ਕਿਉਂ ਮਾਸਟਰ ਤਾਰਾ ਸਿੰਘ ਦਾ ਖੁਦਮੁਖਤਿਆਰੀ ਸਿੱਖ ਰਾਜ ਬਣਾਉਣ ਦਾ ਸੁਪਨਾ ਰਹਿ ਗਿਆ ਅਧੂਰਾ? ਇੱਥੇ ਜਾਣੋ
Master Tara Singh Short Biography: ਅਕਾਲੀ ਲਹਿਰ ਦੀ ਇੱਕ ਪ੍ਰਤੀਕ ਹਸਤੀ ਮਾਸਟਰ ਤਾਰਾ ਸਿੰਘ ਦਾ ਆਜ਼ਾਦੀ ਤੋਂ ਬਾਅਦ ਦੇਸ਼ ਅੰਦਰ ਇੱਕ ਖੁਦਮੁਖਤਿਆਰੀ ਸਿੱਖ ਰਾਜ ਬਣਾਉਣ ਦਾ ਸੁਪਨਾ ਅਧੂਰਾ ਰਹਿ ਗਿਆ। ਇਹ ਕਹਿਣਾ ਹੈ ਉਨ੍ਹਾਂ ਦੀ ਪੋਤਨੂੰਹ ਪ੍ਰੋ: ਜਸਪ੍ਰੀਤ ਕੌਰ ਦਾ, ਜਿਨ੍ਹਾਂ ਜੂਨ 2018 ਵਿੱਚ ਉੱਘੇ ਨੇਤਾ ਅਤੇ ਆਜ਼ਾਦੀ ਘੁਲਾਟੀਏ ਦੀ 134ਵੀਂ ਜਯੰਤੀ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, “ਜਵਾਹਰ ਲਾਲ ਨਹਿਰੂ ਨੇ ਮਾਸਟਰ ਤਾਰਾ ਸਿੰਘ ਸਮੇਤ ਸਿੱਖ ਆਗੂਆਂ ਨੂੰ ਭਰੋਸਾ ਦਿੱਤਾ ਸੀ ਕਿ ਉਹਨਾਂ ਨੂੰ ਖੁਦਮੁਖਤਿਆਰ ਸਿੱਖ ਰਾਜ ਦੇ ਗਠਨ 'ਤੇ ਕੋਈ ਇਤਰਾਜ਼ ਨਹੀਂ ਹੈ। ਉਸ ਦੇ ਭਰੋਸੇ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੇ ਵੰਡ ਵੇਲੇ ਭਾਰਤ ਨਾਲ ਜਾਣ ਦਾ ਫੈਸਲਾ ਕੀਤਾ ਸੀ।"
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਮਾਜਿਕ ਵਿਗਿਆਨ ਦੇ ਪ੍ਰੋਫੈਸਰ ਵਜੋਂ ਨਿਯੁਕਤ ਪ੍ਰੋ. ਜਸਪ੍ਰੀਤ ਕੌਰ ਨੇ ਅੱਗੇ ਕਿਹਾ, “ਪਰ ਵੰਡ ਤੋਂ ਬਾਅਦ ਕੇਂਦਰ ਨੇ ਦੇਸ਼ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਸਿੱਖਾਂ ਨੂੰ ਕਾਬੂ ਵਿਚ ਰੱਖਣ ਅਤੇ ਉਨ੍ਹਾਂ 'ਤੇ ਪਾਬੰਦੀਆਂ ਲਗਾਉਣ। ਇਸ ਨੇ ਮਾਸਟਰ ਤਾਰਾ ਸਿੰਘ ਨੂੰ ਪੰਜਾਬੀ ਸੂਬਾ ਮੋਰਚਾ ਸ਼ੁਰੂ ਕਰਨ ਲਈ ਮਜਬੂਰ ਕੀਤਾ।"
ਮਾਸਟਰ ਤਾਰਾ ਸਿੰਘ ਨੇ ਹੀ 'ਆਜ਼ਾਦ ਪੰਜਾਬ' ਦਾ ਸੰਕਲਪ ਵੀ ਪੇਸ਼ ਕੀਤਾ। ਇਸ ਸੰਕਲਪ ਦੇ ਤਹਿਤ ਉਨ੍ਹਾਂ ਨੇ ਪੰਜਾਬ ਦੀਆਂ ਹੱਦਾਂ ਨੂੰ ਇਸ ਤਰੀਕੇ ਨਾਲ ਨਿਸ਼ਚਿਤ ਕਰਨ ਦਾ ਸੁਝਾਅ ਦਿੱਤਾ ਕਿ ਕਿਸੇ ਵੀ ਧਾਰਮਿਕ ਭਾਈਚਾਰਾ ਹਿੰਦੂ, ਮੁਸਲਮਾਨ ਅਤੇ ਸਿੱਖ ਦਾ ਕਿਸੇ ਹੋਰ ਭਾਈਚਾਰੇ 'ਤੇ ਦਬਦਬਾ ਨਾ ਰਹੇ। ਮਾਸਟਰ ਜੀ ਕਦੇ ਵੀ ਭਾਰਤ ਤੋਂ ਵੱਖ ਹੋ ਕੇ ਖੁਦਮੁਖਤਿਆਰ ਰਾਜ ਨਹੀਂ ਬਣਾਉਣਾ ਚਾਹੁੰਦੇ ਸਨ।
ਇਹ ਵੀ ਪੜ੍ਹੋ: "ਪਰਦੇ ਦੇ ਪਿੱਛੇ" ਦਾ ਰਾਜ਼ - ਜਦੋਂ ਮੁਸਲਿਮ ਲੀਗ ਅਤੇ ਕਾਂਗਰਸ ਨੇ ਵੰਡ ਦੀ ਯੋਜਨਾ ਲਈ ਪ੍ਰਗਟਾਈ ਸਹਿਮਤੀ
ਮਾਸਟਰ ਤਾਰਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾਪਕ ਸਨ
ਭਾਰਤ ਦੀ ਵੰਡ ਸਿੱਖਾਂ ਦੇ ਇਤਿਹਾਸ ਦੇ ਸਭ ਤੋਂ ਕਾਲੇ ਅਧਿਆਇਆਂ ਵਿੱਚੋਂ ਇੱਕ ਹੈ, ਜਿਸ ਵਿੱਚ ਉਪ-ਮਹਾਂਦੀਪ ਦੀ ਵੰਡ ਦੇ ਨਾਲ-ਨਾਲ ਦੋ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਵਿੱਚ ਖੌਫਨਾਕ ਘਟਨਾਵਾਂ ਵਾਪਰੀਆਂ। ਇਸ ਯੁਗ-ਨਿਰਮਾਣ ਘਟਨਾ ਨੇ ਮੱਧ 'ਚ ਦੋ ਭਾਰਤੀ ਸੂਬਿਆਂ ਪੰਜਾਬ ਅਤੇ ਬੰਗਾਲ ਨੂੰ ਤੋੜ ਦਿੱਤਾ ਅਤੇ ਸਿੱਖ ਭਾਈਚਾਰੇ ਨੂੰ ਹਿੰਸਾ, ਖੂਨ-ਖਰਾਬਾ ਅਤੇ ਵੱਡੇ ਪੱਧਰ 'ਤੇ ਜਾਨੀ ਨੁਕਸਾਨ ਦਾ ਨੁਕਸਾਨ ਚੁੱਕਣਾ ਪਿਆ।
ਸ਼ੁਰੂ ਵਿੱਚ ਵੰਡ ਦਾ ਵਿਰੋਧ ਕਰਨ ਵਾਲੇ ਸਿੱਖਾਂ ਦੀ ਵਕਾਲਤ ਕਰਨਾ ਅਤੇ ਬਾਅਦ ਵਿੱਚ ਜਦੋਂ ਇਹ ਅਟੱਲ ਹੋ ਗਈ ਤਾਂ ਆਪਣੇ ਲੋਕਾਂ ਨੂੰ ਦਰਦਨਾਕ ਪ੍ਰਕਿਰਿਆ ਵਿੱਚ ਅਗਵਾਈ ਕਰਨ ਵਾਲੇ ਇਹ ਨਿਡਰ ਆਗੂ ਮਾਸਟਰ ਤਾਰਾ ਸਿੰਘ ਹੀ ਸਨ। ਉਹ ਸਿੱਖ ਗੁਰਦੁਆਰਿਆਂ ਨੂੰ ਨਿਯੰਤਰਿਤ ਕਰਨ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ) ਦੇ ਸੰਸਥਾਪਕ ਵੀ ਸਨ ਅਤੇ ਪੰਜਾਬ ਦੀਆਂ ਸਭ ਤੋਂ ਪ੍ਰਮੁੱਖ ਸਿਆਸੀ ਪਾਰਟੀਆਂ ਵਿੱਚੋਂ ਇੱਕ ਅਕਾਲੀ ਦਲ ਦੀ ਸਿਰਜਣਾ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।
ਸਿੱਖ ਕੌਮ ਦੇ ਹਿੱਤਾਂ ਦੀ ਰਾਖੀ ਲਈ ਉਨ੍ਹਾਂ ਦੇ ਅਣਥੱਕ ਯਤਨਾਂ ਨੇ 1960 ਦੇ ਦਹਾਕੇ ਵਿੱਚ ਪੰਜਾਬ ਦੇ ਭਾਸ਼ਾਈ ਰਾਜ ਦੀ ਸਿਰਜਣਾ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ। ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦੇ ਇਤਿਹਾਸ ਵਿੱਚ ਤਾਰਾ ਸਿੰਘ ਦੀ ਵਿਰਾਸਤ ਅਤੇ ਭੂਮਿਕਾ ਨੂੰ ਲਗਭਗ ਵਿਸਾਰ ਦਿੱਤਾ ਗਿਆ ਹੈ।
ਮਾਸਟਰ ਜੀ ਦਾ ਜਨਮ ਤੋਂ ਸਿਆਸਤ ਤੱਕ ਦਾ ਸਫ਼ਰ
ਤਾਰਾ ਸਿੰਘ ਦਾ ਜਨਮ 24 ਜੂਨ 1885 ਨੂੰ ਰਾਵਲਪਿੰਡੀ (ਹੁਣ ਪਾਕਿਸਤਾਨ) ਵਿੱਚ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਸਿੱਖ ਧਰਮ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਉਹ 12 ਸਾਲ ਦੀ ਉਮਰ ਵਿੱਚ ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀਆਂ ਦੀ ਪ੍ਰੇਰਨਾ ਸਦਕਾ ਸਿੱਖ ਸੱਜ ਗਏ। ਉਨ੍ਹਾਂ ਨੇ 1907 ਵਿੱਚ ਅੰਮ੍ਰਿਤਸਰ ਦੇ ਪ੍ਰਸਿੱਧ ਖਾਲਸਾ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਅਧਿਆਪਨ ਵਿੱਚ ਡਿਪਲੋਮਾ ਪ੍ਰਾਪਤ ਕਰਨ ਤੋਂ ਬਾਅਦ ਲਾਇਲਾਪੁਰ ਵਿੱਚ ਨਵੇਂ ਖੋਲ੍ਹੇ ਖਾਲਸਾ ਹਾਈ ਸਕੂਲ ਵਿੱਚ ਹੈੱਡਮਾਸਟਰ ਵਜੋਂ ਸ਼ਾਮਲ ਹੋ ਗਏ।
ਉਨ੍ਹਾਂ ਦੀ ਸੇਵਾ ਭਾਵਨਾ ਪਹਿਲਾਂ ਹੀ ਸਪੱਸ਼ਟ ਹੋ ਗਈ ਸੀ ਅਤੇ ਉਹ ਆਪਣੀ 150 ਰੁਪਏ ਮਾਸਿਕ ਤਨਖਾਹ ਵਿੱਚੋਂ 135 ਰੁਪਏ ਸਕੂਲ ਦੀ ਬਿਹਤਰੀ ਲਈ ਸਕੂਲ ਦੇ ਖਜ਼ਾਨੇ ਵਿੱਚ ਦੇ ਦਿੰਦੇ ਸਨ। ਇੱਕ ਅਧਿਆਪਕ ਵਜੋਂ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਦੇ ਕਾਰਨ ਉਨ੍ਹਾਂ ਨੂੰ 'ਮਾਸਟਰ' ਉਪਨਾਮ ਦਿੱਤਾ ਗਿਆ ਸੀ ਜੋ ਸਾਰੀ ਉਮਰ ਲਈ ਉਨ੍ਹਾਂ ਦੀ ਪਹਿਚਾਣ ਵੀ ਰਿਹਾ। ਪਰ ਹੈੱਡਮਾਸਟਰ ਬਣਨਾ ਉਨ੍ਹਾਂ ਦੇ ਸਫ਼ਰ ਦੀ ਸ਼ੁਰੂਆਤ ਹੀ ਸੀ। ਤਾਰਾ ਸਿੰਘ ਨੇ ਅਜੇ ਆਪਣੇ ਭਾਈਚਾਰੇ ਦੀ ਸੇਵਾ 'ਚ ਮੁੱਖ ਭੂਮਿਕਾ ਨਿਭਾਉਣੀ ਸੀ।
1920 ਤੱਕ ਪੰਜਾਬ ਉਥਲ-ਪੁਥਲ ਵਿੱਚ ਸੀ। ਅੰਗਰੇਜ਼ਾਂ ਦੁਆਰਾ ਪਹਿਲੇ ਵਿਸ਼ਵ ਯੁੱਧ ਦੇ ਰਾਜਨੀਤਿਕ ਜਬਰ ਅਤੇ ਅੰਮ੍ਰਿਤਸਰ ਵਿੱਚ ਬਦਨਾਮ ਜਲ੍ਹਿਆਂਵਾਲਾ ਬਾਗ ਦੇ ਸਾਕੇ ਨੇ ਪੰਜਾਬੀ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਸਮੇਂ ਦੌਰਾਨ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਸਮੇਤ ਪੰਜਾਬ ਦੇ ਗੁਰਦੁਆਰਿਆਂ ਉੱਤੇ ਸਿੱਖ ਧਰਮ ਦੀ ਉਦਾਸੀ ਮਹੰਤਾਂ ਸੰਪਰਦਾ ਦਾ ਨਿਯੰਤਰਣ ਸੀ, ਜਿਸ ਨੂੰ ਵਧੀਕੀਆਂ ਅਤੇ ਭ੍ਰਿਸ਼ਟਾਚਾਰ ਦੇ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਤਹਿਤ 'ਅਕਾਲੀ ਲਹਿਰ' ਜਾਂ 'ਗੁਰਦੁਆਰਾ ਸੁਧਾਰ ਲਹਿਰ' ਵਜੋਂ ਜਾਣੇ ਜਾਂਦੇ ਸਮਾਜਿਕ ਸੁਧਾਰਾਂ ਦੀ ਨਿਰੰਤਰ ਮੁਹਿੰਮ ਦਾ ਆਗਾਜ਼ ਹੋਇਆ।
ਇਹ ਵੀ ਪੜ੍ਹੋ: ਸਰਦਾਰ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਨਹੀਂ ਮਾਰਿਆ ਸੀ, ਫਿਰ ਸਿੰਘ ਦਾ ਨਿਸ਼ਾਨਾ ਬਣਿਆ ਅੰਗਰੇਜ਼ ਅਫ਼ਸਰ ਕੌਣ ਸੀ? ਪੂਰਾ ਪੜ੍ਹੋ
ਐੱਸ.ਜੀ.ਪੀ.ਸੀ. ਅਤੇ ਅਕਾਲੀ ਦਲ ਦੇ ਸਥਾਪਨਾ 'ਚ ਭੂਮਿਕਾ
ਸਾਲਾਂ ਦੇ ਸੰਘਰਸ਼ ਅਤੇ ਅਨੇਕ ਮੁਹਿੰਮਾਂ ਤੋਂ ਬਾਅਦ 15 ਨਵੰਬਰ 1920 ਨੂੰ ਅੰਮ੍ਰਿਤਸਰ ਵਿੱਚ ਐੱਸ.ਜੀ.ਪੀ.ਸੀ. ਦੀ ਸਥਾਪਨਾ ਕੀਤੀ ਗਈ ਸੀ। ਇਸ ਤੋਂ ਬਾਅਦ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਨੀਤਿਕ ਟਾਸਕ ਫੋਰਸ ਵਜੋਂ ਗਠਤ ਕੀਤਾ ਗਿਆ। ਤਾਰਾ ਸਿੰਘ ਐੱਸ.ਜੀ.ਪੀ.ਸੀ. ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਸਨ, ਜਿਨ੍ਹਾਂ ਦੀ ਸੁਧਾਰ ਮੁਹਿੰਮ 1925 ਦੇ ਗੁਰਦੁਆਰਾ ਐਕਟ ਵਜੋਂ ਸਮਾਪਤ ਹੋਈ। ਇਸ ਕਾਨੂੰਨ ਨੇ ਐੱਸ.ਜੀ.ਪੀ.ਸੀ. ਨੂੰ ਸਿੱਖ ਗੁਰਦੁਆਰਿਆਂ ਦੀ ਇੱਕਮਾਤਰ ਨਿਯੰਤਰਣ ਅਥਾਰਟੀ ਬਣਾ ਦਿੱਤਾ ਜੋ ਅੱਜ ਵੀ ਕਾਇਮ ਹੈ।
ਬਾਬਾ ਸਾਹਿਬ ਅੰਬੇਡਕਰ ਨਾਲ ਨਜ਼ਦੀਕੀ ਸਬੰਧ
ਜਦੋਂ 1921 ਵਿੱਚ ਨਨਕਾਣਾ ਸਾਹਿਬ ਕਤਲੇਆਮ ਤੋਂ ਬਾਅਦ ਜਿੱਥੇ ਉਦਾਸੀ ਮਹੰਤ ਨੇ ਅਕਾਲੀ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ, ਉਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਤਾਰਾ ਸਿੰਘ ਨੇ ਆਪਣੀ ਅਧਿਆਪਨ ਦੀ ਨੌਕਰੀ ਛੱਡ ਦਿੱਤੀ ਅਤੇ ਇਕ ਫੁੱਲ-ਟਾਈਮ ਐੱਸ.ਜੀ.ਪੀ.ਸੀ. ਵਰਕਰ ਬਣ ਗਏ, ਜਿਥੇ ਉਨ੍ਹਾਂ ਨੇ ਨਾ ਸਿਰਫ ਇਕ ਕਾਰਕੁਨ ਬਲਕਿ ਪੱਤਰਕਾਰ ਵਜੋਂ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਸਾਲ 1920 ਦੇ ਅਕਾਲੀ ਅੰਦੋਲਨ ਨੇ ਤਾਰਾ ਸਿੰਘ ਨੂੰ ਇੱਕ ਪੱਤਰਕਾਰ ਤੋਂ ਲੈ ਕੇ ਪੰਜਾਬ ਵਿੱਚ ਸਿੱਖ ਭਾਈਚਾਰੇ ਦੀ ਸਭ ਤੋਂ ਪ੍ਰਮੁੱਖ ਆਵਾਜ਼ਾਂ ਵਿੱਚੋਂ ਇੱਕ ਵਜੋਂ ਪ੍ਰੇਰਿਆ, ਜਿੱਥੇ ਉਨ੍ਹਾਂ ਦੀਆਂ ਪੰਜਾਬੀ ਵਿੱਚ ਕੀਤੀਆਂ ਰਚਨਾਵਾਂ ਨੇ ਇਸ ਕਾਰਨ ਲਈ ਭਾਰੀ ਸਮਰਥਨ ਇਕੱਠਾ ਵੀ ਕੀਤਾ। ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਲੜਾਈ ਲੜਨ ਲਈ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਵਰਗੇ ਪ੍ਰਮੁੱਖ ਰਾਸ਼ਟਰੀ ਨੇਤਾਵਾਂ ਨਾਲ ਮਿਲ ਕੇ ਕੰਮ ਕੀਤਾ।
ਡਾਕਟਰ ਬਾਬਾ ਸਾਹਿਬ ਅੰਬੇਡਕਰ ਨਾਲ ਵੀ ਉਨ੍ਹਾਂ ਦੇ ਨਜ਼ਦੀਕੀ ਸਬੰਧ ਸਨ।ਆਪਣੀ ਰਚਨਾ 'ਦਿ ਸਿੱਖ ਡਾ: ਅੰਬੇਡਕਰ ਕਨੈਕਸ਼ਨ' (2017) ਦੇ ਕਾਲਮਨਵੀਸ ਪ੍ਰਭਦਿਆਲ ਸਿੰਘ ਸੈਣੀ ਦਾ ਕਹਿਣਾ ਹੈ ਕਿ ਡਾ. ਬੀ.ਆਰ. ਅੰਬੇਡਕਰ ਸਿੱਖ ਧਰਮ ਤੋਂ ਇਸ ਦੇ ਜਾਤ-ਪਾਤ ਰਹਿਤ ਸੁਭਾਅ ਕਾਰਨ ਬਹੁਤ ਪ੍ਰਭਾਵਿਤ ਸਨ ਅਤੇ ਦੋਵਾਂ ਵਿਅਕਤੀਆਂ ਨੇ ਸਮਾਜਿਕ ਬੁਰਾਈਆਂ ਦੇ ਖਾਤਮੇ ਅਤੇ ਸੁਧਾਰ ਦੇ ਨਾਲ-ਨਾਲ ਸਮਾਜ ਨੂੰ ਸਿੱਖਿਅਤ ਕਰਨ ਦੀ ਇੱਕੋ ਇੱਛਾ ਸਾਂਝੀ ਕੀਤੀ ਸੀ। ਤਾਰਾ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਨੇ ਸਿੱਖ ਧਰਮ ਦੀਆਂ ਸਿੱਖਿਆਵਾਂ ਰਾਹੀਂ ਮੁੰਬਈ ਵਿੱਚ ‘ਪਛੜੇ ਵਰਗਾਂ’ ਲਈ ਇੱਕ ਸੰਸਥਾ ਖੋਲ੍ਹਣ ਦੀ ਪਹਿਲਕਦਮੀ ਕੀਤੀ। ਇਸ ਤਰ੍ਹਾਂ 1937 ਵਿਚ ਮੁੰਬਈ ਵਿਚ ਗੁਰੂ ਨਾਨਕ ਖ਼ਾਲਸਾ ਕਾਲਜ ਹੋਂਦ ਵਿਚ ਆਇਆ।
ਇਹ ਵੀ ਪੜ੍ਹੋ: 1947 ਵੰਡ: ਤਾਜ ਮਹਿਲ ਤੋਂ ਲੈਕੇ ਸਿੰਧ ਦਰਿਆ ਤੱਕ ਵੰਡਣਾ ਚਾਹੁੰਦੇ ਸਨ ਭਾਰਤ ਅਤੇ ਪਾਕਿਸਤਾਨ
ਇਵੇਂ ਉਠੀ ਖੁਦਮੁਖਤਿਆਰੀ ਸਿੱਖ ਰਾਜ ਦੀ ਮੰਗ
ਤਾਰਾ ਸਿੰਘ ਨੇ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਵਾਪਰੀਆਂ ਘਟਨਾਵਾਂ ਵਿੱਚ ਵੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਮਾਰਚ 1940 ਵਿੱਚ ਮੁਸਲਿਮ ਲੀਗ ਨੇ ਮੁਸਲਮਾਨਾਂ ਲਈ ਇੱਕ ਹੋਮਲੈਂਡ ਬਣਾਉਣ ਦੇ ਹੱਕ ਵਿੱਚ ਲਾਹੌਰ ਮਤਾ ਪਾਸ ਕੀਤਾ। ਇਤਿਹਾਸਕਾਰ ਪ੍ਰਿਥੀਪਾਲ ਸਿੰਘ ਕਪੂਰ ਆਪਣੀ ਕਿਤਾਬ 'ਮਾਸਟਰ ਤਾਰਾ ਸਿੰਘ ਐਂਡ ਹਿਜ਼ ਰੀਮਿਨਿਸੈਂਸੀਜ਼' (2015) ਵਿੱਚ ਦਾਅਵਾ ਕਰਦੇ ਹਨ ਕਿ ਇਸ ਤੋਂ ਘਬਰਾ ਕੇ ਸਿੱਖਾਂ ਨੇ ਮਈ 1940 ਵਿੱਚ ਘੱਲੂਘਾਰਾ ਦਿਵਸ ਮੌਕੇ ਤਾਰਾ ਸਿੰਘ ਦੀ ਅਗਵਾਈ ਵਿੱਚ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਮੁਸਲਿਮ ਲੀਗ ਦੀ ਇਸ ਪਹਿਲਕਦਮੀ ਦੇ ਵਿਰੋਧ ਕਰਨ ਦੀ ਵਚਨਬੱਧਤਾ ਦੁਹਰਾਈ, ਇਸ ਤਰ੍ਹਾਂ ਸਿੱਖ ਭਾਈਚਾਰਾ ਵੰਡ ਦਾ ਵਿਰੋਧ ਕਰਨ ਵਾਲਾ ਪਹਿਲਾ ਭਾਈਚਾਰਾ ਬਣ ਗਿਆ। ਇਸ ਦੇ ਉਲਟ ਭਾਰਤੀ ਰਾਸ਼ਟਰੀ ਕਾਂਗਰਸ ਨੇ ਮਤੇ 'ਤੇ ਸਟੈਂਡ ਲੈਣ ਲਈ ਅਪ੍ਰੈਲ 1942 ਤੱਕ ਉਡੀਕ ਕੀਤੀ।
ਤਾਰਾ ਸਿੰਘ ਨੇ ਮੁਹੰਮਦ ਅਲੀ ਜਿਨਾਹ ਦੇ ਭਰੋਸੇ, ਕਿ ਉਨ੍ਹਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਸੀ, ਦੇ ਬਾਵਜੂਦ ਪਾਕਿਸਤਾਨ ਦੀ ਸਿਰਜਣਾ ਨੂੰ ਸਿੱਖ ਕੌਮ ਦੀ ਹੋਂਦ ਲਈ ਖ਼ਤਰਾ ਸਮਝਿਆ। ਤਾਰਾ ਸਿੰਘ ਨੂੰ ਲੱਗਿਆ ਕਿ ਉਨ੍ਹਾਂ ਕਾਂਗਰਸ ਸਰਕਾਰ ਦੇ ਇੱਕ ਰਾਸ਼ਟਰਵਾਦੀ ਅਤੇ ਧਰਮ ਨਿਰਪੱਖ ਹੋਣ ਦੀ ਸੰਭਾਵਨਾ ਨੂੰ ਸਮਝ ਲਿਆ, ਜਿਨ੍ਹਾਂ ਆਪਣੇ ਸ਼ਾਸਨ ਵਿੱਚ ਪੰਜਾਬ ਦਾ ਭਵਿੱਖ ਸੁਰੱਖਿਅਤ ਹੋਣ ਦਾ ਵਾਅਦਾ ਕੀਤਾ।
ਸਾਲ 1942 ਵਿੱਚ ਤਾਰਾ ਸਿੰਘ ਨੇ ਗਿਆਨੀ ਕਰਤਾਰ ਸਿੰਘ, ਜੋਗਿੰਦਰ ਸਿੰਘ, ਮੋਹਨ ਸਿੰਘ ਅਤੇ ਉੱਜਲ ਸਿੰਘ ਨਾਲ 'ਆਜ਼ਾਦ ਪੰਜਾਬ' ਲਹਿਰ ਚਲਾਈ। ਉਨ੍ਹਾਂ ਪ੍ਰਸਤਾਵ ਦਿੱਤਾ ਕਿ ਮੁਸਲਿਮ ਬਹੁਲ ਜ਼ਿਲ੍ਹਿਆਂ ਨੂੰ ਇਸ ਤੋਂ ਵੱਖ ਕਰਕੇ ਪੰਜਾਬ ਦਾ ਨਵਾਂ ਸੂਬਾ ਬਣਾਇਆ ਜਾਵੇ। ਦੂਸਰਾ, ਨਵੇਂ ਸੂਬੇ ਦਾ ਗਠਨ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਕਿ ਕਿਸੇ ਇਕ ਵੀ ਭਾਈਚਾਰੇ ਦੀ ਬਹੁਮਤ ਨਾ ਹੋਵੇ। ਪੰਜਾਬ ਨੂੰ ਅਣਵੰਡੇ ਰੱਖਣ ਦੇ ਯਤਨਾਂ ਦੇ ਬਾਵਜੂਦ ਵੰਡ ਦੀ ਯੋਜਨਾ ਸਿਰੇ ਚੜ੍ਹ ਗਈ। ਜਿਵੇਂ ਕਿ ਪੂਰੇ ਖੇਤਰ ਵਿੱਚ ਦੰਗੇ ਭੜਕ ਗਏ, ਲੱਖਾਂ ਹਿੰਦੂ ਅਤੇ ਸਿੱਖ ਸ਼ਰਨਾਰਥੀ ਪੱਛਮੀ ਪੰਜਾਬ (ਨਵੇਂ ਬਣੇ ਪਾਕਿਸਤਾਨੀ) ਵਿਚੋਂ ਭਾਰਤ ਆ ਗਏ। ਲਾਹੌਰ ਸ਼ਹਿਰ ਅਤੇ ਨਨਕਾਣਾ ਸਾਹਿਬ ਹੱਥੋਂ ਗੁਆਚ ਜਾਣ ਨਾਲ ਸਿੱਖਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਭਾਰਤ ਵਿਚ ਆਪਣੇ ਰਾਜ ਦੀ ਲੋੜ ਹੈ।
ਮੁੜ ਪੰਜਾਬ ਦੀ ਵੰਡ ਅਤੇ ਮਹਾਨ ਸਿੱਖ ਆਗੂ ਦਾ ਅਕਾਲ ਚਲਾਣਾ
ਫਿਰ 1950 ਦੇ ਦਹਾਕੇ ਤੱਕ ਪੂਰੇ ਭਾਰਤ ਵਿੱਚ ਭਾਸ਼ਾਈ ਰਾਜ ਬਣਾਉਣ ਦੀ ਜ਼ੋਰਦਾਰ ਮੰਗ ਉੱਠੀ ਅਤੇ ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਅਤੇ ਗੁਜਰਾਤ ਵਰਗੇ ਰਾਜ ਬਣਾਏ ਗਏ। ਸਿੱਖ ਇਤਿਹਾਸਕਾਰ ਸ: ਅਜਮੇਰ ਸਿੰਘ ਨੇ 2014 ਵਿੱਚ ਪ੍ਰਕਾਸ਼ਿਤ ਆਪਣੀ ਕਿਤਾਬ 'ਬਿਸਵੀ ਸਦੀ ਕੀ ਸਿੱਖ ਰਾਜਨੀਤੀ: ਏਕ ਗੁਲਾਮੀ ਸੇ ਦੁਸਰੀ ਗੁਲਾਮੀ ਤਕ' ਵਿੱਚ ਲਿਖਿਆ ਹੈ ਕਿ ਆਜ਼ਾਦੀ ਤੋਂ ਬਾਅਦ ਤਾਰਾ ਸਿੰਘ ਨੇ ਇੱਕ ਮੰਗ ਉਠਾਈ, ਭਾਸ਼ਾਈ ਆਧਾਰ 'ਤੇ ਪੰਜਾਬ ਦੀਆਂ ਸਰਹੱਦਾਂ ਦੀ ਮੁੜ-ਸੀਮਾਂਕਣ ਲਈ। ਜਿਵੇਂ ਕਿ ਵੰਡ ਤੋਂ ਬਾਅਦ ਦੇ ਪੰਜਾਬ ਵਿੱਚ ਲਗਭਗ 60 ਪ੍ਰਤੀਸ਼ਤ ਹਿੰਦੂ ਅਤੇ 35 ਪ੍ਰਤੀਸ਼ਤ ਸਿੱਖ ਸਨ। ਅਗਲੇ ਦਹਾਕੇ ਤੱਕ ਉਹ ਭਾਸ਼ਾਈ ਲੀਹਾਂ 'ਤੇ ਪੰਜਾਬ ਰਾਜ ਲਈ ਲੜੀਵਾਰ ਅੰਦੋਲਨ ਕਰਦੇ ਰਹੇ।
ਆਖ਼ਰਕਾਰ 7 ਸਤੰਬਰ 1966 ਨੂੰ ਪੰਜਾਬ ਪੁਨਰਗਠਨ ਬਿੱਲ ਪਾਸ ਹੋਇਆ ਅਤੇ 1 ਨਵੰਬਰ 1966 ਨੂੰ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ ਨਵੇਂ ਬਣੇ ਪੰਜਾਬ ਰਾਜ ਨਾਲ ਪੰਜਾਬ ਦੀ ਮੁੜ੍ਹ ਵੰਡ ਕਰ ਦਿੱਤੀ ਗਈ। ਮਾਸਟਰ ਤਾਰਾ ਸਿੰਘ ਦਾ ਸੁਪਨਾ ਸਾਕਾਰ ਤਾਂ ਕਿੱਥੇ ਹੋਣਾ ਸੀ, ਸਗੋਂ ਪੰਜਾਬ ਦੇ ਹੋਰ ਟੋਟੇ ਕਰ ਦਿੱਤੇ ਗਏ। ਆਪਣੀ ਕੌਮ ਨੂੰ ਇੱਕ ਨਵਾਂ ਰਾਜ ਅਤੇ ਇੱਕ ਨਵੀਂ ਪਛਾਣ ਦੇਣ ਦਾ ਸੁਪਨਾ ਰੱਖਣ ਵਾਲੇ ਇਸ ਮਹਾਨ ਸਿੱਖ ਆਗੂ ਦਾ 22 ਨਵੰਬਰ 1967 ਨੂੰ 82 ਸਾਲ ਦੀ ਉਮਰ ਵਿੱਚ ਅੰਮ੍ਰਿਤਸਰ ਵਿਖੇ ਦਿਹਾਂਤ ਹੋ ਗਿਆ।
ਇਸ ਲੇਖ 'ਚ ਦਿੱਤੇ ਗਏ ਤੱਥ ਲਾਈਵ ਇੰਡੀਆ ਹਿਸ੍ਟ੍ਰੀ ਦੀ ਵੈਬਸਾਈਟ ਉੱਤੇ ਪ੍ਰਕਾਸ਼ਿਤ ਇੱਕ ਰੀਸਰਚ ਆਰਟੀਕਲ ਤੋਂ ਪ੍ਰੇਰਿਤ ਉਸਦਾ ਪੰਜਾਬੀ ਤਰਜਮਾ ਹੈ।
- PTC NEWS