ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਭ੍ਰਿਸ਼ਟਾਚਾਰ ਕਰਨ ਵਾਲੇ ਬਲਾਕ ਪ੍ਰਧਾਨ ਨੂੰ ਜਥੇਬੰਦੀ ਵਿੱਚੋਂ ਕੱਢਿਆ
ਪਟਿਆਲਾ, 19 ਜੂਨ: ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਇੱਕ ਐਮਰਜੈੰਸੀ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ, ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਮੀਤ ਪ੍ਰਧਾਨ ਰੇਸ਼ਮ ਸਿੰਘ ਮਿੱਢਾ, ਸੂਬਾ ਖਜਾਨਚੀ ਗੁਰਮੀਤ ਸਿੰਘ ਦਿੱਤੂਪੁਰ, ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਤੋਂ ਇਲਾਵਾ ਵੱਖ ਵੱਖ ਜਿਲਿਆਂ ਦੇ ਪ੍ਰਧਾਨ ਅਤੇ ਸਕੱਤਰ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਦਫ਼ਤਰ ਉੱਪਰ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹੇ ਕਿਸਾਨ
ਇਸ ਮੀਟਿੰਗ ਵਿੱਚ ਪਿਛਲੇ ਸਮੇਂ ਅੰਦਰ ਕਿਸਾਨ ਮੋਰਚੇ ਦੌਰਾਨ ਵੱਡਾ ਭਰਿਸ਼ਟਾਚਾਰ ਕਰਨ ਵਾਲੇ ਜ਼ਿਲ੍ਹਾ ਪਟਿਆਲਾ ਦੇ ਬਲਾਕ 2 ਦੇ ਪ੍ਰਧਾਨ ਗੁਰਧਿਆਨ ਸਿੰਘ ਸਿਉਣਣਾ ਨੂੰ ਸਰਬਸਮੰਤੀ ਨਾਲ ਜਥੇਬੰਦੀ ਦੀ ਮੁੱਢਲੀ ਮੈੰਬਰਸ਼ਿਪ ਤੋਂ ਖਾਰਜ ਕਰਕੇ ਜਥੇਬੰਦੀ ਚੋਂ ਬਾਹਰ ਕੱਢਿਆ ਗਿਆ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿੰਮਾ ਨੇ ਕਿਹਾ ਕਿ ਕਿਸਾਨ ਮੋਰਚੇ ਦੌਰਾਨ ਸ਼ੰਭੂ ਕਲਾਂ ਨੇੜੇ ਇੱਕ ਅੰਬਾਨੀ ਨਾਲ ਸਬੰਧਤ ਸਟੋਰ ਕਿਸਾਨ ਜਥੇਬੰਦੀ ਨੇ ਧਰਨਾ ਲਾ ਕੇ ਬੰਦ ਕੀਤਾ ਸੀ, ਜਿਸ ਨੂੰ ਅੰਦੋਲਨ ਦੇ ਅਖੀਰਲੇ ਦਿਨਾਂ ਅੰਦਰ ਗੁਰਧਿਆਨ ਸਿੰਘ ਸਿਉਣਾ ਨੇ ਸਟੋਰ ਮਾਲਕਾਂ ਤੋਂ 7 ਲੱਖ ਰੂਪੈ ਲੈਕੇ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਧਰਨਾ ਚੁਕਵਾ ਦਿੱਤਾ ਅਤੇ ਸਟੋਰ ਖੁਲਵਾ ਦਿੱਤਾ ਸੀ।
ਇਸ ਮਸਲੇ ਸਬੰਧੀ ਜਦੋ ਲਿਖਤੀ ਸ਼ਿਕਾਇਤ ਜਥੇਬੰਦੀ ਕੋਲ ਆਈ ਤਾਂ ਜਥੇਬੰਦੀ ਵਲੋਂ ਇਸਦੀ ਪੜਤਾਲ ਲਈ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਅਤੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਦੀ ਤਿੰਨ ਮੈੰਬਰੀ ਕਮੇਟੀ ਬਣਾ ਦਿੱਤੀ ਗਈ। ਜਿਸਨੇ ਸਾਰੀ ਪੜਤਾਲ ਕਰਕੇ ਸੂਬਾ ਕਮੇਟੀ ਨੂੰ ਜੋ ਸਿਫਾਰਸ਼ਾਂ ਕੀਤੀਆਂ, ਉਸ ਉੱਪਰ ਸੂਬਾ ਕਮੇਟੀ ਵੱਲੋਂ ਮੋਹਰ ਲਾਉਦਿਆਂ ਗੁਰਧਿਆਨ ਸਿੰਘ ਸਿਉਣਾ ਨੂੰ ਉਸਦੇ ਅਹੁਦੇ ਸਮੇਤ ਮੁੱਢਲੀ ਮੈੰਬਰਸ਼ਿਪ ਤੋਂ ਬਰਖਾਸਤ ਕਰਕੇ ਜਥੇਬੰਦੀ ਵਿੱਚੋਂ ਬਾਹਰ ਕਰ ਦਿੱਤਾ ਹੈ।
ਇਸ ਸਬੰਧੀ ਜਥੇਬੰਦੀ ਦੇ ਪ੍ਰਧਾਨ ਡਾ ਦਰਸ਼ਨਪਾਲ ਨੇ ਕਿਹਾ ਕਿ ਜਥੇਬੰਦੀ ਅੰਦਰ ਕਿਸੇ ਵੀ ਤਰਾਂ ਦਾ ਭਰਿਸ਼ਟਾਚਾਰ ਬਰਦਾਸ਼ਤਯੋਗ ਨਹੀ ਹੈ। ਉਨ੍ਹਾਂ ਕਿਹਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਹਮੇਸ਼ਾ ਮਿਹਨਤਕਸ਼ ਕਿਸਾਨਾਂ ਅਤੇ ਲੋਕਾਂ ਦੀ ਨੁਮਾਇੰਦਗੀ ਕਰਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਸਿਰਫ ਅਤੇ ਸਿਰਫ ਮਿਹਨਤਕਸ਼ ਵਰਗ ਦੀ ਹੀ ਨੁਮਾਇੰਦਗੀ ਕਰੇਗੀ।
ਕੇੰਦਰ ਸਰਕਾਰ ਦੀ ਅਗਨੀਪੱਥ ਸਕੀਮ ਦੇ ਹੋ ਰਹੇ ਵਿਰੋਧ ਨੂੰ ਵੇਖਦਿਆਂ ਉਨ੍ਹਾਂ ਕਿਹਾ ਕਿ ਕੇੰਦਰ ਸਰਕਾਰ ਨੂੰ ਨੌਜਵਾਨਾਂ ਦੇ ਭਵਿੱਖ ਨੂੰ ਕਾਰਪੋਰੇਟਾਂ ਦੇ ਹਵਾਲੇ ਨਹੀ ਕਰਨਾ ਚਾਹੀਦਾ, ਸਗੋ ਰੁਜ਼ਗਾਰ ਗਰੰਟੀ ਦੇ ਕੇ ਸੁਰੱਖਿਅਤ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਗਨੀਪੱਥ ਸਕੀਮ ਨੂੰ ਤਰੁੰਤ ਵਾਪਸ ਲਵੇ ਅਤੇ ਪਹਿਲਾਂ ਦੀ ਤਰਾਂ ਹੀ ਰੈਗੂਲਰ ਭਰਤੀ ਜਾਰੀ ਰੱਖੇ।
ਇਹ ਵੀ ਪੜ੍ਹੋ: ਮਾਨ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਕਿਸਾਨਾਂ ਨੇ ਸ਼ੁਰੂ ਕੀਤੀ ਝੋਨੇ ਦੀ ਲੁਆਈ, ਅਧਿਕਾਰੀਆਂ ਤੇ ਪੁਲਿਸ ਨੂੰ ਦਿੱਤੀ ਚੇਤਾਵਨੀ
ਉਨ੍ਹਾਂ ਨੇ ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਸਾਂਝੇ ਵਿਦਿਆਰਥੀ ਮੋਰਚੇ ਦੀ ਹਮਾਇਤ ਕਰਦਿਆਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ।
-PTC News