ਦੀਵਾਲੀ ਦੇ ਮੱਦੇਨਜ਼ਰ ਰੌਣਕਾਂ ਹੋਈਆਂ ਗਾਇਬ, ਲੋਕਾਂ ਨੇ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ
ਬਰਨਾਲਾ (Diwali 2021): ਦੇਸ਼ ਅੰਦਰ ਦੀਵਾਲੀ ਸਮੇਤ ਵੱਡੇ ਤਿਉਹਾਰ ਮਨਾਏ ਜਾ ਰਹੇ ਹਨ ਪਰ ਸੈਂਟਰ ਸਰਕਾਰ ਪੰਜਾਬ ਸਰਕਾਰ ਵੱਲੋਂ ਵਪਾਰੀ ਵਰਗ ਨੂੰ ਰਾਹਤ ਨਾ ਦੇਣ ਦੇ ਚੱਲਦਿਆਂ ਇਸ ਵਾਰ ਦੀਵਾਲੀ ਸਮੇਤ ਤਿਉਹਾਰ ਫਿੱਕੇ ਨਜ਼ਰ ਆ ਰਹੇ ਹਨ। ਇਸ ਮੌਕੇ ਕਈ ਦੁਕਾਨਦਾਰਾਂ ਨੇ ਬੜੇ ਦੁਖੀ ਹਿਰਦੇ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਵਧ ਰਹੀ ਮਹਿੰਗਾਈ ਕਾਰਨ ਤਿਉਹਾਰ ਫਿੱਕੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸੈਕਟਰ ਸਰਕਾਰ ਵੱਲੋਂ ਐਲਾਨੇ ਖੇਤੀ ਕਾਨੂੰਨਾਂ ਲੈ ਕੇ ਕਿਸਾਨ ਸੰਘਰਸ਼ ਲਈ ਦਿੱਲੀ ਬੈਠੇ ਹਨ ਅਤੇ ਝੋਨੇ ਦੇ ਸੀਜ਼ਨ ਨੂੰ ਦੇਖਦੇ ਹੋਏ ਕਿਸਾਨ,ਮਜ਼ਦੂਰ,ਆੜ੍ਹਤੀਏ ਰੁੱਝੇ ਨਜ਼ਰ ਆ ਰਹੇ ਹਨ।
ਪੀੜਤ ਦੁਕਾਨਦਾਰਾ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਨੇ ਕਾਫੀ ਖਰਚਾ ਕਰਕੇ ਖ਼ਰੀਦਦਾਰੀ ਕੀਤੀ ਸੀ ਪਰ ਦੁਕਾਨਾਂ ਤੇ ਕੋਈ ਵੀ ਗਾਹਕ ਨਾ ਆਉਣ ਕਰਕੇ ਮੰਦੀ ਛਾਈ ਹੋਈ ਹੈ ਜਿਸ ਦੀ ਜ਼ਿੰਮੇਵਾਰ ਸੈਂਟਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਹੈ। ਪੀੜਤ ਦੁਕਾਨਦਾਰਾਂ ਵਿਚ ਕਰਿਆਨਾ ਦੁਕਾਨਦਾਰ,ਇਲੈਕਟ੍ਰੋਨਿਕ ਦੁਕਾਨਦਾਰ, ਮੋਬਾਇਲ ਦੁਕਾਨਦਾਰ, ਹਲਵਾਈ,ਬਰਤਨ ਦੁਕਾਨਦਾਰ, ਕੱਪੜਾ ਵਪਾਰੀ,ਘੁਮਿਆਰ,ਕਿਸਾਨ,ਮਜਦੂਰ ਅਤੇ ਗ੍ਰਾਹਕਾਂ ਤੋਂ ਇਲਾਵਾ ਹਰ ਵਰਗ ਨੇ ਮਹਿੰਗਾਈ ਦੀ ਮਾਰ ਹੇਠ ਇਸ ਵਾਰ ਤਿਉਹਾਰ ਫਿੱਕੇ ਦੱਸੇ।
ਉਨ੍ਹਾਂ ਦੱਸਿਆ ਕਿ ਸੈਂਟਰ ਅਤੇ ਪੰਜਾਬ ਸਰਕਾਰ ਵੱਲੋਂ ਵਪਾਰੀ ਵਰਗ ਨੂੰ ਰਾਹਤ ਨਾ ਦੇਣ ਦੇ ਚੱਲਦਿਆਂ ਪੈਟਰੋਲ,ਡੀਜ਼ਲ,ਗੈਸ ਅਤੇ ਕੱਚੇ ਤੇਲ ਦੀਆਂ ਕੀਮਤਾਂ ਇਸ ਤੋਂ ਇਲਾਵਾ ਮਹਿੰਗਾਈ ਇਸ ਤਰ੍ਹਾਂ ਵਧ ਚੁੱਕੀ ਹੈ ਅਤੇ ਟੈਕਸਾਂ ਵਿੱਚ ਵੀ ਛੋਟ ਦਿੱਤੀ ਗਈ ਜਿਸ ਕਾਰਨ ਦੀਵਾਲੀ ਸਮੇਤ ਸਾਰੇ ਤਿਉਹਾਰ ਫਿੱਕੇ ਨਜ਼ਰ ਆ ਰਹੇ ਹਨ।
ਦੁਕਾਨਦਾਰਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ਤੇ ਹਕੀਕਤ ਕੁਝ ਹੋਰ ਹੀ ਹੈ ਜਿਸ ਦਾ ਨਤੀਜਾ ਖਾਲੀ ਬਾਜ਼ਾਰ ਹਨ। ਸੋ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਮਜ਼ਦੂਰਾਂ ਅਤੇ ਦੁਕਾਨਦਾਰਾਂ ਨੂੰ ਵੱਡੇ ਰਾਹਤ ਪੈਕੇਜ ਐਲਾਨੇ ਜਾਣ ਤਾਂ ਜੋ ਹੇਠਲੇ ਪੱਧਰ ਤੇ ਦੁਕਾਨਦਾਰੀ ਖ਼ਤਮ ਨਾ ਹੋ ਸਕੇ।
-ਧਰਮਿੰਦਰ ਸਿੰਘ ਧਾਲੀਵਾਲ (ਬਰਨਾਲਾ)
-PTC News