ਮਾਈਨਿੰਗ ਕਾਰੋਬਾਰੀ ਅਤੇ ਭਾਰਤੀ ਅਰਬਪਤੀ ਹਰਪਾਲ ਰੰਧਾਵਾ ਅਤੇ ਬੇਟੇ ਦੀ ਜਹਾਜ਼ ਹਾਦਸੇ 'ਚ ਮੌਤ
ਜੋਹਾਨਸਬਰਗ: ਦੱਖਣੀ-ਪੱਛਮੀ ਜ਼ਿੰਬਾਬਵੇ ਵਿੱਚ ਇੱਕ ਹੀਰੇ ਦੀ ਖਾਨ ਦੇ ਕੋਲ ਇੱਕ ਨਿੱਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਮਾਰੇ ਗਏ ਛੇ ਵਿਅਕਤੀਆਂ ਵਿੱਚ ਇੱਕ ਭਾਰਤੀ ਅਰਬਪਤੀ ਅਤੇ ਉਸ ਦੇ ਪੁੱਤਰ ਦੀ ਵੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਰਿਪੋਰਟਾਂ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ।
ਇਸ ਹਾਦਸੇ ਵਿੱਚ ਸੋਨਾ ਅਤੇ ਕੋਲਾ ਪੈਦਾ ਕਰਨ ਵਾਲੀ ਮਾਈਨਿੰਗ ਕੰਪਨੀ 'ਰਿਓਜ਼ਿਮ' ਦੇ ਮਾਲਕ ਹਰਪਾਲ ਰੰਧਾਵਾ ਅਤੇ ਉਨ੍ਹਾਂ ਦੇ ਬੇਟੇ ਸਮੇਤ ਚਾਰ ਹੋਰਾਂ ਦੀ ਮੌਤ ਹੋ ਗਈ ਹੈ। 'ਰਿਓਜ਼ਿਮ' ਦੀ ਮਲਕੀਅਤ ਵਾਲਾ ਸੇਸਨਾ 206 ਜਹਾਜ਼, ਹਰਾਰੇ ਤੋਂ ਮੁਰੋਵਾ ਹੀਰੇ ਦੀ ਖਾਨ ਵੱਲ ਜਾ ਰਿਹਾ ਸੀ ਜਦੋਂ ਸ਼ੁੱਕਰਵਾਰ ਨੂੰ ਇਹ ਦਰਦਨਾਕ ਘਟਨਾ ਵਾਪਰੀ। ਸਿੰਗਲ-ਇੰਜਣ ਵਾਲਾ ਇਹ ਜਹਾਜ਼ ਮੁਰੋਵਾ ਡਾਇਮੰਡਜ਼ ਖਾਨ ਦੇ ਨੇੜੇ ਹੀ ਕ੍ਰੈਸ਼ ਹੋ ਗਿਆ।
ਜ਼ਵਾਮਹਾਂਡੇ ਖੇਤਰ ਵਿੱਚ ਪੀਟਰ ਫਾਰਮ ਵਿੱਚ ਡਿੱਗਣ ਤੋਂ ਪਹਿਲਾਂ ਜਹਾਜ਼ ਵਿੱਚ ਤਕਨੀਕੀ ਨੁਕਸ ਪੈਣ ਦੀ ਜਾਣਕਾਰੀ ਹੈ, ਇਸ ਦੇ ਨਾਲ ਹੀ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸੰਭਾਵਤ ਤੌਰ 'ਤੇ ਕਰੈਸ਼ ਤੋਂ ਪਹਿਲਾਂ ਹਵਾ ਵਿੱਚ ਧਮਾਕਾ ਵੀ ਹੋਇਆ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਹਾਦਸੇ ਵਿੱਚ ਜਹਾਜ਼ 'ਚ ਸਵਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ ਹੈ। ਸਰਕਾਰੀ ਮਾਲਕੀ ਵਾਲੇ 'ਦਿ ਹੇਰਾਲਡ' ਨਾਮਕ ਰੋਜ਼ਾਨਾ ਅਖ਼ਬਾਰ ਨੇ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਪੀੜਤਾਂ 'ਚੋਂ ਚਾਰ ਵਿਦੇਸ਼ੀ ਅਤੇ ਦੋ ਜ਼ਿੰਬਾਬਵੇ ਦੇ ਸਨ।
ਜ਼ਿੰਬਾਬਵੇ ਪੁਲਿਸ ਨੇ ਕਿਹਾ, “ਇੱਕ ਜਹਾਜ਼ ਦੇ ਕਰੈਸ਼ ਹੋਣ ਦੇ ਹਾਦਸੇ ਦੀ ਰਿਪੋਰਟ ਕੀਤੀ ਗਈ ਸੀ ਜੋ 29 ਸਤੰਬਰ ਨੂੰ ਸਵੇਰੇ 7.30 ਵਜੇ ਤੋਂ ਸਵੇਰੇ 8 ਵਜੇ ਦੇ ਵਿਚਕਾਰ ਵਾਪਰਿਆ, ਜਿਸ ਵਿੱਚ ਛੇ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।”
ਰਿਓਜ਼ਿਮ ਨੇ ਵੀ ਕਰੈਸ਼ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਉਹ ਹੋਰ ਜਾਣਕਾਰੀ ਇਕੱਠੀ ਕਰਨ ਲਈ ਸਬੰਧਤ ਅਧਿਕਾਰੀਆਂ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, "ਮੁਰੋਵਾ ਡਾਇਮੰਡ ਕੰਪਨੀ (ਰੀਓਜ਼ਿਮ) ਦੀ ਮਲਕੀਅਤ ਵਾਲਾ ਸਫੈਦ ਅਤੇ ਲਾਲ ਜ਼ੈਕਮ ਜਹਾਜ਼ ਸਵੇਰੇ 6 ਵਜੇ ਹਰਾਰੇ ਤੋਂ ਖਾਨ ਲਈ ਰਵਾਨਾ ਹੋਇਆ ਸੀ ਅਤੇ ਮਾਸ਼ਾਵਾ ਤੋਂ ਲਗਭਗ 6 ਕਿਲੋਮੀਟਰ ਦੂਰ ਹਾਦਸਾਗ੍ਰਸਤ ਹੋ ਗਿਆ।"
ਰੰਧਾਵਾ 4 ਬਿਲੀਅਨ ਡਾਲਰ ਦੀ ਪ੍ਰਾਈਵੇਟ ਇਕੁਇਟੀ ਫਰਮ GEM ਹੋਲਡਿੰਗਜ਼ ਦੇ ਸੰਸਥਾਪਕ ਸਨ।
- With inputs from agencies