ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ 7 ਮੈਂਬਰੀ ਕਮੇਟੀ ਤੋਂ ਖੁਦ ਨੂੰ ਕੀਤਾ ਵੱਖ, ਜਥੇਦਾਰ ਰਘਬੀਰ ਸਿੰਘ ਨੂੰ ਭੇਜਿਆ ਪੱਤਰ
ਸ਼੍ਰੋਮਣੀ ਕਮੇਟੀ ਦੀ ਭਰਤੀ ਲਈ 7 ਮੈਂਬਰੀ ਕਮੇਟੀ ਦੀ ਤੀਜੀ ਮੀਟਿੰਗ ਅੱਜ ਪਟਿਆਲਾ ਵਿਖੇ ਹੋ ਰਹੀ ਹੈ, ਜਿਸ ਤੋਂ ਐਨ ਪਹਿਲਾਂ ਇੱਕ ਹੋਰ ਮੈਂਬਰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਖੁਦ ਨੂੰ ਕਮੇਟੀ ਤੋਂ ਵੱਖ ਕਰ ਲਿਆ ਹੈ। ਉਨ੍ਹਾਂ ਖੁਦ ਨੂੰ ਕਮੇਟੀ ਤੋਂ ਫਾਰਗ ਕਰਲ ਲਈ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਵੀ ਲਿਖਿਆ ਹੈ। ਦੱਸ ਦਈਏ ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਚੁਣੀ ਗਈ ਗਈ 7 ਮੈਂਬਰੀ ਕਮੇਟੀ ਦੇ ਨਾਮਜ਼ਦ ਮੈਂਬਰਾਂ ਵਿਚੋਂ ਇੱਕ ਹਨ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਜਥੇਦਾਰ ਨੂੰ ਪੱਤਰ ਵਿੱਚ ਲਿਖਿਆ, ''ਆਪ ਜੀ ਵੱਲੋਂ ਸਮੁੱਚੀ ਅਕਾਲੀ ਦਲ ਦੀ ਭਰਤੀ ਸਬੰਧੀ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਦਾਸ ਨੂੰ ਕਮੇਟੀ ਵਿਚ ਮੈਂਬਰ ਨਾਮਜ਼ਦ ਕੀਤਾ ਗਿਆ ਸੀ, ਜਿਸ ਲਈ ਆਪ ਜੀ ਦਾ ਧੰਨਵਾਦ।''
''ਆਪ ਜੀ ਦੇ ਧਿਆਨ ਹਿਤ ਹੈ ਕਿ ਉਸ ਕਮੇਟੀ ਦੀਆਂ ਦੋ ਮੀਟਿੰਗਾਂ ਹੁਣ ਤੱਕ ਹੋ ਚੁੱਕੀਆਂ ਹਨ ਅਤੇ ਪਲੇਠੀ ਮੀਟਿੰਗ ਪਟਿਆਲਾ ਵਿਖੇ ਟੌਹੜਾ ਇੰਸਟੀਚਿਊਟ ਬਹਾਦਰਗੜ੍ਹ ਵਿਖੇ ਹੋ ਚੁੱਕੀ ਹੈ ਅਤੇ ਦੂਸਰੀ ਮੀਟਿੰਗ ਚੰਡੀਗੜ੍ਹ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬ ਆਫ਼ਿਸ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਕੀਤੀ ਗਈ। ਦੋਵੇਂ ਮੀਟਿੰਗਾਂ ਵਿਚ ਸਤਿਕਾਰਯੋਗ ਮੈਂਬਰ ਸਾਹਿਬਾਨ ਸ਼ਾਮਲ ਹੋਏ ਸਨ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨ ਨੇ ਆਪਣੇ ਵਿਚਾਰ ਦਿੱਤੇ ਸੀ, ਪ੍ਰੰਤੂ ਆਖ਼ਰੀ ਫ਼ੈਸਲਾ ਨਹੀਂ ਹੋ ਸਕਿਆ। ਦੋਵੇਂ ਮੀਟਿੰਗਾਂ ਦੌਰਾਨ ਵਿਚਾਰਾਂ ਵੀ ਹੋਈਆਂ ਸਨ, ਪ੍ਰੰਤੂ ਮੀਟਿੰਗਾਂ ਬੇਸਿੱਟਾ ਹੀ ਰਹੀਆਂ ਹਨ। ਹੁਣ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਨੇ ਦੋਵੇਂ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਸਬੰਧ ਵਿਚ ਤੀਸਰੀ ਬੈਠਕ ਮੁੜ ਪਟਿਆਲਾ ਦੇ ਟੌਹੜਾ ਇੰਸਟੀਚਿਊਟ ਬਹਾਦਰਗੜ੍ਹ ਵਿਖੇ ਰੱਖੀ ਗਈ ਸੀ, ਪਰ ਅਜੇ ਤੱਕ ਇਸ ਮੀਟਿੰਗ ਪ੍ਰਤੀ ਅਨਿਸਚਿਤਤਾ ਬਣੀ ਹੋਈ ਹੈ ਕਿ ਮੀਟਿੰਗ ਦੀ ਪ੍ਰਧਾਨਗੀ ਕੌਣ ਕਰੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਮੁਕੱਦਸ ਤੇ ਸਰਵਉੱਚ ਅਸਥਾਨ ਹੈ, ਜਿਸ ਦਾ ਅਦਬ, ਸਤਿਕਾਰ ਅਤੇ ਸਨਮਾਨ ਹਮੇਸ਼ਾ ਬਰਕਰਾਰ ਰਹਿਣਾ ਚਾਹੀਦਾ ਅਤੇ ਪੰਥਕ ਪਰੰਪਰਾ ਅਤੇ ਮਰਿਆਦਾ ਹਮੇਸ਼ਾ ਕਾਇਮ ਰਹੇ, ਜਿਸ ਕਾਰਨ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਹਾਲਾਤ ਨੂੰ ਮੁੱਖ ਰੱਖ ਕੇ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਮੈਨੂੰ ਸੱਤ ਮੈਂਬਰੀ ਕਮੇਟੀ ਤੋਂ ਫ਼ਾਰਗ ਕਰ ਦਿਓ, ਆਪ ਜੀ ਦਾ ਅਤਿ ਧੰਨਵਾਦੀ ਹੋਵੇਗਾ ਜੀ।''
- PTC NEWS