂ ਬਣਾਈਆਂ। ਉਹ ਆਰੇਂਜ ਕੈਪ ਦੀ ਦੌੜ ਵਿੱਚ ਬਣਿਆ ਹੋਇਆ ਹੈ। ਵਿਰਾਟ ਕੋਹਲੀ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਇਸ ਸੂਚੀ 'ਚ ਦੂਜੇ ਨੰਬਰ 'ਤੇ ਸ਼ਿਖਰ ਧਵਨ ਹਨ, ਜਿਨ੍ਹਾਂ ਨੇ 212 ਪਾਰੀਆਂ 'ਚ 6536 ਦੌੜਾਂ ਬਣਾਈਆਂ ਹਨ। ਸੂਚੀ 'ਚ ਡੇਵਿਡ ਵਾਰਨਰ ਤੀਜੇ ਨੰਬਰ 'ਤੇ, ਰੋਹਿਤ ਸ਼ਰਮਾ ਚੌਥੇ ਨੰਬਰ 'ਤੇ ਅਤੇ ਆਈ.ਪੀ.ਐੱਲ. ਸੁਰੇਸ਼ ਰੈਨਾ ਪੰਜਵੇਂ ਨੰਬਰ 'ਤੇ ਹਨ।
- PTC NEWS