US Deported Punjabi : ''ਹੱਥਾਂ ਨੂੰ ਹੱਥਕੜੀ, ਪੈਰਾਂ ਨੂੰ ਬੇੜੀਆਂ...ਸਿਰਫ਼ ਇਹੀ ਹੈ ਸਾਡੀ ਕਹਾਣੀ'', ਜਾਣੋ ਅਮਰੀਕਾ ਤੋਂ ਪਰਤੇ ਜਸ਼ਨਪ੍ਰੀਤ ਤੇ ਮਨਦੀਪ ਦਾ ਦਰਦ
US Deported Punjabi From Kapurthala News : ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚ ਪੰਜਾਬ ਪਰਤੇ ਨੌਜਵਾਨਾਂ ਦਾ ਦਰਦ ਜਾਂ ਤਾਂ ਸਿਰਫ਼ ਉਹ ਖੁਦ ਅਤੇ ਜਾਂ ਫਿਰ ਉਨ੍ਹਾਂ ਦੇ ਮਾਪੇ ਹੀ ਸਮਝ ਸਕਦੇ ਹਨ। ਫਿਰ ਵੀ ਉਹ ਮੀਡੀਆ ਨਾਲ ਆਪਣਾ ਦਰਦ ਸਾਂਝਾ ਕਰ ਰਹੇ ਹਨ, ਤਾਂ ਕਿ ਉਨ੍ਹਾਂ ਵਾਂਗ ਹੋਰਨਾਂ ਲੋਕਾਂ ਦੇ ਧੀਆਂ-ਪੁੱਤਾਂ ਨੂੰ ਮੁਸ਼ਕਿਲਾਂ ਨਾ ਜਰਣੀਆਂ ਪੈਣ। ਇਸੇ ਤਰ੍ਹਾਂ ਕਪੂਰਥਲਾ ਦੇ ਪਿੰਡ ਪੰਡੌਰੀ ਰਾਜਪੂਤਾਂ ਅਤੇ ਸੁਰਖਾਂ ਦੇ ਦੋ ਨੌਜਵਾਨਾਂ ਦੀ ਹੱਡਬੀਤੀ ਸਾਹਮਣੇ ਆਈ ਹੈ।
ਭੁਲੱਥ ਹਲਕੇ ਦੇ ਪਿੰਡ ਪੰਡੋਰੀ ਰਾਜਪੂਤਾਂ ਦਾ ਨੌਜਵਾਨ ਜਸ਼ਨਪਰੀਤ ਸਿੰਘ ਪੁੱਤਰ ਬਲਕਾਰ ਸਿੰਘ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ, ਨੂੰ ਪੁਲਿਸ ਨੇ ਪਿੰਡ ਪੰਡੋਰੀ ਰਾਜਪੂਤਾ ਪਹੁੰਚਾ ਦਿੱਤਾ ਗਿਆ ਹੈ।
ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਖੋਲ੍ਹੀਆਂ ਗਈਆਂ ਬੇੜੀਆਂ : ਜਸ਼ਨਪ੍ਰੀਤ ਸਿੰਘ
ਗੱਲਬਾਤ ਕਰਦਿਆਂ ਨੌਜਵਾਨ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਚੰਗੇ ਭਵਿੱਖ ਦੀ ਭਾਲ ਵਾਸਤੇ ਪਿਛਲੇ ਸਾਲ ਉਹ ਯੂਰਪ ਗਿਆ ਸੀ ਪਰ ਉੱਥੇ ਕੰਮ ਨਹੀਂ ਮਿਲਿਆ। ਇਸ ਕਰਕੇ ਉਹ ਯੂਰਪ ਤੋਂ ਅਮਰੀਕਾ ਲਈ ਚਲਾ ਗਿਆ। ਇਸੇ ਸਾਲ ਜਨਵਰੀ ਮਹੀਨੇ ਉਹ ਅਮਰੀਕਾ ਪਹੁੰਚਿਆ ਸੀ । ਜਿੱਥੇ ਉਸ ਨੂੰ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਗਿਆ, ਜਿੱਥੇ ਕਰੀਬ 20 ਦਿਨ ਰੱਖਣ ਤੋਂ ਬਾਅਦ ਡਿਪੋਟ ਕਰਕੇ ਭੇਜ ਦਿੱਤਾ ਗਿਆ।
ਜਦੋਂ ਡਿਪੋਰਟ ਕਰਕੇ ਭੇਜਿਆ ਗਿਆ ਤਾਂ ਡਿਟੈਂਸ਼ਨ ਸੈਂਟਰ ਤੋਂ ਹੀ ਮੇਰੇ ਹੱਥਾਂ ਨੂੰ ਹੱਥ ਕੜੀ ਪੈਰਾਂ ਨੂੰ ਬੇੜੀਆਂ ਲਗਾ ਦਿੱਤੀਆਂ ਗਈਆਂ ਅਤੇ ਜਹਾਜ ਵਿੱਚ ਵੀ ਇਸੇ ਤਰ੍ਹਾਂ ਹੀ ਬਿਠਾ ਕੇ ਲਿਆਂਦਾ ਗਿਆ। ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਅਮਰੀਕੀ ਫੌਜੀਆਂ ਵੱਲੋਂ ਸਾਡੀਆਂ ਬੇੜੀਆਂ ਤੇ ਹੱਥ ਕੜੀਆਂ ਖੋਲ ਦਿੱਤੀਆਂ ਗਈਆਂ।
ਸਾਡੇ ਤਾਂ ਕੋਈ ਜ਼ਮੀਨ ਵੀ ਨਹੀਂ...ਮਨਦੀਪ ਸਿੰਘ ਮਾਂ ਨੇ ਸੁਣਾਇਆ ਦਰਦ
ਇਸੇ ਤਰ੍ਹਾਂ ਅਮਰੀਕਾ ਤੋਂ ਮਨਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸੁਰਖਾਂ ਨੂੰ ਵੀ ਡਿਪੋਰਟ ਕੀਤਾ ਗਿਆ ਹੈ। ਗੱਲਬਾਤ ਦੌਰਾਨ ਮਨਦੀਪ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਸੱਤ ਕੁ ਮਹੀਨੇ ਪਹਿਲਾਂ ਅਮਰੀਕਾ ਲਈ ਇਥੋਂ ਤੋਰਿਆ ਸੀ, ਜਿਸ ਨੂੰ ਅਮਰੀਕਾ ਪਹੁੰਚਣ ਵਿੱਚ ਸੱਤ ਕੁ ਮਹੀਨੇ ਦਾ ਸਮਾਂ ਲੱਗ ਗਿਆ ਜਿੱਥੋਂ ਹੁਣ ਉਸ ਨੂੰ ਡਿਪੋਰਟ ਕਰਕੇ ਭੇਜਿਆ ਗਿਆ ਹੈ। ਉਹਨਾਂ ਦੱਸਿਆ ਕਿ ਮਨਦੀਪ ਸਿੰਘ ਨੂੰ ਭੇਜਣ ਤੇ 55 ਲੱਖ ਰੁਪਏ ਉਹਨਾਂ ਨੇ ਕਰਜ਼ਾ ਚੁੱਕਿਆ ਹੈ ਜਦਕਿ ਉਸਦਾ ਪਤੀ ਪ੍ਰੀਤਮ ਸਿੰਘ ਆਰੇ ਤੇ ਲੱਗਾ ਹੋਇਆ ਹੈ। ਉਨ੍ਹਾਂ ਕੋਲ ਕੋਈ ਜਮੀਨ ਨਹੀਂ ਸਿਰਫ ਘਰ ਹੀ ਹੈ।
- PTC NEWS