Wed, Sep 27, 2023
Whatsapp

ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਦਿਵਸ 'ਤੇ ਵਿਸ਼ੇਸ਼

Written by  Jasmeet Singh -- September 18th 2023 04:00 AM -- Updated: September 16th 2023 07:58 PM
ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਦਿਵਸ 'ਤੇ ਵਿਸ਼ੇਸ਼

ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਦਿਵਸ 'ਤੇ ਵਿਸ਼ੇਸ਼

ਡਾ. ਰਜਿੰਦਰ ਕੌਰ:

ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਚੌਥੇ ਉਤਰਾਧਿਕਾਰੀ ਹੋਏ ਜਿਨ੍ਹਾਂ ਅਗਿਆਨਤਾ ਦੇ ਹਨੇਰੇ ਨੂੰ ਗਿਆਨ ਦੀ ਰੋਸ਼ਨੀ ਨਾਲ ਦੂਰ ਕੀਤਾ। ਆਪ ਜੀ ਦਾ ਜੀਵਨ ਸਮੁੱਚੇ ਮਨੁੱਖੀ ਜੀਵਨ ਦਾ ਦਰਪਣ ਹੈ ਕਿਉਂਕਿ ਉਨ੍ਹਾਂ ਨੇ ਬਚਪਨ ਤੋਂ ਹੀ ਆਪਣੇ ਜੀਵਨ ਵਿੱਚ ਹਰ ਕੌੜੇ, ਫਿੱਕੇ ਤੇ ਪੀੜਾਂ ਭਰਪੂਰ ਦਿਨ ਦੇਖੇ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਜੀਵਨ ਦੇ ਬਹੁਤ ਸਾਰੇ ਪੱਖਾਂ ਤੋਂ ਅਮੀਰ ਬਣਾ ਦਿੱਤਾ ਅਤੇ ਅਜਿਹੇ ਅਮੀਰੀ ਗੁਣਾਂ ਭਰਪੂਰ ਹੀਰੇ ਨੂੰ ਗੁਰੂ ਅਮਰਦਾਸ ਜੀ ਨੇ ਆਪਣੀ ਦਿੱਬ ਦ੍ਰਿਸ਼ਟੀ ਅਨੁਸਾਰ ਪਹਿਚਾਣ ਕੇ ਸਿੱਖ ਕੌਮ ਦਾ ਹੋਰ ਮਾਣ ਵਧਾ ਦਿੱਤਾ।


ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534ਈ: ਨੁੰ ਸੋਢੀ ਹਰਿਦਾਸ ਜੀ ਦੇ ਘਰ, ਮਾਤਾ ਦਇਆ ਕੌਰ ਦੀ ਕੁੱਖੋਂ ਚੂਨਾ ਮੰਡੀ ਲਾਹੌਰ ਵਿਖੇ ਹੋਇਆ।ਗੁਰੂ ਰਾਮਦਾਸ ਜੀਘਰ ਵਿੱਚ ਪਲੇਠੀ ਦਾ ਪੁੱਤਰ ਸਨ ਤੇ ਇਸ ਕਰਕੇ ਵੱਡਾ (ਜੇਠਾ) ਪੁੱਤਰ ਹੋਣ ਕਰਕੇ ਇਨ੍ਹਾਂ ਦਾ ਨਾਂ ‘ਜੇਠਾ’ ਹੀ ਪੈ ਗਿਆ। ਪਰ ਇਨ੍ਹਾਂ ਦਾ ਮੂਲ ਨਾਂ ਰਾਮਦਾਸ ਸੀ। ਜੇਠਾ ਜੀ ਦੀ ਪਾਲਣਾ ਵੀ ਗੁਰਮਤਿ ਸੰਸਕਾਰਾਂ ਅਧੀਨ ਧਾਰਮਿਕ ਬਿਰਤੀ ਵਾਲੇਮਾਂ ਬਾਪ ਦੇ ਅਸਰ ਹੇਠ ਸ਼ੁਰੂ ਹੋਈ। ਪਰ ਹੋਣੀ ਅਜਿਹੀ ਸੀ ਕਿ ਅਜੇ ਛੋਟੀ ਉਮਰ ਦੇ ਹੀ ਸਨ ਕਿ ਮਾਤਾ ਜੀ ਚਲਾਣਾ ਕਰ ਗਏ ਅਤੇ ਸੱਤ ਸਾਲਾਂ ਦੀ ਉਮਰ ਹੋਈ ਤਾਂ ਪਿਤਾ ਜੀ ਦਾ ਵੀ ਦੇਹਾਂਤ ਹੋ ਗਿਆ। ਮਾਤਾ ਪਿਤਾ ਦੇ ਚਲਾਣੇ ਤੋਂ ਬਾਅਦ ਜੇਠਾ ਜੀ ਇਕਦਮ ਯਤੀਮ ਹੋ ਗਏ ਪਰ ਉਨ੍ਹਾਂ ਬਿਨਾਂ ਕਿਸੇ ਵੀ ਆਸਰੇ ਦੀ ਪਰਵਾਹ ਕੀਤਿਆਂ ਛੋਟੀ ਉਮਰ ਵਿੱਚ ਹੀ ਹੱਥੀਂ ਕਿਰਤ ਕਰਨੀ ਆਰੰਭ ਕਰ ਦਿੱਤੀ। ਉਨ੍ਹਾਂ ਦੀ ਬਿਰਧ ਨਾਨੀ ਜੋ ਕਿ ਬਾਸਰਕੇਇਕੱਲੀ ਹੀ ਰਹਿੰਦੀ ਸੀ, ਜੇਠਾ ਜੀ ਦੀ ਅਜਿਹੀ ਤਰਸਯੋਗ ਹਾਲਤ ਨੂੰ ਸਹਿਣ ਨਾ ਕਰ ਸਕੀ ਤੇ ਜੇਠਾ ਜੀ ਨੂੰ ਆਪਣੇ ਨਾਲ ਲਾਹੌਰ ਤੋਂ ਬਾਸਰਕੇ ਲੈ ਗਈ। ਇਸ ਗੱਲ ਦਾ ਦੁੱਖ ਆਂਢ ਗੁਆਢ ਵਾਲਿਆਂ ਤੇ ਸਕੇ ਸਬੰਧੀਆਂ ਨੇ ਜ਼ਰੂਰ ਪ੍ਰਗਟ ਕੀਤਾ ਪਰ ਕੌਣ ਜਾਣਦਾ ਸੀ ਕਿ ਇਸ ਲਵਾਰਿਸ ਬਾਲਕ ਨੇ ਹੀ ਇਕ ਦਿਨ ਨਿਆਸਰਿਆਂ ਦਾ ਆਸਰਾ ਬਣਨਾ ਸੀ ਅਤੇ ਇਸਦੇ ਸਿਰ ਤੇ ਪਰਮਾਤਮਾ ਦੀ ਮਿਹਰ ਸਦਕਾ ਰੱਬੀ ਛਤਰ ਝੂਲਣਾ ਸੀ।

ਬਾਸਰਕੇ ਕੋਈ ਬਹੁਤਾ ਵੱਡਾ ਨਗਰ ਸੀ। ਜਦ ਰਿਸ਼ਤੇਦਾਰਾਂ ਵਿੱਚ ਜੇਠਾ ਜੀ ਦੇ ਬਾਸਰਕੇ ਪਹੁੰਚਣ ਬਾਰੇ ਪਤਾ ਲੱਗਿਆ ਤਾਂ ਉਹ ਨਾਨੀ ਦੋਹਤਰੇ ਨੂੰ ਹੌਂਸਲਾ ਦੇਣ ਲਈ ਪਹੁੰਚੇ। ਇਨ੍ਹਾਂ ਦਿਨਾਂ ਵਿੱਚ ਤੀਜੇ ਗੁਰੂ ਅਮਰਦਾਸ ਜੀ ਜੋ ਗੁਰੂ ਨਾਨਕ ਸਾਹਿਬ ਦੁਆਰਾ ਆਰੰਭੇ ਮਿਸ਼ਨ ਨੂੰ ਬਾਖ਼ਖ਼ੂਬੀ ਨਿਭਾ ਰਹੇ ਸਨ, ਵੀ ਭਾਈ ਜੇਠਾ ਜੀ ਨੂੰ ਮਿਲਣ ਲਈ ਆਏ। ਉਨ੍ਹਾਂ ਜੇਠਾ ਜੀ ਦੇ ਪਾਲਣ ਪੋਸ਼ਣ ਵਿੱਚ ਖਾਸ ਦਿਲਚਸਪੀ ਪ੍ਰਗਟ ਕੀਤੀ ਤੇ ਗੁਰੂ ਅਮਰਦਾਸ ਜੀ ਨਾਲ ਮਿਲਾਪ ਹੋਣ ਤੇ ਭਾਈ ਜੇਠਾ ਜੀ ਦੇ ਜੀਵਨ ਵਿੱਚ ਨਵਾਂ ਮੋੜ ਆਇਆ। ਹੁਣ ਜੇਠਾ ਜੀ ਦੀ ਅਧਿਆਤਮਕ ਤੌਰ ’ਤੇ ਅਗਵਾਈ ਵੀ ਹੋਣ ਲੱਗ ਪਈ ਸੀ। ਜੇਠਾ ਜੀ ਕਿਰਤੀ ਪਰਿਵਾਰ ਵਿੱਚ ਜਨਮ ਲੈਣ ਸਦਕਾ ਸ਼ੁਰੂ ਤੋਂ ਹੀ ਮਿਹਨਤੀ, ਹੱਠੀ ਅਤੇ ਹਰ ਕੰਮ ਨੂੰ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ ਸਨ। ਉਨ੍ਹਾਂ ਦੀ ਨਾਨੀ ਬਿਰਧ ਹੋਣ ਕਰਕੇ ਕਿਸੇ ਵੀ ਕੰਮ ਨੂੰ ਕਰਨ ਤੋ ਅਸਮਰੱਥ ਸੀ ਇਸ ਲਈ ਜੇਠਾ ਜੀ ‘ਤੇ ਪਰਿਵਾਰਕ ਜ਼ਿੰਮੇਵਾਰੀ ਵੀ ਆ ਪਈ ਸੀ। ਅਜਿਹੇ ਹਾਲਾਤਾਂ ਵਿੱਚ ਉਨ੍ਹਾਂ ਘੁੰਗਣੀਆਂ ਵੇਚਣ ਦਾ ਕਿੱਤਾ ਅਪਣਾਇਆ। 

ਇਸ ਸਮੇਂ ਗੁਰੂ ਅੰਗਦ ਦੇਵ ਜੀ ਵਲੋਂ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਵਸਾਉਣ ਦਾ ਹੁਕਮ ਹੋਇਆ ਸੀ ਜਿਸ ਸਦਕਾ ਉਹ ਆਪਣੇ ਸਾਕ ਸੰਬੰਧੀਆਂ ਨੂੰ ਇਸ ਕੰਮ ਨੂੰ ਨੇਪਰੇ ਚਾੜਨ ਲਈ ਨਾਲ ਲੈ ਗਏ ਤੇ ਭਾਈ ਜੇਠਾ ਜੀ ਤੇ ਉਨ੍ਹਾਂ ਦੀ ਨਾਨੀ ਨੂੰ ਵੀ ਨਾਲ ਜਾਣ ਲਈ ਪ੍ਰੇਰਿਆ। ਭਾਈ ਜੇਠਾ ਜੀ ਨੇ ਇੱਥੇ ਆ ਕੇ ਗੁਰੂ ਅਮਰਦਾਸ ਜੀ ਦਾ ਸਾਥ ਤੇ ਨਿਕਟ ਤਾਂ ਮਾਣਿਆ ਹੀ ਸੀ ਉਨ੍ਹਾਂ ਦੇ ਵਸੀਲੇ ਹੁਣ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਦਾ ਸੁਭਾਗ ਵੀ ਪ੍ਰਾਪਤ ਹੋ ਜਾਂਦਾ ਸੀ। ਗੋਇੰਦਵਾਲ ਆ ਕੇ ਵੀ ਉਨ੍ਹਾਂ ਘੁੰਗਣੀਆਂ ਵੇਚਣ ਦਾ ਕਿੱਤਾ ਜਾਰੀ ਰੱਖਿਆ ਅਤੇ ਸਵੇਰੇ ਸ਼ਾਮ ਪਰਮਾਤਮਾ ਦੇ ਨਾਮ ਨਾਲ ਜੁੜਦੇ ਸਨ ਤੇ ਗੋਇੰਦਵਾਲ ਸਾਹਿਬ ਦੇ ਨਿਰਮਾਣ ਵਿੱਚ ਵੀ ਉਨ੍ਹਾਂ ਕਾਫੀ ਸ਼ਰਧਾ, ਲਗਨ ਅਤੇ ਸੇਵਾਖ਼ਭਾਵ ਨਾਲ ਕੰਮ ਕੀਤਾ। ਗੁਰੂ ਅੰਗਦ ਦੇਵ ਜੀ 1552 ਈ: ਨੂੰ ਗੁਰੂ ਅਮਰਦਾਸ ਜੀ ਨੂੰ ਗੁਰੂ ਨਾਨਕ ਪਰੰਪਰਾ ਦੇ ਤੀਸਰੇ ਉਤਰਧਿਕਾਰੀ ਥਾਪ ਕੇ ਜੋਤੀ ਜੋਤ ਸਮਾਂ ਗਏ।

ਗੁਰੂ ਅਮਰਦਾਸ ਜੀ ਨੇ ਇਸ ਸਮੇਂ ਦੌਰਾਨ ਭਾਈ ਜੇਠਾ ਜੀ ਦੀ ਸ਼ਖ਼ਸੀਅਤ ਨੂੰ ਬਹੁਤ ਨੇੜੇ ਤੋਂ ਤੱਕਿਆ ਸੀ ਤੇ ਉਨ੍ਹਾਂ ਦੀ ਲਗਨ ਤੇ ਗੁਰੁ ਘਰ ਪ੍ਰਤਿ ਸ਼ਰਧਾ ਤੇ ਸੇਵਾ ਭਾਵ ਨੂੰ ਦੇਖਕੇ ਬਹੁਤ ਪ੍ਰਸੰਨ ਹੁੰਦੇ ਸਨ।ਇਸ ਲਈਉਨ੍ਹਾਂ ਜੇਠਾ ਜੀ ਨੂੰ ਉਨ੍ਹਾਂ ਦੇ ਗੁਣਾਂ ਦੀ ਪਰਖ ਕਰਦੇ ਹੋਏ ਆਪਣੇ ਹੀ ਪਰਿਵਾਰ ਦਾ ਹਿੱਸਾ ਬਣਾਉਣ ਦਾ ਮਨ ਬਣਾ ਲਿਆ ਅਤੇ 1553 ਈ: ਵਿੱਚ ਆਪਣੀ ਸਪੁੱਤਰੀ ਬੀਬੀ ਭਾਨੀ ਦਾ ਵਿਆਹ, ਜੇਠਾ ਜੀ ਨਾਲ ਕਰ ਦਿੱਤਾ।ਇਸ ਸਮੇਂ ਜੇਠਾ ਜੀ ਦੀ ਨਿਸ਼ਕਾਮਭਗਤੀ ਅਤੇ ਅਧਿਆਤਮਕਤਾ ਦੀ ਪਛਾਣ ਕਰਦੇ ਹੋਏ ਗੁਰੂ ਅਮਰਦਾਸ ਜੀ ਨੇ ਉਨ੍ਹਾਂ ਨੂੰ ਆਪਣੇ ਕੋਲ ਹੀ ਰੱਖ ਲਿਆ। ਭਾਈ ਜੇਠਾ ਜੀ ਨੇ ਬੜੀ ਨਿਰਮਾਣਤਾ ਅਤੇ ਹਲੀਮੀ ਨਾਲ ਗੁਰੂ ਅਮਰਦਾਸ ਜੀ ਅਤੇ ਸੰਗਤ ਦੀ ਸੇਵਾ ਕੀਤੀ। ਭਾਈ ਜੇਠਾ ਜੀ ਨੇ ਕਦੇ ਵੀ ਗੁਰੂ ਅਮਰਦਾਸ ਜੀ ਨੂੰ ਸਹੁਰੇ ਦੀ ਹੈਸੀਅਤ ਨਾਲ ਨਹੀਂ ਦੇਖਿਆ ਬਲਕਿ ਪਰਮਾਤਮਾ ਦਾ ਅਗੰਮੀ ਨੂਰ ਜਾਣ ਕੇ ਉਨ੍ਹਾਂ ਦੀ ਤਨੋਂ ਮਨੋਂ ਸੇਵਾ ਕੀਤੀ। ਇਸ ਸਮੇਂ ਦੌਰਾਨ ਸਮਾਜ ਵਿੱਚ ਜਾਤ-ਪਾਤ, ਛੂਤ ਛਾਤ, ਊਚ-ਨੀਚ ਦੀ ਭਾਵਨਾ ਸਿਖਰ ‘ਤੇ ਸੀ। 

ਦੂਜੇ ਪਾਸੇ ਗੁਰੂ ਸਾਹਿਬ ਜੀ ਵਲੋਂ ਵੀ ਗੁਰਬਾਣੀ ਦਾ ਪ੍ਰਚਾਰ ਲਗਾਤਾਰ ਜਾਰੀ ਸੀ । ਗੁਰਬਾਣੀ ਹਰ ਇਕ ਨੂੰ ਮਾਣ ਬਖਸ਼ਦੀ ਹੈ ਤੇ ਅਜਿਹੇ ਸਰਵਖ਼ਸੇ੍ਰਸ਼ਟ ਪਰਮਾਤਮਾ ਨੂੰ ਪਾਉਣ ਲਈ ਰਾਹ ਅਖਤਿਆਰ ਕਰਦੀ ਹੈ। ਇਸਦੇ ਨਾਲ ਹੀ ਇਨ੍ਹਾਂ ਗੁਰੂ ਅਮਰਦਾਸ ਜੀ ਦੁਆਰਾ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਅਤੇ ਸਮਾਜਿਕ ਨਾ ਬਰਾਬਰੀ ਨੂੰ ਖਤਮ ਕਰਨ ਜਿਹੇ ਵਿਚਾਰਾਂ ਬਾਰੇ ਖੋਲ ਕੇ ਦੱਸਿਆ ਜਿਸ ਤੋਂ ਅਕਬਰ ਗੁਰੂ ਘਰ ਦੇ ਅਜਿਹੇ ਅਸੂਲਾਂ ਬਾਰੇ ਸੁਣ ਕੇ ਬਹੁਤ ਪ੍ਰਸੰਨ ਹੋਇਆ ਅਤੇ ਆਪ ਵੀ ਗੁਰੁ ਘਰ ਦਾ ਸ਼ਰਧਾਲੂ ਬਣ ਗਿਆ। ਉਸਨੇ ਖੁਸ਼ ਹੋ ਕੇ ਤੀਰਥ ਯਾਤਰਾ ਤੇ ਜਾਣ ਵਾਲੇ ਯਾਤਰੀਆਂ ਦਾ ਟੈਕਸ ਮਾਫ ਕਰ ਦਿੱਤਾ, ਸਤੀ ਪ੍ਰਥਾ ਦੇ ਖਾਤਮੇ ਲਈ ਆਦੇਸ਼ ਦਿੱਤਾ ਅਤੇ ਕਿਸਾਨਾਂ ਦਾ ਇਕ ਸਾਲ ਲਈ ਜ਼ਮੀਨ ਦਾ ਮਾਲੀਆ ਵੀ ਮਾਫ ਕਰ ਦਿੱਤਾ।ਗੁਰੂ ਜੀ ਨੇ ਸੰਗਤਾਂ ਦੀ ਸਹੂਲਤ ਲਈ 1553 ਈ: ਵਿੱਚ ਬਾਉਲੀ ਉਸਾਰਨ ਦਾ ਫੈਸਲਾ ਕੀਤਾ। ਇਸ ਬਾਉਲੀ ਸਾਹਿਬ ਦੀ ਖੁਦਾਈ ਅਤੇ ਪੌੜੀਆਂ ਦੀ ਉਸਾਰੀ ਲਈ ਦੂਰੋਂ ਦੂਰੋਂ ਸਿੱਖ ਸੰਗਤਾਂ ਸੇਵਾ ਵਿੱਚ ਸ਼ਾਮਿਲ ਹੋਈਆ।

ਬਾਉਲੀ ਸਾਹਿਬ ਦੇ ਨਿਰਮਾਣ ਕਾਰਜਾਂ ਵਿੱਚ ਭਾਈ ਜੇਠਾ ਜੀ ਨੇ ਬਿਨਾਂ ਕਿਸੇ ਮਾਣ ਹੰਕਾਰ ਤੋਂ ਬੜੀ ਸਹਿਣਸ਼ੀਲਤਾ ਨਾਲ ਸੇਵਾ ਕੀਤੀ। ਉਨ੍ਹਾਂ ਮਿੱਟੀ, ਚੂਨੇ ਤੇ ਗਾਰੇ ਦੀਆਂ ਭਰੀਆਂ ਟੋਕਰੀਆਂ ਨੂੰ ਆਪਣੇ ਸਿਰ ‘ਤੇ ਢੋਣ ਵਿੱਚ ਰੱਬੀ ਅਜ਼ਮਤ ਸਮਝੀ। ਬਾਉਲੀ ਸਾਹਿਬ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਤਾਂ ਭਾਈ ਜੇਠਾ ਜੀ ਦੇ ਕੁੱਝ ਰਿਸ਼ਤੇਦਾਰ ਹਰਿਦੁਆਰ ਤੋਂ ਲਾਹੌਰ ਜਾਂਦੇ ਹੋਏ ਗੋਇੰਦਵਾਲ ਸਾਹਿਬ ਆ ਰੁੱਕੇ। ਉਹਨਾਂ ਭਾਈ ਜੇਠਾ ਜੀ ਨੂੰ ਮਿੱਟੀ, ਗਾਰੇ ਦੀ ਸੇਵਾ ਕਰਦਿਆਂ ਦੇਖ ਕੇ ਪਛਾਣ ਲਿਆ ਅਤੇ ਕਈ ਤਾਹਣੇ ਮਿਹਣੇ ਦਿੱਤੇ। ਉਨ੍ਹਾਂ ਗੁਰੂ ਅਮਰਦਾਸ ਜੀ ਕੋਲ ਨਰਾਜ਼ਗੀ ਪ੍ਰਗਟ ਕੀਤੀ ਪਰ ਭਾਈ ਜੇਠਾ ਜੀ ਜੋ ਸੱਚੀ ਸੇਵਾ ਦੀ ਮੂਰਤ ਸਨ, ਗੁਰੂ ਅਮਰਦਾਸ ਜੀ ਅੱਗੇ ਫਰਿਆਦ ਕਰਨ ਲੱਗੇ, “ਪਾਤਸ਼ਾਹ ਇਹ ਅੰਜਾਣ ਹਨ ਇਨ੍ਹਾਂ ਨੂੰ ਨਹੀਂ ਪਤਾ ਕਿ ਇਹ ਕੀ ਬੋਲ ਰਹੇ ਹਨ। ਤੁਸੀਂ ਇਨ੍ਹਾਂ ਦੇ ਅੰਜਾਣਪੁਣੇ ਨੂੰ ਨਾ ਵਿਚਾਰਨਾ। ਜਿਵੇਂ ਹੋਰ ਦੋਖੀਆਂ ਨੂੰ ਪਿਆਰ ਨਾਲ ਦੇਖਦੇ ਹੋ, ਇਹਨਾਂ ਤੇ ਵੀ ਮਿਹਰ ਹੀ ਰੱਖਣੀ।” ਗੁਰੂ ਸਾਹਿਬ ਭਾਈ ਜੇਠਾ ਜੀ ਦੇ ਅਜਿਹੇ ਬੋਲਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਅਜਿਹੇ ਰਵੱਈਏ ਕਾਰਨ ਜੇਠਾ ਜੀ ਪ੍ਰਤੀ ਗੁਰੂ ਸਾਹਿਬ ਦੇ ਮਨ ਵਿੱਚ ਹੋਰ ਵੀ ਸਤਿਕਾਰਤ ਥਾਂ ਬਣ ਗਈ।ਅਕਾਲ ਪੁਰਖ ਦੀ ਰਜ਼ਾ ਮੁਤਾਬਕ ਭਾਈ ਜੇਠਾ ਜੀ ਦੇ ਘਰ ਤਿੰਨ ਪੁੱਤਰਾਂ ਬਾਬਾ ਪ੍ਰਿਥੀ ਚੰਦ, ਬਾਬਾ ਮਹਾਂਦੇਵ ਜੀ, ਅਰਜਨ ਦੇਵ (ਗੁਰੂ) ਨੇ ਜਨਮ ਲਿਆ।

ਬਾਉਲੀ ਸਾਹਿਬ ਦਾ ਨਿਰਮਾਣ ਕਾਰਜ ਸੰਪੂਰਨ ਹੋਣ ਤੋਂ ਕੁਝ ਸਮੇਂ ਬਾਅਦ ਗੁਰੂ ਅਮਰਦਾਸ ਜੀ ਨੇ ਧਰਮ ਅਤੇ ਵਪਾਰ ਦਾ ਇਕ ਵੱਡਾ ਕੇਂਦਰ ਕਿਸੇ ਕੇਂਦਰੀ ਸਥਾਨ ਤੇ ਸਥਾਪਿਤ ਕਰਨ ਦਾ ਮਨ ਬਣਾਇਆ ਤੇ ਇਸ ਕੰਮ ਦੀ ਜ਼ਿੰਮੇਵਾਰੀ ਭਾਈ ਜੇਠਾ ਜੀ ਨੂੰ ਸੋਂਪੀ ਗਈ। ਉਨ੍ਹਾਂ ਜੇਠਾ ਜੀ ਨੂੰ ਨਾਲ ਲੱਗਦੇ ਇਲਾਕੇ ਵਿੱਚ ਕੋਈ ਢੁੱਕਵੀਂ ਥਾਂ ਲੱਭਣ ਲਈ ਭੇਜਿਆ । ਭਾਈ ਜੇਠਾ ਜੀ ਨੇ 1577 ਈ: ਵਿੱਚ ਅੰਮ੍ਰਿਤਸਰ ਦੇ ਨਾਲ ਲੱਗਦੀ 500 ਵਿਘੇ ਜ਼ਮੀਨ ਅਕਬਰ ਤੋਂ ਜਗੀਰ ਵਿੱਚ ਲਈ ਤੇ ਉਸਦੇ ਬਦਲੇ ਤੁੰਗ ਪਿੰਡ ਦੇ ਜ਼ਿੰਮੀਦਾਰਾਂ ਨੂੰ, ਜੋ ਉਸ ਜ਼ਮੀਨ ਦੇ ਮਾਲਕ ਸਨ, 700 ਅਕਬਰੀ ਰੁਪਏ ਦੇ ਕੇ ਖਰੀਦ ਲਈ। ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਸਰੋਵਰ ਦੀ ਖੁਦਵਾਈ ਦਾ ਕੰਮ ਸ਼ੁਰੂ ਹੋ ਗਿਆ।ਇਸਦਾ ਨਾਮ ‘ਅੰਮ੍ਰਿਤਸਰ’ ਰੱਖਿਆ ਗਿਆ। ਇਹ ਕੰਮ ਕੁਝ ਦਿਨਾਂ ਜਾਂ ਮਹੀਨਿਆਂ ਵਿੱਚ ਮੁੱਕਣ ਵਾਲਾ ਨਾ ਹੋਣ ਕਰਕੇ ਭਾਈ ਰਾਮਦਾਸ ਜੀ ਸਰੋਵਰ ਹੀ ਬਣਾ ਸਕੇ, ਹਰਿਮੰਦਰ ਸਾਹਿਬ ਅਰਜਨ ਦੇਵ (ਗੁਰੂ) ਦੇ ਸਮੇਂ ਬਣਿਆ। ਉਨ੍ਹਾਂ 52 ਅਲੱਗ ਅਲੱਗ ਕੰਮ ਧੰਦਿਆਂ ਵਾਲੇ ਲੋਕਾਂ ਨੂੰ ਉਥੇ ਰਹਿਣ ਅਤੇ ਕਾਰੋਬਾਰ ਚਲਾਉਣ ਲਈ ਕਿਹਾ। ਇਸ ਸਥਾਨ ਨੂੰ ਹੁਣ ‘ਗੁਰੂ ਦਾ ਬਾਜ਼ਾਰ’ ਵੀ ਕਿਹਾ ਜਾਂਦਾ ਹੈ। ਸਮੇਂ ਦੇ ਨਾਲ ਇਹ ਸ਼ਹਿਰ ਉੱਤਰੀ ਭਾਰਤ ਵਿੱਚ ਵਪਾਰ ਦਾ ਸਭ ਤੋਂ ਵੱਡਾ ਕੇਂਦਰ ਬਣ ਗਿਆ ਅਤੇ ਇਸ ਸਥਾਨ ਦੀ ਅਬਾਦੀ ਵੱਧਣ ਲੱਗੀ। ਇਹ ਸਥਾਨ ‘ਰਾਮਦਾਸਪੁਰਾ’ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ। ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਇਸਦਾ ਜ਼ਿਕਰ ਆਉਦਾ ਹੈ:

ਵਸਦੀ ਸਘਨ ਅਪਾਰ ਅਨੂਪ ਰਾਮਦਾਸਪੁਰ॥

ਗੁਰੂ ਅਮਰਦਾਸ ਜੀ ਕਾਫੀ ਬਿਰਧ ਹੋ ਚੁੱਕੇ ਸਨ ਅਤੇ ਆਪਣਾ ਅੰਤਿਮ ਸਮਾਂ ਨੇੜੇ ਆਉਂਦਾ ਵੇਖ ਕੇ ਮਹਿਸੂਸ ਕੀਤਾ ਕਿ ਸੰਗਤਾਂ ਦੀ ਰਾਹਨੁਮਾਈ ਲਈ ਕਿਸੇ ਯੋਗ ਉਤਰਾਧਿਕਾਰੀ ਦੀ ਜ਼ਰੂਰਤ ਹੈ। ਇਸ ਲਈ ਉਨ੍ਹਾਂ ਆਪਣੇ ਦੋਹਾਂ ਜਵਾਈਆਂ ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਨੂੰ ਬੁਲਾਇਆ ਅਤੇ ਥੜੇ ਬਣਾਉਣ ਲਈ ਕਿਹਾ। ਜਦ ਥੜੇ ਤਿਆਰ ਹੋ ਗਏ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਨਾ ਪਸੰਦ ਕਰਦੇ ਹੋਏ ਹੋਰ ਥੜਾ ਬਣਾਉਣ ਲਈ ਕਿਹਾ। ਦੋਹਾਂ ਨੇ ਥੜਾ ਢੁਆ ਕੇ ਹੋਰ ਬਣਾ ਦਿੱਤਾ ਪਰ ਗੁਰੂ ਸਾਹਿਬ ਇਸੇ ਤਰ੍ਹਾਂ ਬਣੇ ਥੜਿਆਂ ਨੂੰ ਨਾ ਪਸੰਦ ਕਰਦੇ ਗਏ ਅਤੇ ਹੋਰ ਥੜੇ ਬਣਵਾਉਂਦੇ ਰਹੇ। ਪਰ ਜਦ ਚੌਥੀ ਵਾਰ ਵੀ ਗੁਰੂ ਸਾਹਿਬ ਨੇ ਥੜਾ ਨਾ ਪਸੰਦ ਕਰ ਦਿੱਤਾ ਤਾਂ ਭਾਈ ਰਾਮਾ ਜੀ ਦਾ ਸਿਦਕ ਵੀ ਡੌਲ ਗਿਆ ਤੇ ਕਿਹਾ ਕਿ ਤੁਸੀ ਬਿਰਧ ਹੋ ਜਾਣ ਕਰਕੇ ਆਪਣੀ ਕਹੀ ਗੱਲ ਭੁੱਲ ਜਾਂਦੇ ਹੋ, ਮੈਂ ਹੋਰ ਥੜਾ ਨਹੀਂ ਬਣਾ ਸਕਦਾ। ਪਰ ਗੁਰੂ ਸਾਹਿਬ ਦਾ ਅਸਲ ਮਕਸਦ ਤਾਂ ਜ਼ਿੰਦਗੀ ਦੀ ਮਜ਼ਬੂਤ ਉਸਾਰੀ ਅਤੇ ਸਿਦਕ ਦੀ ਪਰਖ ਕਰਨਾ ਸੀ। ਦੂਜੇ ਪਾਸੇ ਭਾਈ ਜੇਠਾ ਜੀ ਜਿਹਨਾਂ ਖੁਸ਼ੀ ਖੁਸ਼ੀ ਥੜਾ ਢਾਹ ਕੇ ਦੁਬਾਰਾ ਬਣਾ ਦਿੱਤਾ। ਉਹ ਫਿਰ ਨਵੇਂ ਥੜੇ ਤਿਆਰ ਕਰਦੇ ਰਹੇ ਤੇ ਗੁਰੂ ਸਾਹਿਬ ਉਹਨਾਂ ਬਣੇ ਹੋਏ ਥੜ੍ਹਿਆਂ ਨੂੰ ਨਾ ਪਸੰਦ ਕਰਦੇ ਗਏ। ਜਦ ਸੱਤਵੀਂ ਵਾਰ ਉਨ੍ਹਾਂ ਸਬਰ ਸੰਤੋਖ ਨਾਲ ਥੜਾ ਢਾਹ ਦਿੱਤਾ ਤਾਂ ਕਹਿਣ ਲੱਗੇ, “ਪਾਤਸ਼ਾਹ ਮੈਂ ਘੱਟ ਸਮਝ ਰੱਖਦਾ ਹਾਂ, ਮਾਫ ਕਰੋ, ਮੈਨੂੰ ਠੀਕ ਉਸਾਰੀ ਦੀ ਜਾਚ ਸਮਝਾ ਦਿਉ। ਅਜਿਹੇ ਨਿਮਰਤਾ ਭਰਪੂਰ ਸ਼ਬਦ ਸੁਣ ਕੇ ਗੁਰੂ ਸਾਹਿਬ ਮੁਸਕਰਾਪਏ ਤੇ ਜੇਠਾ ਜੀ ਨੂੰ ਜੱਫੀ ਵਿੱਚ ਲੈਂਦਿਆਂ ਸੱਤ ਪੀੜ੍ਹੀਆਂ ਦੀ ਗੁਰਿਆਈ ਦੀ ਦਾਤ ਉਨ੍ਹਾਂ ਦੀ ਝੋਲੀ ਵਿੱਚ ਪਾ ਦਿੱਤੀ। ਭਾਵ ਅਗਲੀਆਂ ਸੱਤ ਗੁਰਿਆਈਆਂ ਦੀ ਥਾਪਨਾ ਭਾਈ ਜੇਠਾ ਜੀ ਦੇ ਵੰਸ਼ ਨੂੰ ਕਰ ਦਿੱਤੀ। ਉਨ੍ਹਾਂ ਅਗਸਤ 1574 ਈ: ਵਿੱਚ ਚੌਥੇ ਗੁਰੂ ਦੀ ਗੁਰਿਆਈ ਲਈ ਗੋਇੰਦਵਾਲ ਵਿੱਚ ਇਕ ਸਮਾਗਮ ਰੱਖਿਆ ਤੇ ਉਸ ਵਿੱਚ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਭਾਈ ਜੇਠਾ ਜੀ ਨੂੰ ਰਾਮਦਾਸ ਤੋਂ ‘ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਪ੍ਰਗਟ ਕੀਤਾ ਜਿਸ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ:

ਬੈਠਾ ਸੋਢੀ ਪਾਤਿਸਾਹੁਰਾਮਦਾਸੁ ਸਤਿਗੁਰੂ ਕਹਾਵੈ॥

ਗੁਰੂ ਰਾਮਦਾਸ ਜੀ ਦੀ ਗੁਰਿਆਈ ਤੋਂ ਛੇਤੀ ਹੀ ਬਾਅਦ ਸਤੰਬਰ 1574 ਈ: ਵਿੱਚ ਗੁਰੂ ਅਮਰਦਾਸ ਜੀ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਏ। ਇਸ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ 1574 ਈ: ਤੋਂ 1581 ਈ: ਤੱਕ ਸੱਤ ਸਾਲ ਗੁਰੂਤਾ ਗੱਦੀ ਤੇ ਬੈਠ ਕੇ ਸਿੱਖ ਲਹਿਰ ਦੀ ਵਾਗਡੌਰ ਸੰਭਾਲੀ ਅਤੇ ਫਿਰ ਇਕ ਨਹੀਂ, ਸਗੋਂ ਅਨੇਕਾਂ ਹੀ ਅਜਿਹੇ ਲਾਸਾਨੀ ਕਾਰਜ ਕੀਤੇ ਜਿਨ੍ਹਾਂ ਸਦਕਾ ਨਾ ਸਿਰਫ ਸਿੱਖ ਇਤਿਹਾਸ ਬਲਕਿ ਸਮੁੱਚੇ ਵਿਸ਼ਵ ਵਿੱਚ ਆਪ ਜੀ ਨੂੰ ਵਿਲੱਖਣ ਸਥਾਨ ਪ੍ਰਾਪਤ ਹੋਇਆ ਹੈ। ਇਨ੍ਹਾਂ ਵਿੱਚੋਂ ਆਪ ਦੁਆਰਾ ਕੀਤੇ ਨਿਰਮਾਣ ਕਾਰਜ ਅਤੇ ਮਹਾਨ ਬਾਣੀ ਦੀ ਰਚਨਾ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹਨ।

ਗੁਰੂ ਰਾਮਦਾਸ ਜੀ ਨੇ ਆਪਣੀ ਗੁਰਿਆਈ ਕਾਲ ਦੌਰਾਨ ਗੁਰੂ ਪਰੰਪਰਾ ਮੁਤਾਬਕ ਮਹਾਨ ਬਾਣੀ ਦੀ ਰਚਨਾ ਕੀਤੀ। ਆਪ ਪਹਿਲੇ ਬਾਣੀਕਾਰ ਸਨ ਜਿਨ੍ਹਾਂ ਇਕਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬਵਿਚਲੇ 31 ਰਾਗਾਂ ਵਿੱਚੋਂ 30 ਰਾਗਾਂ ਵਿੱਚ ਬਾਣੀ ਰਚਨਾ ਕੀਤੀ ਅਤੇ 22 ਵਾਰਾਂ ਵਿੱਚ ਸਭ ਤੋਂ ਵੱਧ 8 ਵਾਰਾਂ ਦੀ ਰਚਨਾ ਕੀਤੀ। ਆਪ ਜੀ ਦੀ ਬਾਣੀ ਪਹਿਲੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦਾ ਹੀ ਵਿਸਤਾਰ ਕਰਦੀ ਹੈ। ਪ੍ਰਭੂ ਵਿਛੋੜੇ ਵਿੱਚ ਵੈਰਾਗ ਦੀ ਤੀਬਰਤਾ ਆਪ ਦੀ ਬਾਣੀ ਦਾ ਪ੍ਰਮੁੱਖ ਵਿਸ਼ਾ ਹੈ। ਗੁਰੂ ਸਾਹਿਬ ਦੁਆਰਾ ਜਿਨ੍ਹਾਂ ਰਾਗਾਂ ਵਿੱਚ ਬਾਣੀ ਰਚਨਾ ਕੀਤੀ ਗਈ ਉਹ ਰਾਗ ਹਨ: ਸਿਰੀ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਜੈਤਸਰੀ, ਧਨਾਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟਖ਼ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ। ਇਸ ਤੋਂ ਇਲਾਵਾ ਗੁਰੂ ਰਾਮਦਾਸ ਜੀ ਦੀਆਂ ਪ੍ਰਮੁੱਖ ਬਾਣੀਆਂ ਵਿੱਚ ਵਾਰਾਂ, ਘੋੜੀਆਂ, ਲਾਵਾਂ, ਮਾਰੂ ਸੋਲਹੇ, ਕਰਹਲੇ, ਵਣਜਾਰਾ, ਪਹਿਰੇ, ਛੰਤ ਵਿਸ਼ੇਸ਼ ਤੋਰ ‘ਤੇ ਵਰਣਨ ਯੋਗ ਹਨ । ਆਪਣੀ ਜ਼ਿੰਮੇਵਾਰੀ ਨੂੰ ਸੰਭਾਲਦੇ ਹੋਏ ਬਾਣੀ ਰਚਨਾ ਦੇ ਨਾਲ ਨਾਲ ਗੁਰੂ ਰਾਮਦਾਸ ਜੀ ਨੇ ਸਮਾਜ ਸੇਵਾ ਦੇ ਕਾਰਜਾਂ ਵਲੋਂ ਵੀ ਅਣਗਹਿਲੀ ਨਹੀਂ ਵਰਤੀ, ਸਗੋਂ ਵੱਧ ਚੜ ਕੇ ਹਿੱਸਾ ਲਿਆ। ਉਨ੍ਹਾਂ ਦੇ ਸਮਾਜ ਵਿਕਾਸ ਲਈ ਕਾਰਜਾਂ ਵਿੱਚਂੋ ਪਵਿੱਤਰ ਸਰੋਵਰ ਦੀ ਉਸਾਰੀ ਸਭ ਤੋਂ ਤਰਜ਼ੀਹੀ ਕਾਰਜ ਸੀ। ਇਸ ਕੰਮ ਲਈ ਕਿਰਤੀਆਂ ਤੋਂ ਇਲਾਵਾ ਸਿੱਖ ਸ਼ਰਧਾਲੂਆਂ ਨੇ ਵੀ ਸਰੋਵਰ ਦੀ ਉਸਾਰੀ ਲਈ ਵੱਧ ਤੋਂ ਵੱਧ ਸੇਵਾ ਕੀਤੀ। ਬਾਬਾ ਬੁੱਢਾ ਜੀ ਸਰੋਵਰ ਦੀ ਖੁਦਾਈ ਦੇ ਕੰਮ ਦੀ ਦੇਖ ਰੇਖ ਕਰਦੇ ਸਨ ਤੇ ਭਾਈ ਗੁਰਦਾਸ ਜੀ ਦੀ ਨਿਗਰਾਨੀ ਹੇਠ ਨਗਰੀ ਦੇ ਵਿਕਾਸ ਦਾ ਕੰਮ ਚੱਲ ਰਿਹਾ ਸੀ। 

ਗੁਰੂ ਸਾਹਿਬ ਆਪਣੇ ਤੋਂ ਪਹਿਲਾਂ ਗੁਰੂ ਜੋਤਿ ਦੇ ਸਿਧਾਂਤਾਂ ਨੂੰ ਬਰਕਰਾਰ ਰੱਖਦੇ ਹੋਏ ਕਿਸੇ ਯੋਗ ਉਤਰਾਧਿਕਾਰੀ ਦੀ ਚੋਣ ਕਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਆਪਣੇ ਤਿੰਨਾਂ ਪੁੱਤਰਾਂ ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ ਦੇਵ (ਗੁਰੂ) ਜੀ ਨੂੰ ਪਰਖ ਕਸਵੱਟੀ ‘ਤੇ ਅਜੇ ਪਰਖਣਾ ਸੀ। ਉਨ੍ਹਾਂ ਦਾ ਵੱਡਾ ਪੁੱਤਰ ਪ੍ਰਿਥੀ ਚੰਦ ਦੁਨਿਆਵੀ ਕਾਰ ਵਿਹਾਰ ਵਿੱਚ ਤਾਂ ਚੁਸਤ ਸੀ ਪਰ ਗੁਰੂ ਘਰ ਦੇ ਕਾਰਜਾਂ ਵਿੱਚ ਘੱਟ ਰੁਚੀ ਹੋਣ ਕਰਕੇ ਪ੍ਰਭੂਤਾ ਦਾ ਪ੍ਰਦਰਸ਼ਨ ਕਰਦੇ ਸਨ ਤੇ ਕਈ ਵਾਰ ਤਾਂ ਪਰਿਵਾਰਕ ਤੇ ਸੰਪਤੀ ਸੰਬੰਧੀ ਮਾਮਲਿਆਂ ਨੂੰ ਲੈ ਕੇ ਤਕਰਾਰ ਕਰਨ ਤੋਂ ਵੀ ਸੰਕੋਚ ਨਹੀਂ ਸਨ ਕਰਦੇ ਜਿਸਦਾ ਪ੍ਰਮਾਣ ਗੁਰੂ ਸਾਹਿਬ ਦੀ ਬਾਣੀ ਤੋਂ ਸਪਸ਼ਟ ਹੋ ਜਾਂਦਾ ਹੈ :

ਕਾਹੇ ਪੂਤ ਝਗਰਤ ਹਉ ਸੰਗਿ ਬਾਪ ॥

ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥੧॥ ਰਹਾਉ ॥

ਦੂਸਰਾ ਪੁੱਤਰ ਮਹਾਂਦੇਵ ਬਹੁਤ ਹੀ ਸਿੱਧੇ ਸਾਦੇ ਤੇ ਮਸਤ ਸੁਭਾਅ ਦੇ ਮਾਲਿਕ ਸਨ। ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਜ਼ਿੰਮੇਵਾਰੀ ਨਿਭਾਉਣ ਦਾ ਕੋਈ ਅਹਿਸਾਸ ਹੀ ਨਹੀਂ ਸੀ। ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਅਰਜਨ ਦੇਵ, ਜਿਨ੍ਹਾਂ ਨੂੰ ਬਚਪਨ ਵਿੱਚ ਹੀ ਗੁਰੂ ਅਮਰਦਾਸ ਜੀ ਤੋਂ ‘ਦੋਹਿਤਾ ਬਾਣੀ ਦਾ ਬੋਹਿਥਾ’ ਦਾ ਵਰ ਪ੍ਰਾਪਤ ਸੀ, ਉਨ੍ਹਾਂ ਦੀ ਬਿਰਤੀ ਧਾਰਮਿਕ ਮਹਾਂਪੁਰਖਾਂ ਵਾਲੀ ਸੀ। ਆਪ ਬਹੁਤ ਹੀ ਸ਼ਾਂਤ, ਆਗਿਆਕਾਰੀ ਸੁਭਾਅ ਦੇ ਮਾਲਿਕ ਅਤੇ ਰੂਹਾਨੀਅਤ ਦੇ ਪੁੰਜ ਸਨ। ਪਿਤਾ ਦੀ ਆਗਿਆ ਦਾ ਪਾਲਣ ਕਰਨ ਵਿੱਚ ਆਪ ਦਾ ਕੋਈ ਮੁਕਾਬਲਾ ਨਹੀਂ ਸੀ। ਗੁਰੂ ਘਰ ਦੀ ਹਰ ਸੇਵਾ, ਹਰ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਸਨ। ਇਸ ਲਈ ਗੁਰੂ ਰਾਮਦਾਸ ਜੀ ਨੇ ਗੁਰੂਤਾ ਗੱਦੀ ਦੀ ਜ਼ਿੰਮੇਵਾਰੀ ਲਈ ਗੁਰੂ ਅਰਜਨ ਦੇਵ ਜੀ ਨੂੰ ਯੋਗ ਸਮਝਦੇ ਹੋਏ 1581 ਈ: ਵਿੱਚ ਗੁਰਿਆਈ ਉਨ੍ਹਾਂ ਦੀ ਝੋਲੀ ਵਿੱਚ ਪਾਈ ਅਤੇ ‘ਪਰਤਖਿ ਹਰਿ’ ਦੇ ਰੂਪ ਵਿੱਚ ਪ੍ਰਗਟ ਕੀਤਾ।

ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੇ ਉਤਰਾਧਿਕਾਰੀ ਥਾਪ ਕੇ ਕੁਝ ਚਿਰ ਬਾਅਦ ਗੁਰੂ ਰਾਮਦਾਸ ਜੀ ਸਤੰਬਰ 1581 ਈ: ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਭਾਵ ਜੋਤੀ ਜੋਤ ਸਮਾ ਗਏ। ਗੁਰੂ ਰਾਮਦਾਸ ਜੀ ਦੀ ਆਤਮਾ (ਜੋਤੀ) ਜਦ ਅਕਾਲਖ਼ਪੁਰਖ ਦੀ ਜੋਤ ਵਿੱਚ ਜਾ ਸਮਾਈ ਤਾਂ ਇਸ ਸਮੇਂ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰੀ ਪਉੜੀ ਦਾ ਜ਼ਿਕਰ ਮਿਲਦਾ ਹੈ:

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥

ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥

- PTC NEWS

adv-img

Top News view more...

Latest News view more...