Indigo ਦੀ ਸ਼ਿਰਡੀ ਉਡਾਣ ਦੌਰਾਨ ਨਸ਼ੇ 'ਚ ਟੱਲੀ ਯਾਤਰੀ ਨੇ ਏਅਰ ਹੋਸਟਸ ਨਾਲ ਕੀਤੀ ਛੇੜਛਾੜ, ਮੈਡੀਕਲ 'ਚ ਹੋਈ ਪੁਸ਼ਟੀ
Indigo Air Hostess Molestation : ਇੰਡੀਗੋ ਦੀ ਉਡਾਣ ਵਿੱਚ ਇੱਕ ਸ਼ਰਾਬੀ ਯਾਤਰੀ ਨੇ ਇੱਕ ਏਅਰ ਹੋਸਟੇਸ ਨਾਲ ਛੇੜਛਾੜ ਕੀਤੀ। ਇਹ ਘਟਨਾ 2 ਮਈ ਦੀ ਹੈ। ਪਰ ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ, 2 ਮਈ ਨੂੰ ਦਿੱਲੀ ਤੋਂ ਸ਼ਿਰਡੀ ਜਾ ਰਹੀ ਇੰਡੀਗੋ ਫਲਾਈਟ (Indigo Flight) 6E 6404 ਵਿੱਚ, ਇੱਕ ਸ਼ਰਾਬੀ ਯਾਤਰੀ ਨੇ ਏਅਰ ਹੋਸਟੇਸ ਨਾਲ ਛੇੜਛਾੜ ਕੀਤੀ। ਇਸ ਘਟਨਾ ਤੋਂ ਬਾਅਦ, ਏਅਰ ਹੋਸਟੇਸ ਨੇ ਇਸ ਮਾਮਲੇ ਬਾਰੇ ਕਰੂ ਮੈਨੇਜਰ ਨੂੰ ਸੂਚਿਤ ਕੀਤਾ। ਏਅਰਹੋਸਟੈੱਸ ਦੀ ਸ਼ਿਕਾਇਤ 'ਤੇ, ਯਾਤਰੀ ਨੂੰ ਸੁਰੱਖਿਆ ਬਲਾਂ ਨੇ ਸ਼ਿਰਡੀ ਹਵਾਈ ਅੱਡੇ (Shirdi Airport) 'ਤੇ ਉਤਰਦੇ ਹੀ ਹਿਰਾਸਤ ਵਿੱਚ ਲੈ ਲਿਆ।
ਇੰਡੀਗੋ ਨੇ ਬਿਆਨ ਜਾਰੀ ਕਰਕੇ ਦਿੱਤੀ ਜਾਣਕਾਰੀ
ਇੰਡੀਗੋ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਅਸੀਂ 2 ਮਈ, 2025 ਨੂੰ ਦਿੱਲੀ ਤੋਂ ਸ਼ਿਰਡੀ ਜਾਣ ਵਾਲੀ ਉਡਾਣ 6E 6404 ਵਿੱਚ ਵਾਪਰੀ ਘਟਨਾ ਤੋਂ ਜਾਣੂ ਹਾਂ, ਜਿਸ ਵਿੱਚ ਇੱਕ ਗਾਹਕ ਨੇ ਕੈਬਿਨ ਕਰੂ ਨਾਲ ਦੁਰਵਿਵਹਾਰ ਕੀਤਾ ਸੀ। ਸਾਡੇ ਅਮਲੇ ਨੇ ਮਿਆਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਅਤੇ ਗਾਹਕ ਨੂੰ ਬੇਕਾਬੂ ਐਲਾਨ ਦਿੱਤਾ, ਉਪਰੰਤ ਲੈਂਡਿੰਗ ਤੋਂ ਬਾਅਦ ਗਾਹਕ ਨੂੰ ਸੁਰੱਖਿਆ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ।
ਇੰਡੀਗੋ ਨੇ ਜਾਰੀ ਪ੍ਰੈਸ ਨੋਟ ਵਿੱਚ ਅੱਗੇ ਲਿਖਿਆ ਕਿ ਅਸੀਂ ਸਾਰਿਆਂ ਲਈ ਇੱਕ ਸੁਰੱਖਿਅਤ ਅਤੇ ਸਤਿਕਾਰਯੋਗ ਵਾਤਾਵਰਣ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਅਤੇ ਕਿਸੇ ਵੀ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ।
ਪੁਲਿਸ ਨੇ ਕਿਹਾ- ਸ਼ਰਾਬ ਦੇ ਨਸ਼ੇ 'ਚ ਸੀ ਮੁਲਜ਼ਮ, ਟੁਆਇਲਟ ਨੇੜੇ ਕੀਤੀ ਛੇੜਛਾੜ
ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦਿੱਲੀ ਤੋਂ ਸ਼ਿਰਡੀ ਜਾ ਰਹੀ ਇੰਡੀਗੋ ਦੀ ਉਡਾਣ ਵਿੱਚ ਇੱਕ ਵਿਅਕਤੀ ਨੇ ਇੱਕ ਏਅਰ ਹੋਸਟੇਸ ਨਾਲ ਛੇੜਛਾੜ ਕੀਤੀ। ਮੁਲਜ਼ਮ ਸ਼ਰਾਬ ਦੇ ਨਸ਼ੇ ਵਿੱਚ ਸੀ। ਉਸ ਨੇ ਫਲਾਈਟ ਦੇ ਟੁਆਇਲਟ ਨੇੜੇ ਏਅਰ ਹੋਸਟੇਸ ਨੂੰ ਗਲਤ ਢੰਗ ਨਾਲ ਛੂਹਿਆ। ਜਿਵੇਂ ਹੀ ਫਲਾਈਟ ਸ਼ਿਰਡੀ ਹਵਾਈ ਅੱਡੇ 'ਤੇ ਉਤਰੀ, ਸੁਰੱਖਿਆ ਕਰਮਚਾਰੀਆਂ ਨੇ ਯਾਤਰੀ ਨੂੰ ਹਿਰਾਸਤ ਵਿੱਚ ਲੈ ਲਿਆ।
ਯਾਤਰੀ ਵਿਰੁੱਧ ਛੇੜਛਾੜ ਦਾ ਮਾਮਲਾ ਦਰਜ
ਪੁਲਿਸ ਅਨੁਸਾਰ, ਫੜੇ ਜਾਣ ਤੋਂ ਬਾਅਦ, ਯਾਤਰੀ ਨੂੰ ਰਾਹਾਟਾ ਪੁਲਿਸ ਸਟੇਸ਼ਨ ਲਿਜਾਇਆ ਗਿਆ, ਜਿੱਥੇ ਉਸ ਵਿਰੁੱਧ ਛੇੜਛਾੜ ਦਾ ਮਾਮਲਾ ਦਰਜ ਕੀਤਾ ਗਿਆ ਸੀ। ਡਾਕਟਰੀ ਜਾਂਚ ਵਿੱਚ ਪੁਸ਼ਟੀ ਹੋਈ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ। ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਖਬਰ ਅਪਡੇਟ ਜਾਰੀ...
- PTC NEWS