ਚੰਡੀਗੜ੍ਹ: ਦੀਵਾਲੀ ਦੀ ਰਾਤ ਆਈ.ਏ.ਐਸ ਅਧਿਕਾਰੀ ਦੇ ਘਰ 'ਤੇ ਅਣਪਛਾਤਿਆਂ ਵੱਲੋਂ ਫਾਇਰਿੰਗ
ਚੰਡੀਗੜ੍ਹ: ਦੀਵਾਲੀ ਦੀ ਰਾਤ ਪੰਜਾਬ ਕੇਡਰ ਦੇ ਇਕ ਆਈ.ਏ.ਐਸ ਅਧਿਕਾਰੀ ਦੇ ਘਰ 'ਤੇ ਗੋਲੀ ਚਲਾਈ ਗਈ। ਇਹ ਘਟਨਾ ਚੰਡੀਗੜ੍ਹ ਦੇ ਸੈਕਟਰ 24 ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਦੀ ਦੱਸੀ ਜਾ ਰਹੀ ਹੈ।
ਜਿਥੇ ਅਣਪਛਾਤੇ ਹਮਲਾਵਰਾਂ ਨੇ ਆਈ.ਏ.ਐਸ. ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਦੇ ਘਰ 'ਤੇ ਗੋਲੀਆਂ ਚਲਾ ਦਿੱਤੀਆਂ।
ਘਟਨਾ ਸਮੇਂ ਵਰਿੰਦਰ ਕੁਮਾਰ ਸ਼ਰਮਾ ਆਪਣੇ ਪੂਰੇ ਪਰਿਵਾਰ ਨਾਲ ਘਰ 'ਚ ਮੌਜੂਦ ਸੀ। ਇਸ ਗੋਲੀਬਾਰੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਹਾਸਿਲ ਜਾਣਕਾਰੀ ਅਨੁਸਾਰ ਪੰਜਾਬ ਦੇ ਸੀਨੀਅਰ ਆਈ.ਏ.ਐਸ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਦੀਵਾਲੀ ਦੀ ਰਾਤ ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਇਸ਼ ’ਤੇ ਪੂਜਾ ਅਰਚਨਾ ਕਰਨ ਮਗਰੋਂ ਪਰਿਵਾਰਕ ਮੈਂਬਰਾਂ ਨਾਲ ਬੈਠੇ ਸਨ। ਇਸ ਦੇ ਨਾਲ ਹੀ ਸੜਕ ਤੋਂ ਅਣਪਛਾਤੇ ਬਦਮਾਸ਼ਾਂ ਵੱਲੋਂ ਉਨ੍ਹਾਂ ਦੇ ਘਰ 'ਤੇ ਗੋਲੀਬਾਰੀ ਕੀਤੀ ਗਈ।
ਬਦਮਾਸ਼ਾਂ ਵੱਲੋਂ ਚਲਾਈ ਗਈ ਗੋਲੀ ਉਨ੍ਹਾਂ ਦੀ ਕੋਠੀ 'ਚ ਉਨ੍ਹਾਂ ਦੇ ਬੈੱਡਰੂਮ ਦੀ ਇੱਕ ਖਿੜਕੀ ਵਿੱਚ ਲੱਗੀ। ਖਿੜਕੀ ਨਾਲ ਟਕਰਾਉਣ ਤੋਂ ਬਾਅਦ ਗੋਲੀ ਉਥੇ ਹੀ ਜਾ ਡਿੱਗੀ ਅਤੇ ਇਸ ਕਾਰਨ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਇਸ ਘਟਨਾ ਤੋਂ ਬਾਅਦ ਵਰਿੰਦਰ ਕੁਮਾਰ ਸ਼ਰਮਾ ਨੇ ਖੁਦ ਰਾਤ 11:30 ਵਜੇ ਚੰਡੀਗੜ੍ਹ ਪੁਲਿਸ ਨੂੰ ਇਸ ਵਾਰਦਾਤ ਵਾਰੇ ਸੂਚਿਤ ਕੀਤਾ।
ਇਸ ਘਟਨਾ ਤੋਂ ਬਾਅਦ ਆਈਏਐਸ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਇਹ ਵੀ ਸੰਭਵ ਹੈ ਕਿ ਦੀਵਾਲੀ ਦੇ ਜਸ਼ਨਾਂ ਦੌਰਾਨ ਕਿਸੇ ਨੇ ਗੋਲੀਬਾਰੀ ਕੀਤੀ ਹੋਵੇ।
ਮਾਮਲਾ ਸੀਨੀਅਰ ਸਰਕਾਰੀ ਅਫ਼ਸਰ ਨਾਲ ਸਬੰਧਤ ਹੋਣ ਕਾਰਨ ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ।
ਮੌਕੇ 'ਤੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਗੋਲੀ ਦਾ ਖੋਲ ਬਰਾਮਦ ਕੀਤਾ ਗਿਆ ਅਤੇ ਬਾਕੀ ਨਮੂਨੇ ਵੀ ਲੈ ਲਏ ਗਏ ਹਨ।
ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਡੀ.ਆਰ. ਦਰਾਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: NIA ਨੇ ਪੰਜਾਬ ਵਿੱਚ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਮਾਮਲੇ ਵਿੱਚ ਦਾਇਰ ਕੀਤੀ ਚਾਰਜਸ਼ੀਟ
- PTC NEWS