ਮਾਰਕ ਜ਼ੁਕਰਬਰਗ ਦਾ ਫੇਸਬੁੱਕ ਨੂੰ ਲੈ ਕੇ ਵੱਡਾ ਐਲਾਨ, ਬਦਲਿਆ ਨਾਮ
Facebook New Name: ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਵੱਡਾ ਐਲਾਨ ਕੀਤਾ ਹੈ। ਇਸ ਐਲਾਨ ਵਿੱਚ ਫੇਸਬੁੱਕ ਨੇ ਕੰਪਨੀ ਦਾ ਨਾਂਅ ਬਦਲ ਕੇ ਮੇਟਾ ਕਰ ਦਿੱਤਾ ਗਿਆ ਹੈ। ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕੰਪਨੀ ਦੀ ਕਨੈੱਕਟ ਵਰਚੂਅਲ ਰਿਐਲਿਟੀ ਕਾਨਫ਼ਰੰਸ ਵਿਚ ਕਿਹਾ ਕਿ ਸਾਡੇ ਲਈ ਇਹ ਸਮਾਂ ਆ ਗਿਆ ਹੈ ਕਿ ਅਸੀਂ ਹਰ ਚੀਜ਼ ਨੂੰ ਸ਼ਾਮਿਲ ਕਰਨ ਲਈ ਇਕ ਨਵਾਂ ਕੰਪਨੀ ਬਰਾਂਡ ਅਪਣਾਈਏ।
ਇਸ ਦੌਰਾਨ ਫੇਸਬੁੱਕ ਤੋਂ ਟਵਿਟਰ 'ਤੇ ਲਿਖਿਆ ਗਿਆ, ''ਫੇਸਬੁੱਕ ਦੀ ਕੰਪਨੀ ਦਾ ਨਵਾਂ ਨਾਂ ਮੇਟਾ ਹੋਵੇਗਾ। ਮੈਟਾ ਮੇਟਾਵਰਸ ਬਣਾਉਣ 'ਚ ਮਦਦ ਕਰੇਗਾ। ਇੱਕ ਅਜਿਹੀ ਥਾਂ ਜਿੱਥੇ ਅਸੀਂ 3D ਤਕਨਾਲੋਜੀ ਰਾਹੀਂ ਇੱਕ ਦੂਜੇ ਨਾਲ ਜੁੜਾਂਗੇ। ਸਮਾਜਿਕ ਰੁਝੇਵਿਆਂ ਦੇ ਅਗਲੇ ਚੈਪਟਰ ਵਿੱਚ ਤੁਹਾਡਾ ਸੁਆਗਤ ਹੈ।''
Facebook announces changing company name to "Meta", reports AFP News Agency
— ANI (@ANI) October 28, 2021
ਫੇਸਬੁੱਕ ਵੱਲੋਂ 15 ਸੈਕਿੰਡ ਦੀ ਇੱਕ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਫੇਸਬੁੱਕ ਦਾ ਨਾਂਅ ਬਦਲ ਕੇ ਹੁਣ ਮੇਟਾ ਕਰ ਦਿੱਤਾ ਗਿਆ ਹੈ। ਇਸ ਵੀਡੀਓ 'ਚ ਮੈਟਾ ਦਾ ਲੋਗੋ ਵੀ ਜਾਰੀ ਕੀਤਾ ਗਿਆ ਹੈ। ਮੇਟਾ ਦਾ ਲੋਗੋ ਵਰਟੀਕਲ ਅੱਠ (8) ਦੀ ਤਰਜ਼ 'ਤੇ ਨੀਲੇ ਰੰਗ ਵਿੱਚ ਜਾਰੀ ਕੀਤਾ ਗਿਆ ਹੈ।
ਪਿਛਲੇ ਮਹੀਨੇ ਫੇਸਬੁੱਕ ਨੇ ਆਪਣੀ ਮੇਟਾਵਰਸ ਬਣਾਉਣ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਸੀ। ਦੱਸ ਦਈਏ ਕਿ ਮੈਟਾਵਰਸ ਸ਼ਬਦ ਦੀ ਵਰਤੋਂ ਡਿਜੀਟਲ ਦੁਨੀਆ ਵਿੱਚ ਵਰਚੁਅਲ, ਇੰਟਰਐਕਟਿਵ ਸਪੇਸ ਨੂੰ ਜਾਣਨ ਅਤੇ ਸਮਝਣ ਲਈ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਹ ਵੀ ਦੱਸ ਦੇਈਏ ਕਿ ਮੈਟਾਵਰਸ ਇੱਕ ਵਰਚੁਅਲ ਸੰਸਾਰ ਹੈ ਜਿੱਥੇ ਇੱਕ ਵਿਅਕਤੀ ਮੌਜੂਦ ਹੋ ਸਕਦਾ ਹੈ ਭਾਵੇਂ ਉਹ ਸਰੀਰਕ ਤੌਰ 'ਤੇ ਮੌਜੂਦ ਨਾ ਹੋਵੇ।
-PTC News