ਸਿੱਖ ਨਸਲਕੁਸ਼ੀ ਮਾਮਲਾ: ਜਨਕਪੁਰੀ ਅਤੇ ਵਿਕਾਸਪੁਰੀ ਕਤਲੇਆਮ ਵਿੱਚ ਸੱਜਣ ਕੁਮਾਰ ਵਿਰੁੱਧ ਆਰੋਪ ਤੈਅ
ਨਵੀਂ ਦਿੱਲੀ: ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਵਿਰੁੱਧ 1984 ਦੇ ਸਿੱਖ ਨਸਲਕੁਸ਼ੀ ਮਾਮਲੇ ਨਾਲ ਜੁੜੇ ਜਨਕਪੁਰੀ ਅਤੇ ਵਿਕਾਸਪੁਰੀ ਕਤਲੇਆਮ ਦੇ ਇੱਕ ਮਾਮਲੇ ਵਿੱਚ ਦੋਸ਼ ਆਇਦ ਕੀਤੇ ਗਏ ਹਨ। ਰਾਉਸ ਐਵੇਨਿਊ ਅਦਾਲਤ ਨੇ ਸੱਜਣ ਕੁਮਾਰ ਵਿਰੁੱਧ ਜਨਕਪੁਰੀ ਅਤੇ ਵਿਕਾਸਪੁਰੀ ਵਿੱਚ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਆਈ.ਪੀ.ਸੀ. ਦੀ ਧਾਰਾ 147, 148, 153A, 295R/W149, 307, 308, 323, 325, 395, 436 ਤਹਿਤ ਆਰੋਪ ਤੈਅ ਕੀਤੇ ਹਨ।
ਰਾਉਸ ਐਵੇਨਿਊ ਕੋਰਟ ਨੇ ਸੱਜਣ ਕੁਮਾਰ ਦੇ ਖ਼ਿਲਾਫ਼ ਕਤਲ ਦੀ ਧਾਰਾ 302 ਹਟਾ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 21 ਸਤੰਬਰ ਨੂੰ ਰਾਉਸ ਐਵੇਨਿਊ ਕੋਰਟ ਵਿੱਚ ਹੋਵੇਗੀ।
ਸਿੱਖ ਨਸਲਕੁਸ਼ੀ ਮਾਮਲੇ ਨਾਲ ਜੁੜੇ ਸਿੱਖਾਂ ਦੇ ਜਨਕਪੁਰੀ ਅਤੇ ਵਿਕਾਸਪੁਰੀ ਕਤਲੇਆਮ ਦੇ ਮਾਮਲੇ 'ਚ ਰਾਉਸ ਐਵੇਨਿਊ ਅਦਾਲਤ ਦੇ ਵਿਸ਼ੇਸ਼ ਜੱਜ ਐਮ.ਕੇ. ਨਾਗਪਾਲ ਨੇ ਇਸ ਮਾਮਲੇ 'ਚ ਮੁਲਜ਼ਮ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ 'ਤੇ ਆਰੋਪ ਤੈਅ ਕੀਤੇ ਹਨ। ਰਾਉਸ ਐਵੇਨਿਊ ਕੋਰਟ ਨੂੰ ਦੱਸਿਆ ਗਿਆ ਕਿ ਸੱਜਣ ਕੁਮਾਰ ਇਸ ਮਾਮਲੇ ਵਿੱਚ ਹਿਰਾਸਤ ਵਿੱਚ ਨਹੀਂ ਹੈ, ਇਸ ਮਾਮਲੇ ਵਿੱਚ ਸੱਜਣ ਕੁਮਾਰ ਜ਼ਮਾਨਤ ’ਤੇ ਬਾਹਰ ਹੈ।
ਐੱਸ.ਆਈ.ਟੀ. ਨੇ ਆਈ.ਪੀ.ਸੀ. ਦੀ ਧਾਰਾ 147, 148, 149, 153A,295, 436, 395, 307, 302, 102B ਦੇ ਤਹਿਤ ਕੇਸ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ।
ਦੱਸ ਦਈਏ ਕਿ 2015 'ਚ ਐੱਸ.ਆਈ.ਟੀ. ਨੇ ਜਨਕਪੁਰੀ ਅਤੇ ਵਿਕਾਸਪੁਰੀ 'ਚ ਸਿੱਖ ਨਸਲਕੁਸ਼ੀ ਦੇ ਮਾਮਲੇ 'ਚ FIR ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। 1 ਨਵੰਬਰ 1984 ਨੂੰ ਜਨਕਪੁਰੀ 'ਚ ਦੋ ਸਿੱਖਾਂ ਸੋਹਣ ਸਿੰਘ ਅਤੇ ਉਨ੍ਹਾਂ ਦੇ ਜਵਾਈ ਅਵਤਾਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਜਦ ਕਿ ਗੁਰਚਰਨ ਸਿੰਘ ਨੂੰ ਵਿਕਾਸਪੁਰੀ ਥਾਣੇ ਦੀ ਹਦੂਦ ਅੰਦਰ ਸਾੜ ਕੇ ਮਾਰ ਦਿੱਤਾ ਗਿਆ ਸੀ, ਉਨ੍ਹਾਂ ਦੀ ਮੌਤ ਤੋਂ 30 ਸਾਲ ਬਾਅਦ ਐੱਸ.ਆਈ.ਟੀ. ਨੇ ਇਸ ਮਾਮਲੇ ਵਿੱਚ ਮਈ 2018 ਵਿੱਚ ਸੱਜਣ ਕੁਮਾਰ ਦਾ ਪੌਲੀਗ੍ਰਾਫੀ ਟੈਸਟ ਵੀ ਕਰਵਾਇਆ ਸੀ।
ਪਹਿਲਾਂ ਤਾਂ ਸੱਜਣ ਕੁਮਾਰ ਨੇ ਪੋਲੀਗ੍ਰਾਫ਼ ਟੈਸਟ ਦਾ ਵਿਰੋਧ ਕੀਤਾ, ਸੱਜਣ ਦੇ ਵਕੀਲ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਵਿੱਚ ਕਈ ਵਾਰ ਜਾਂਚ ਵਿੱਚ ਸ਼ਾਮਲ ਹੋ ਚੁੱਕਾ ਹੈ, ਇਸ ਲਈ ਪੌਲੀਗ੍ਰਾਫ਼ ਕਰਵਾਉਣਾ ਜਾਇਜ਼ ਨਹੀਂ। ਜੇਕਰ ਏਜੰਸੀ ਨੂੰ ਪੋਲੀਗ੍ਰਾਫ ਵਿੱਚ ਕੋਈ ਸਬੂਤ ਨਹੀਂ ਮਿਲਿਆ ਤਾਂ ਸੱਜਣ ਨੂੰ ਤੰਗ ਕਰਨ ਲਈ ਕੌਣ ਜ਼ਿੰਮੇਵਾਰ ਹੋਵੇਗਾ। ਹਾਲਾਂਕਿ ਬਾਅਦ ਵਿੱਚ ਸੱਜਣ ਕੁਮਾਰ ਪੋਲੀਗ੍ਰਾਫੀ ਟੈਸਟ ਲਈ ਰਾਜ਼ੀ ਹੋ ਗਿਆ।
ਸਾਲ 1984 ਦੇ ਸਿੱਖ ਨਸਲਕੁਸ਼ੀ ਦੇ ਕੇਸ ਵਿੱਚ ਪੋਲੀਗ੍ਰਾਫ਼ ਟੈਸਟ ਦੀ ਦਲੀਲ ਦਿੰਦਿਆਂ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਟੈਸਟ ਕਿਸੇ ਸੁਤੰਤਰ ਏਜੰਸੀ ਦੁਆਰਾ ਅਤੇ ਉਨ੍ਹਾਂ ਦੇ ਵਕੀਲਾਂ ਦੀ ਮੌਜੂਦਗੀ ਵਿੱਚ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਜਾਂਚ ਵਿੱਚ ਸਹਿਯੋਗ ਨਾ ਦੇਣ ਦਾ ਇਲਜ਼ਾਮ ਵਾਪਸ ਲਿਆ ਜਾਵੇ।
ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਸੱਜਣ ਕੁਮਾਰ ਦੇ ਵਕੀਲਾਂ ਨੇ ਦਲੀਲ ਦਿੱਤੀ ਸੀ ਕਿ ਐੱਸ.ਆਈ.ਟੀ ਕੋਲ ਕੋਈ ਸਬੂਤ ਨਹੀਂ ਹੈ, ਇਹ ਕੇਸ 34 ਸਾਲ ਪੁਰਾਣਾ ਹੈ। ਸੱਜਣ ਕੁਮਾਰ ਦਾ ਨਾਮ ਸਭ ਤੋਂ ਪਹਿਲਾਂ ਹਰਵਿੰਦਰ ਸਿੰਘ ਨੇ 2016 ਆਪਣੀ ਸ਼ਿਕਾਇਤ 'ਚ ਦਰਜ ਕਰਵਾਇਆ ਸੀ।
- With inputs from agencies