Sangrur ’ਚ ਸੁਨਿਆਰੇ ਦੇ ਘਰ ਸੁੱਟਿਆ ਗਿਆ ਪੈਟਰੋਲ ਬੰਬ; ਜਾਨੀ ਨੁਕਸਾਨ ਤੋਂ ਬਚਾਅ, ਇਲਾਕੇ ’ਚ ਫੈਲੀ ਦਹਿਸ਼ਤ
Sangrur News : ਸੰਗਰੂਰ ਦੇ ਧੂਰੀ ਦੇ ਸ਼ਿਵਪੁਰੀ ਮੁਹੱਲੇ ਵਿੱਚ ਬੀਤੀ ਰਾਤ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਇਕ ਸੁਨਿਆਰੇ ਦੇ ਘਰ ‘ਤੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਨੇੜਲੇ ਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਪੀੜਤ ਦਰਸ਼ਨ ਕੁਮਾਰ ਖੁਰਮੀ, ਜੋ ਸੁਨਿਆਰਾ ਯੂਨੀਅਨ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਰਾਤ ਕਰੀਬ 10 ਵਜੇ 53 ਮਿੰਟ ‘ਤੇ ਤਿੰਨ ਨਕਾਬਪੋਸ਼ ਉਨ੍ਹਾਂ ਦੀ ਗਲੀ ਵਿੱਚ ਆਏ। ਉਨ੍ਹਾਂ ਦੇ ਹੱਥ ਵਿੱਚ ਪੈਟਰੋਲ ਨਾਲ ਭਰੀ ਬੋਤਲ ਸੀ, ਜਿਸਨੂੰ ਅੱਗ ਲਗਾ ਕੇ ਘਰ ਅੰਦਰ ਸੁੱਟ ਦਿੱਤਾ ਗਿਆ। ਇਸ ਨਾਲ ਘਰ ਅੰਦਰ ਖੜੀ ਕਾਰ ਨੂੰ ਅੱਗ ਲੱਗ ਗਈ, ਜਿਸਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਗਿਆ।
ਉਹਨਾਂ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਪਹਿਲਾਂ ਕੋਈ ਧਮਕੀ ਮਿਲੀ ਸੀ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਦਰਸ਼ਨ ਕੁਮਾਰ ਦੀ ਪਤਨੀ ਨੇ ਵੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਜੇਕਰ ਸਮੇਂ ‘ਤੇ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ, ਕਿਉਂਕਿ ਘਰ ਵਿੱਚ ਗੱਡੀ ਦੇ ਨਾਲ ਸਿਲੰਡਰ ਵੀ ਮੌਜੂਦ ਸਨ ਅਤੇ ਨੇੜਲੇ ਘਰਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ। ਉਨ੍ਹਾਂ ਨੇ ਮੰਗ ਕੀਤੀ ਕਿ ਮੁਲਜ਼ਮ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।
ਉੱਥੇ ਹੀ ਧੂਰੀ ਦੇ ਡੀਐਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।
ਫਿਲਹਾਲ ਇਸ ਘਟਨਾ ਤੋਂ ਬਾਅਦ ਧੂਰੀ ਦੇ ਇਲਾਕੇ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ, ਕਿਉਂਕਿ ਇਸ ਤਰ੍ਹਾਂ ਦਾ ਪੈਟਰੋਲ ਬੰਬ ਹਮਲਾ ਇੱਥੇ ਪਹਿਲਾਂ ਕਦੇ ਨਹੀਂ ਵੇਖਿਆ ਗਿਆ।
ਇਹ ਵੀ ਪੜ੍ਹੋ : Phagwara ’ਚ DSP ਯੋਗੇਸ਼ ਕੁਮਾਰ ਸ਼ਰਮਾ ਦੀ ਗੋਲੀ ਲੱਗਣ ਕਾਰਨ ਮੌਤ; ਸਰਕਾਰੀ ਕੁਆਰਟਰ ’ਚ ਮਿਲੀ ਲਾਸ਼
- PTC NEWS