Mon, Dec 11, 2023
Whatsapp

ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਸਾਹਿਬ ਦੇ ਆਦੇਸ਼ ਦਾ ਦਿੱਲੀ ਕਮੇਟੀ ਵੱਲੋਂ ਰਾਜਸੀਕਰਨ ਕਰਨਾ ਦੁਖਦਾਈ- ਐਡਵੋਕੇਟ ਧਾਮੀ

Written by  Jasmeet Singh -- November 15th 2023 05:45 PM -- Updated: November 15th 2023 05:54 PM
ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਸਾਹਿਬ ਦੇ ਆਦੇਸ਼ ਦਾ ਦਿੱਲੀ ਕਮੇਟੀ ਵੱਲੋਂ ਰਾਜਸੀਕਰਨ ਕਰਨਾ ਦੁਖਦਾਈ- ਐਡਵੋਕੇਟ ਧਾਮੀ

ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਸਾਹਿਬ ਦੇ ਆਦੇਸ਼ ਦਾ ਦਿੱਲੀ ਕਮੇਟੀ ਵੱਲੋਂ ਰਾਜਸੀਕਰਨ ਕਰਨਾ ਦੁਖਦਾਈ- ਐਡਵੋਕੇਟ ਧਾਮੀ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਬੰਦੀ ਛੋੜ ਦਿਵਸ ਮੌਕੇ ਦਿੱਤੇ ਸੰਦੇਸ਼ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮ ਅਤੇ ਸਿੱਖ ਸੰਸਥਾਵਾਂ ਨੂੰ ਸਰਗਰਮ ਯਤਨ ਕਰਨ ਦੇ ਆਦੇਸ਼ ਮਗਰੋਂ ਬੀਤੇ ਕੱਲ੍ਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਇਸ ਮਾਮਲੇ ਦਾ ਰਾਜਸੀਕਰਨ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਰੜੀ ਆਲੋਚਨਾ ਕੀਤੀ ਹੈ। 

ਐਡਵੋਕੇਟ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਸਮੁੱਚੀ ਕੌਮ ਦਾ ਹੈ ਅਤੇ ਇਸ ਨੂੰ ਲੈ ਕੇ ਗੈਰ-ਸੰਜੀਦਗੀ ਠੀਕ ਨਹੀਂ ਹੈ। ਦਿੱਲੀ ਕਮੇਟੀ ਵੱਲੋਂ ਇਸ ’ਤੇ ਰਾਜਨੀਤੀ ਕਰਨੀ ਦੁਖਦਾਈ ਹੈ। ਬੀਤੇ ਕੱਲ੍ਹ ਦਿੱਲੀ ਕਮੇਟੀ ਦੇ ਆਗੂਆਂ ਵੱਲੋਂ ਮੀਡੀਆ ਨਾਲ ਗੱਲ ਕਰਦਿਆਂ ਪੰਥ ਵਿਚ ਵੰਡੀਆਂ ਪਾਉਣ ਵਾਲੇ ਬਿਆਨ ਦੇਣੇ ਸਿੱਖ ਸੰਸਥਾ ਨੂੰ ਸ਼ੋਭਾ ਨਹੀਂ ਦਿੰਦੇ।


ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਦੇ ਵੀ ਚੁੱਪ ਨਹੀਂ ਰਹੀ ਅਤੇ ਹੁਣ ਵੀ ਸੰਜੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਵੀ ਵੱਖ-ਵੱਖ ਤਰੀਕਿਆਂ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਰਜ ਕਰਨ ਦੇ ਨਾਲ-ਨਾਲ ਪੰਥਕ ਇਕੱਤਰਤਾਵਾਂ ਵੀ ਕੀਤੀਆਂ ਹਨ। ਕੁਝ ਸਮਾਂ ਪਹਿਲਾਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ’ਤੇ 11 ਮੈਂਬਰੀ ਕਮੇਟੀ ਦਾ ਸ਼੍ਰੋਮਣੀ ਕਮੇਟੀ ਵੱਲੋਂ ਗਠਨ ਕੀਤਾ ਗਿਆ ਸੀ, ਪ੍ਰੰਤੂ ਦੁੱਖ ਦੀ ਗੱਲ ਹੈ ਕਿ ਇਸ ਨੂੰ ਤਾਰਪੀਡੋ ਕਰਨ ਵਿਚ ਦਿੱਲੀ ਕਮੇਟੀ ਦੇ ਆਹੁਦੇਦਾਰਾਂ ਦੀ ਵੀ ਭੂਮਿਕਾ ਘੱਟ ਨਹੀਂ ਸੀ। ਉਨ੍ਹਾਂ ਸਵਾਲ ਕੀਤਾ ਕਿ ਦਿੱਲੀ ਕਮੇਟੀ ਦੱਸੇ ਕਿ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਹੁਣ ਤੱਕ ਕੀ ਯਤਨ ਕੀਤੇ ਹਨ।

ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਸ਼ਿਸ਼ਾਂ ਕਰ ਰਹੀ ਹੈ। ਹੁਣ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦਾ ਇਕ ਉੱਚ ਪੱਧਰੀ ਵਫ਼ਦ ਭਲਕੇ 16 ਨਵੰਬਰ ਨੂੰ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨ ਜਾ ਰਿਹਾ ਹੈ। ਭਾਰਤ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਲੈਣ ਲਈ ਵੀ ਯਤਨ ਆਰੰਭੇ ਗਏ ਹਨ ਅਤੇ ਇਸ ਕਾਰਜ ਵਾਸਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪੱਧਰ ਦੇ ਅਧਿਕਾਰੀ ਖ਼ੁਦ ਗ੍ਰਹਿ ਮੰਤਰਾਲੇ ਪਾਸ ਜਾਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। 

ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਕ ਵਫ਼ਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਵੀ ਜੇਲ੍ਹ ਵਿਚ ਮੁਲਾਕਾਤ ਕਰੇਗਾ ਅਤੇ ਉਨ੍ਹਾਂ ਨਾਲ ਗੰਭੀਰ ਵਿਚਾਰ ਚਰਚਾ ਕਰਕੇ ਪੰਥਕ ਜੁੰਮੇਵਾਰੀ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਲਈ ਪੰਜਾਬ ਦੇ ਡੀਜੀਪੀ ਜੇਲ੍ਹਾਂ ਨੂੰ ਪੱਤਰ ਲਿਖ ਕੇ ਕਾਰਵਾਈ ਆਰੰਭ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸਮੂਹ ਸਿੱਖ ਜਥੇਬੰਦੀਆਂ ਦੀ ਇਕ ਵਿਸ਼ੇਸ਼ ਇਕੱਤਰਤਾ ਵੀ ਜਲਦ ਸੱਦੀ ਜਾਵੇਗੀ, ਤਾਂ ਜੋ ਇਸ ਅਹਿਮ ਅਤੇ ਸੰਜੀਦਾ ਕੌਮੀ ਮਾਮਲੇ ’ਤੇ ਅਗਲੇ ਕਦਮ ਉਠਾਏ ਜਾ ਸਕਣ।

ਐਡਵੋਕੇਟ ਧਾਮੀ ਨੇ ਦਿੱਲੀ ਕਮੇਟੀ ਅਤੇ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ ਇਸ ਮਾਮਲੇ ’ਤੇ ਇਕਜੁਟਤਾ ਵਖਾਉਣ ਦਾ ਸਮਾਂ ਹੈ, ਇਸ ਲਈ ਕੁਝ ਵੀ ਕਹਿਣ ਤੋਂ ਪਹਿਲਾਂ ਮਾਮਲੇ ਦੀ ਗੰਭੀਰਤਾ ਨੂੰ ਜ਼ਰੂਰ ਵਿਚਾਰਿਆ ਜਾਵੇ।

- PTC NEWS

adv-img

Top News view more...

Latest News view more...