Lakhimpur Kheri Case: ਕਿਸਾਨ ਸੰਗਠਨਾਂ ਦੇ ਐਲਾਨ ਮਗਰੋਂ ਯੂਪੀ 'ਚ ਅਲਰਟ ਜਾਰੀ, IPS ਅਫ਼ਸਾਰ ਤਾਇਨਾਤ
ਨਵੀਂ ਦਿੱਲੀ: ਲਖੀਮਪੁਰ ਹਿੰਸਾ ਮਾਮਲੇ ਵਿਚ ਹੁਣ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਚਲਦੇ ਹੁਣ ਕਿਸਾਨ ਸੰਗਠਨ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਨ ਦੀ ਮੰਗ 'ਤੇ ਅੜੇ ਹਨ। ਇਸ ਵਿਚਕਾਰ ਹੁਣ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਜੇਕਰ ਮੰਤਰੀ ਨੂੰ 11 ਅਕਤੂਬਰ ਤੱਕ ਬਰਖਾਸਤ ਨਾ ਕੀਤਾ ਗਿਆ ਤਾਂ ਇਸ ਖਿਲਾਫ ਦੇਸ਼ ਵਿਆਪੀ ਅੰਦੋਲਨ ਕੀਤਾ ਜਾਵੇਗਾ। ਕਿਸਾਨ ਸੰਗਠਨਾਂ ਦੇ ਐਲਾਨ ਮਗਰੋਂ ਯੂਪੀ 'ਚ ਅਲਰਟ ਜਾਰੀ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ 20 ਆਈਪੀਐਸ ਤਾਇਨਾਤ ਕੀਤੇ ਗਏ ਹਨ।
ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚਾ ਨੇ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਇਹ ਫੈਸਲਾ ਕੀਤਾ ਹੈ। ਲਖੀਮਪੁਰ ਹਿੰਸਾ ਮਾਮਲੇ ਵਿਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਹੈ, ਉਨ੍ਹਾਂ ਦੇ ਘਰ 12 ਅਕਤੂਬਰ ਨੂੰ ਭੋਗ ਦੀ ਰਸਮ ਹੈ। ਉਸ ਦਿਨ ਕਿਸਾਨ ਸੰਗਠਨਾਂ ਨੇ ਲਖੀਮਪੁਰ ਤੋਂ ਇਲਾਵਾ ਆਪਣੇ ਖੇਤਰਾਂ ਵਿੱਚ ਇਸ ਦਾ ਆਯੋਜਨ ਕਰਨ ਦਾ ਐਲਾਨ ਕੀਤਾ ਹੈ।
ਇਸ ਦੇ ਮੱਦੇਨਜ਼ਰ ਯੋਗੀ ਸਰਕਾਰ ਨੇ ਉਨ੍ਹਾਂ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਹੈ ਜਿੱਥੇ ਗੜਬੜ ਹੋ ਸਕਦੀ ਹੈ। ਇਹ ਫੈਸਲਾ ਐਤਵਾਰ ਨੂੰ ਮੁੱਖ ਮੰਤਰੀ ਦੇ ਘਰ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਇਨ੍ਹਾਂ ਖੇਤਰਾਂ ਵਿੱਚ 20 ਆਈਪੀਐਸ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਏਡੀਜੀ ਤੇ ਆਈਜੀ ਰੈਂਕ ਦੇ ਪੁਲਿਸ ਅਧਿਕਾਰੀ ਲਖੀਮਪੁਰ ਜ਼ਿਲ੍ਹੇ ਵਿੱਚ ਤਾਇਨਾਤ ਕੀਤੇ ਗਏ ਹਨ।
ਸੰਯੁਕਤ ਕਿਸਾਨ ਮੋਰਚਾ ਨੇ 12 ਅਕਤੂਬਰ ਨੂੰ ਦੇਸ਼ ਭਰ ਵਿੱਚ ਸ਼ਹੀਦ ਕਿਸਾਨ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਪੀਲ ਕੀਤੀ ਗਈ ਹੈ ਕਿ ਉਸ ਦਿਨ ਮਾਰੇ ਗਏ ਸਾਰੇ ਲੋਕ ਫਿਰ ਸ਼ਰਧਾਂਜਲੀ ਦੇਣ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕਰਨਗੇ। ਸ਼ਾਮ ਨੂੰ ਕੈਂਡਲ ਮਾਰਚ ਕੱਢਿਆ ਜਾਵੇਗਾ।
-PTC News