Majitha liquor shop Attack : ਮਜੀਠਾ 'ਚ ਰਜਿੰਦਰਾ ਵਾਇਨ ਗਰੁੱਪ ਦੇ ਸ਼ਰਾਬ ਠੇਕੇ 'ਤੇ ਪੈਟਰੋਲ ਬੰਬ ਤੇ ਗੋਲੀਆਂ ਨਾਲ ਹਮਲਾ, ਜਾਂਚ 'ਚ ਜੁਟੀ ਪੁਲਿਸ
Petrol Bomb Attack : ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲਗਾਤਾਰ ਧਮਾਕੇ ਤੇ ਗੋਲੀਆਂ ਚੱਲਣ ਦੇ ਅਪਰਾਧਿਕ ਮਾਮਲੇ ਸਾਹਮਣੇ ਆ ਰਹੇ ਹਨ। ਸ਼ਰਾਬ ਕਾਰੋਬਾਰੀ ਜੈਂਤੀਪੁਰ ਦੇ ਘਰ 'ਤੇ ਹਮਲੇ ਤੋਂ ਬਾਅਦ ਹੁਣ ਬੀਤੇ ਦਿਨ ਇੱਕ ਸ਼ਰਾਬ ਠੇਕੇ 'ਤੇ ਗੋਲੀਆਂ ਪੈਟਰੋਲ ਬੰਬ ਸੁੱਟਣ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਘਟਨਾ ਹਲਕਾ ਮਜੀਠਾ ਵਿਖੇ ਇੱਕ ਠੇਕੇ 'ਤੇ ਦੇਰ ਰਾਤ 9 ਵਜੇ ਤੋਂ ਬਾਅਦ ਵਾਪਰੀ, ਜਦੋਂ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਰਜਿੰਦਰਾ ਵਾਇਨ ਗਰੁੱਪ ਦੇ ਇੱਕ ਠੇਕੇ 'ਤੇ ਪੈਟਰੋਲ ਬੰਬ ਸੁੱਟਿਆ ਗਿਆ ਅਤੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਮੁਲਜ਼ਮਾਂ ਵੱਲੋਂ ਠੇਕੇ ਦੇ ਬੈਠੇ ਕਰਿੰਦਿਆਂ 'ਤੇ ਗੋਲੀ ਵੀ ਚਲਾਈ ਗਈ। ਹਾਲਾਂਕਿ, ਗੋਲੀ ਕਿਸੇ ਨੂੰ ਨਹੀਂ ਲੱਗੀ। ਇਸ ਦੌਰਾਨ ਜਦੋਂ ਹਮਲਾਵਰ ਭੱਜਣ ਲੱਗੇ ਤਾਂ ਉਹਨਾਂ ਦੀ ਮੈਗਜ਼ੀਨ ਹੇਠਾਂ ਡਿੱਗ ਪਈ ਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ।
ਹਮਲੇ ਬਾਰੇ ਪਤਾ ਲੱਗਣ 'ਤੇ ਠੇਕੇ ਦੇ ਅਧਿਕਾਰੀ ਵੀ ਮੌਕੇ 'ਤੇ ਪੁੱਜੇ ਅਤੇ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਪਹਿਲਾਂ ਵੀ ਹਲਕਾ ਮਜੀਠਾ ਵਿੱਚ ਉਨ੍ਹਾਂ ਦੇ ਸ਼ਰਾਬ ਦੇ ਠੇਕਿਆਂ 'ਤੇ ਕਈ ਵਾਰ ਲੁੱਟ-ਖੋਹ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਗੋਲੀਆਂ ਵੀ ਚਲਾਈਆਂ ਗਈਆਂ ਹਨ ਅਤੇ ਦੇਰ ਰਾਤ 9:15 ਦੇ ਕਰੀਬ ਦੋ ਅਣਪਛਾਤਿਆਂ ਵੱਲੋਂ ਸਾਡੇ ਠੇਕੇ 'ਤੇ ਪੈਟਰੋਲ ਬੰਬ ਸੁੱਟਿਆ ਗਿਆ।
ਉਨ੍ਹਾਂ ਕਿਹਾ ਕਿ ਅਸੀਂ ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਮੈਗਜ਼ੀਨ ਸਾਡੇ ਮੁਲਾਜ਼ਮਾਂ ਕੋਲੋਂ ਲੈਣ ਦੀ ਕੋਸ਼ਿਸ਼ ਕੀਤੀ, ਜਦੋਂ ਉਹਨਾਂ ਕਿਹਾ ਕਿ ਸਾਡੇ ਮਾਲਕ ਆਣਗੇ ਅਤੇ ਉਹੀ ਤੁਹਾਨੂੰ ਇਹ ਮੈਗਜ਼ੀਨ ਦੇਣਗੇ। ਇਸ 'ਤੇ ਪੁਲਿਸ ਸਾਡੇ ਮੁਲਾਜ਼ਮ ਨੂੰ ਹੀ ਆਪਣੇ ਨਾਲ ਲੈ ਗਏ।
ਪੁਲਿਸ ਦਾ ਕੀ ਹੈ ਕਹਿਣਾ ?
ਹਲਕਾ ਮਜੀਠਾ ਦੇ ਡੀਐਸਪੀ ਮੌਕੇ 'ਤੇ ਪੁੱਜ ਕੇ ਜਾਂਚ ਕੀਤੀ ਗਈ ਹੈ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਰਾਤ 9 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਠੇਕੇ 'ਤੇ ਕਿਸੇ ਵੱਲੋਂ ਪੈਟਰੋਲ ਬੰਬ ਸੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੌਕੇ 'ਤੇ ਇੱਕ ਮੈਗਜ਼ੀਨ ਵੀ ਬਰਾਮਦ ਹੋਇਆ ਹੈ ਅਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।
- PTC NEWS