ਦੂਸਰਿਆਂ ਦੀ ਮਦਦ ਕਰਨ ਲਈ ਸਿੱਖਾਂ ਦੇ ਸਮਰਪਣ ਦੀ ਆਸਟ੍ਰੇਲੀਆਈ ਸੰਸਦ ਮੈਂਬਰ ਨੇ ਕੀਤੀ ਸ਼ਲਾਘਾ
ਅੰਮ੍ਰਿਤਸਰ: ਆਸਟ੍ਰੇਲੀਆ ਦੇ ਵਿਕਟੋਰੀਆ ਤੋਂ ਸੰਸਦ ਮੈਂਬਰ ਬ੍ਰੈਡ ਬੈਟਿਨ ਵੀਰਵਾਰ ਨੂੰ ਅੰਮ੍ਰਿਤਸਰ ਪਹੁੰਚੇ। ਅੰਮ੍ਰਿਤਸਰ ਆਉਂਦਿਆਂ ਹੀ ਉਹ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ। ਕੁਝ ਆਸਟ੍ਰੇਲੀਅਨ ਅਧਿਕਾਰੀਆਂ ਨਾਲ ਪਹੁੰਚੇ ਐੱਮ.ਪੀ. ਬਰੈਡ ਨੇ ਪੰਜਾਬੀਆਂ ਦੇ ਸਨਮਾਨ ਵਿੱਚ ਕੁਝ ਅਜਿਹੀਆਂ ਗੱਲਾਂ ਕਹੀਆਂ, ਜਿਨ੍ਹਾਂ ਨੂੰ ਸੁਣ ਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਗੱਲ ਵੀ ਕਹੀ।
ਆਸਟ੍ਰੇਲੀਅਨ ਮੈਂਬਰ ਪਾਰਲੀਮੈਂਟ ਬ੍ਰੈਡ ਬੈਟਿਨ ਨੇ ਕਿਹਾ, “ਮੈਂ ਸੰਕਟ ਦੀ ਘੜੀ ਵਿੱਚ ਲੋੜਵੰਦਾਂ ਦੀ ਮਦਦ ਕਰਨ ਲਈ ਸਿੱਖ ਭਾਈਚਾਰੇ ਦੀ ਪ੍ਰਸ਼ੰਸਾ ਕਰਦਾ ਹਾਂ।” ਉਹ ਵੀਰਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਵਿੱਤਰ ਨਗਰੀ ਵਿੱਚ ਸਨ। ਉਹ ਦਿਨ ਵਿੱਚ ਤਿੰਨ ਵਾਰ ਰਿਕਾਰਡ ਗਿਣਤੀ ਵਿੱਚ ਸੰਗਤਾਂ ਨੂੰ ਲੰਗਰ ਪਕਾਉਣ ਅਤੇ ਵਰਤਾਉਣ ਦੀ ਪ੍ਰਕਿਰਿਆ ਨੂੰ ਦੇਖਣ ਲਈ ਗੁਰੂ ਰਾਮਦਾਸ ਲੰਗਰ ਹਾਲ ਵੀ ਗਏ।
ਵੀਰਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬ੍ਰੈਡ ਨੇ ਕਿਹਾ ਕਿ ਉਹ ਪੰਜਾਬੀਆਂ ਦੀ ਮਹਿਮਾਨਨਿਵਾਜ਼ੀ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਸਿੱਖਾਂ ਦੀ ਇੱਛਾ ਤੋਂ ਪ੍ਰਭਾਵਿਤ ਹਨ। ਉਨ੍ਹਾਂ ਯਾਦ ਕੀਤਾ ਕਿ ਜਦੋਂ ਆਸਟ੍ਰੇਲੀਆ ਵਿੱਚ ਜੰਗਲਾਂ ਨੂੰ ਅੱਗ ਲੱਗੀ ਹੋਈ ਸੀ ਤਾਂ ਅੱਗ ਬੁਝਾਊ ਦਸਤੇ ਨੂੰ ਸਿੱਖਾਂ ਵੱਲੋਂ ਲੰਗਰ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਵੀ ਸਿੱਖ ਭਾਈਚਾਰੇ ਵੱਲੋਂ ਲੋਕਾਂ ਵਿੱਚ ਲੰਗਰ ਵਰਤਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆਈ ਸਿੱਖ ਧਰਮ ਦੇ ਇਸ ਅਭਿਆਸ ਤੋਂ ਪ੍ਰਭਾਵਿਤ ਸਨ।
ਪਵਿੱਤਰ ਨਗਰੀ ਦੇ ਦੌਰੇ ਦੌਰਾਨ ਬ੍ਰੈਡ ਆਪਣੇ ਸਾਥੀਆਂ ਦੇ ਨਾਲ ਸੀ। ਉਨ੍ਹਾਂ ਕਿਹਾ ਕਿ ਉਹ ਪੰਜਾਬੀ ਸੱਭਿਆਚਾਰ ਦਾ ਅਨੁਭਵ ਕਰਨ ਅਤੇ ਸਿੱਖ ਧਰਮ, ਲੋਕਾਂ ਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਬਾਰੇ ਜਾਣਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਵੱਡੀ ਗਿਣਤੀ ਵਿਚ ਪੰਜਾਬੀਆਂ ਅਤੇ ਖਾਸ ਤੌਰ 'ਤੇ ਸਿੱਖ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ। ਬਾਅਦ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਸਦ ਮੈਂਬਰ ਨੂੰ ਸਨਮਾਨਿਤ ਕੀਤਾ ਗਿਆ।
The Sikh community have much to offer. The volunteering, support for those in need and commitment to humanitarian causes is above and beyond.
We thank them for their service in Vic including at disasters like our major bushfires, floods and even their support for feeding locals https://t.co/OdxU3mzhmM — Brad Battin MP (@BradBattinMP) September 7, 2023
ਗੁਜਰਾਤ-ਦਿੱਲੀ ਵਿੱਚ ਯੂਨੀਵਰਸਿਟੀ ਦੇ ਦੌਰੇ 'ਤੇ
ਬ੍ਰੈਡ ਨੇ ਦੱਸਿਆ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਹਨ। ਭਾਰਤ ਤੋਂ ਇਲਾਵਾ ਆਸਟ੍ਰੇਲੀਆ ਦੇ ਲੋਕ ਵੀ ਸ੍ਰੀ ਹਰਿਮੰਦਰ ਸਾਹਿਬ ਦਾ ਸਤਿਕਾਰ ਕਰਦੇ ਹਨ। ਉਹ ਇਸ ਨੂੰ ਦੇਖਣ ਲਈ ਦੁਬਾਰਾ ਆਉਣਾ ਚਾਹੁੰਦੇ ਹਨ। ਬ੍ਰੈਡ ਨੇ ਦੱਸਿਆ ਕਿ ਉਹ ਗੁਜਰਾਤ ਅਤੇ ਦਿੱਲੀ ਯੂਨੀਵਰਸਿਟੀ ਦੇ ਦੌਰੇ 'ਤੇ ਨੇ, ਤਾਂ ਜੋ ਇੱਥੋਂ ਦੇ ਸੱਭਿਆਚਾਰ ਨੂੰ ਜਾਣਿਆ ਜਾ ਸਕੇ। ਇਸ ਤੋਂ ਇਲਾਵਾ ਉਹ ਕਿਸਾਨਾਂ ਨਾਲ ਵੀ ਮੁਲਾਕਾਤ ਕਰਨਗੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਖੇਤੀਬਾੜੀ ਦੇ ਖੇਤਰ ਵਿੱਚ ਆਸਟ੍ਰੇਲੀਆ-ਭਾਰਤ ਸਬੰਧਾਂ ਵਿੱਚ ਸੁਧਾਰ ਹੋ ਸਕੇ।
- With inputs from our correspondent