ਭਾਰਤ ਭੂਸ਼ਣ ਆਸ਼ੂ ਟੈਂਡਰ ਘਪਲਾ : ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਵਿਜੀਲੈਂਸ ਕੋਲ ਕਰਵਾਏ ਬਿਆਨ ਦਰਜ
ਲੁਧਿਆਣਾ : ਟੈਂਡਰ ਘੁਟਾਲੇ ਮਾਮਲੇ 'ਚ ਫੜੇ ਗਏ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਹੋਰ ਵਧ ਦਾ ਖ਼ਦਸ਼ਾ ਹੈ। ਟੈਂਡਰ ਮਾਮਲੇ ਵਿਚ ਹੋਈ ਗੜਬੜੀ ਨੂੰ ਲੈ ਕੇ ਉਨ੍ਹਾਂ ਦੇ ਹੀ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਵਿਜੀਲੈਂਸ ਵਿਭਾਗ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ। ਇਸ ਤੋਂ ਬਾਅਦ ਇਸ ਮਾਮਲੇ ਵਿੱਚ ਕਈ ਉਲਟਫੇਰ ਹੋਣ ਦੀ ਅਸ਼ੰਕਾ ਹੈ। ਇਕ ਦੋ ਮੁਲਾਜ਼ਮਾਂ ਨੇ ਆਪਣੇ ਬਿਆਨ ਵਿੱਚ ਮੰਨਿਆ ਹੈ ਕਿ ਕਣਕ, ਚੌਲ ਤੇ ਬਾਰਦਾਨੇ ਦੀ ਖ਼ਰੀਦ-ਫ਼ਰੋਖਤ ਵਿਚ ਵੱਡੀ ਗੜਬੜੀ ਹੋਈ ਹੈ। ਫਿਲਹਾਲ ਇਸ ਮਾਮਲੇ 'ਚ 6 ਹੋਰ ਲੋਕਾਂ ਦੇ ਬਿਆਨ ਲੈਣੇ ਬਾਕੀ ਹਨ ਜੋ ਕਿ ਇਸ ਵਿਭਾਗ ਨਾਲ ਸਬੰਧਤ ਹਨ। ਚੌਲਾਂ ਦੀ ਕੁਆਲਿਟੀ ਦੀ ਜਾਂਚ ਨਾਲ ਸਬੰਧਤ ਰਿਪੋਰਟ ਵੀ ਅੱਜ ਆ ਸਕਦੀ ਹੈ।
ਇਸ ਪੂਰੇ ਮਾਮਲੇ ਵਿਚ ਫ਼ਰਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਪੀਏ ਇੰਦਰਜੀਤ ਇੰਦੀ ਤੇ ਪੰਕਜ ਮੀਨੂ ਮਲਹੋਤਰਾ ਦੇ ਵਿਜੀਲੈਂਸ ਵਿਭਾਗ ਨੇ ਅਦਾਲਤ ਵਿੱਚੋਂ ਵਾਰੰਟ ਲਏ ਹਨ। ਇਹ ਵਾਰੰਟ 27 ਅਕਤੂਬਰ ਤੱਕ ਲਈ ਹੀ ਮਿਲੇ ਹਨ ਕਿਉਂਕਿ 40 ਦਿਨ ਬੀਤਣ ਮਗਰੋਂ ਵੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ, ਜਦਕਿ ਇਸ ਮਾਮਲੇ ਵਿਚ ਦੋਵੇਂ ਮੁਲਜ਼ਮਾਂ ਦੇ ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਰਾਜਨਾਥ ਸਿੰਘ ਚੰਡੀਗੜ੍ਹ ਵਿਚ ਕਰਵਾਏ ਜਾ ਰਹੇ ਏਅਰ ਸ਼ੋਅ 'ਚ ਕਰਨਗੇ ਸ਼ਿਰਕਤ
ਗੌਰਤਲਬ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਅਨਾਜ ਚੁੱਕਣ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕੀਤਾ ਸੀ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵਿਜੀਲੈਂਸ ਨੇ ਮੰਡੀਆਂ ਵਿੱਚੋਂ ਅਨਾਜ ਦੀ ਲਿਫਟਿੰਗ ਦਾ ਠੇਕਾ ਲੈਣ ਵਾਲੇ ਠੇਕੇਦਾਰ ਤੇਲੂ ਰਾਮ, ਸਾਥੀ ਜਗਰੂਪ ਸਿੰਘ, ਗੁਰਦਾਸ ਰਾਮ ਐਂਡ ਕੰਪਨੀ ਅਤੇ ਸੰਦੀਪ ਭਾਟੀਆ ਖ਼ਿਲਾਫ਼ ਕੇਸ ਦਰਜ ਕਰਕੇ ਤੇਲੂ ਰਾਮ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।
-PTC News