Lawrence Of Punjab Web series ’ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜਤਾਇਆ ਇਤਰਾਜ, ਕਿਹਾ-ਲਾਰੈਂਸ ਦੇ ਹੱਥ ਖ਼ੂਨ ਨਾਲ ਰੰਗੇ...
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ 'ਤੇ ਆਧਾਰਿਤ ਦਸਤਾਵੇਜ਼ੀ ਲੜੀ "ਲਾਰੈਂਸ ਆਫ਼ ਪੰਜਾਬ" ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਉੱਥੇ ਹੀ ਹੁਣ ਇਸ ਵੈੱਡ ਸੀਰੀਜ਼ ’ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਸਵਾਲ ਚੁੱਕੇ ਹਨ। ਦਰਅਸਲ ਫਿਲਮ "ਲਾਰੈਂਸ ਆਫ ਪੰਜਾਬ" ਇੱਕ ਗੈਂਗਸਟਰ ਦੀ ਕਹਾਣੀ ਨੂੰ ਦਰਸਾਉਂਦੀ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਦਾ ਕਹਿਣਾ ਹੈ ਕਿ ਇਹ ਸਮਾਜ ਨੂੰ ਗਲਤ ਸੁਨੇਹਾ ਦੇ ਰਿਹਾ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਗੈਂਗਸਟਰਾਂ ਨੂੰ ਹੀਰੋ ਵਜੋਂ ਦਰਸਾਇਆ ਜਾ ਰਿਹਾ ਹੈ, ਜੋ ਨੌਜਵਾਨਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਸ਼ਹੀਦ, ਯੋਧੇ, ਵਿਗਿਆਨੀ ਅਤੇ ਖਿਡਾਰੀ ਹਨ ਜਿਨ੍ਹਾਂ ਬਾਰੇ ਫਿਲਮਾਂ ਬਣਾਈਆਂ ਜਾ ਸਕਦੀਆਂ ਹਨ, ਪਰ ਇਹ ਸਿਰਫ਼ ਇਸ ਗੈਂਗਸਟਰ 'ਤੇ ਹੀ ਕਿਉਂ ਬਣਾਈ ਜਾ ਰਹੀ ਹੈ? ਉਨ੍ਹਾਂ ਕਿਹਾ ਕਿ ਇਸ ਗੈਂਗਸਟਰ ਨੇ ਉਨ੍ਹਾਂ ਦੇ ਪੁੱਤ ਨੂੰ ਮਾਰਿਆ, ਜਿਸਦਾ ਉਨ੍ਹਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਹੈ। ਲਾਰੈਂਸ ਬਿਸ਼ਨੋਈ ਦੇ ਹੱਥ ਖ਼ੂਨ ਨਾਲ ਰੰਗੇ ਹੋਏ ਹਨ, ਪੰਜਾਬੀਆਂ ਦਾ ਕਾਤਲ ਹੈ।
ਮੂਸੇਵਾਲਾ ਦੇ ਪਿਤਾ ਨੇ ਅੱਗੇ ਕਿਹਾ ਕਿ ਸਰਕਾਰ ਨੂੰ ਅਜਿਹੀਆਂ ਫਿਲਮਾਂ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਅਪਰਾਧ ਚੁਣਨ ਵਾਲਿਆਂ ਦੀ ਵਡਿਆਈ ਕਰਨਾ ਬਿਲਕੁਲ ਗਲਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਨੌਜਵਾਨ ਪਹਿਲਾਂ ਹੀ ਕੁਰਾਹੇ ਪੈ ਰਹੇ ਹਨ, ਅਤੇ ਅਜਿਹੀਆਂ ਫਿਲਮਾਂ ਇਸ ਸਮੱਸਿਆ ਨੂੰ ਹੋਰ ਵਧਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਹੈ।
ਖੈਰ ਹੁਣ ਇਹ ਦੇਖਣਾ ਹੋਵੇਗਾ ਕਿ ਸਰਕਾਰ ਇਸ ਮੁੱਦੇ ’ਤੇ ਕੀ ਕਦਮ ਚੁੱਕਦੀ ਹੈ ਅਤੇ ਕੀ ਇਸ ਫਿਲਮ ’ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ। ਫਿਲਹਾਲ ਇਹ ਮਾਮਲਾ ਪੰਜਾਬ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : Lawrence Of Punjab Web series ’ਤੇ ਵਿਵਾਦ; ਵੈੱਬ ਸੀਰੀਜ਼ ’ਤੇ ਪਾਬੰਦੀ ਲਗਾਉਣ ਦੀ ਉੱਠੀ ਮੰਗ, ਕੋਰਟ ਜਾਵੇਗੀ ਪੰਜਾਬ ਕਾਂਗਰਸ
- PTC NEWS