PM ਮੋਦੀ ਝੋਨੇ ਦੀ ਖਰੀਦ 11 ਅਕਤੂਬਰ ਦੀ ਬਜਾਏ 1 ਅਕਤੂਬਰ ਤੋਂ ਸ਼ੁਰੂ ਕਰਨ ਦੀ ਆਗਿਆ ਦੇਣ : CM ਚੰਨੀ

By Shanker Badra - October 01, 2021 9:10 am

ਚੰਡੀਗੜ੍ਹ : ਪੰਜਾਬ ਲਈ ਸਾਉਣੀ ਮੰਡੀਕਰਨ ਸੀਜ਼ਨ 2021-22 ਵਾਸਤੇ ਝੋਨੇ ਦੀ ਖਰੀਦ ਮੁਲਤਵੀ ਕਰਨ ਬਾਰੇ ਭਾਰਤ ਸਰਕਾਰ ਦੇ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਪੱਤਰ ਦਾ ਤੁਰੰਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰਧਾਨ ਮੰਤਰੀ ਦੇ ਨਿੱਜੀ ਦਖਲ ਦੀ ਮੰਗ ਕਰਦਿਆਂ ਕਿਹਾ ਕਿ ਨਰੇਂਦਰ ਮੋਦੀ ਕੇਂਦਰੀ ਮੰਤਰਾਲੇ ਨੂੰ ਆਪਣਾ ਪੱਤਰ ਤੁਰੰਤ ਵਾਪਸ ਲੈਣ ਦੀ ਸਲਾਹ ਦੇ ਕੇ ਸੂਬੇ ਨੂੰ ਝੋਨੇ ਦੀ ਖਰੀਦ 11 ਅਕਤੂਬਰ ਦੀ ਬਜਾਏ 1 ਅਕਤੂਬਰ ਤੋਂ ਸ਼ੁਰੂ ਕਰਨ ਦੀ ਆਗਿਆ ਦੇਣ।

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ 30 ਸਤੰਬਰ 2021 ਦੇ ਐਫ.ਸੀ.ਆਈ. ਦੇ ਪੱਤਰ ਦੇ ਜਵਾਬ ਵਿੱਚ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਰਾਜਾਂ ਵਿੱਚ ਹਾਲ ਹੀ ਵਿੱਚ ਪਏ ਭਾਰੀ ਮੀਂਹ ਕਾਰਨ ਝੋਨੇ ਦੀ ਫ਼ਸਲ ਪੱਕਣ ਵਿੱਚ ਦੇਰੀ ਹੋਈ ਹੈ ਅਤੇ ਇਸ ਵੇਲੇ ਫ਼ਸਲ ਦੀ ਤਾਜ਼ਾ ਆਮਦ ਵਿੱਚ ਨਮੀ ਦੀ ਮਾਤਰਾ ਮਨਜ਼ੂਰਸ਼ੁਦਾ ਸੀਮਾ ਤੋਂ ਜ਼ਿਆਦਾ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਪਹਿਲਾਂ ਹੀ ਨਿਰਧਾਰਤ ਸਮੇਂ ਅਨੁਸਾਰ ਪਹਿਲੀ ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਲਈ ਤਿਆਰ ਹੈ ਅਤੇ ਹੁਣ ਇਹ ਨਿਰਦੇਸ਼ ਕਿਸਾਨਾਂ ਦੇ ਮਨਾਂ ਵਿੱਚ ਬੇਲੋੜੀ ਉਲਝਣ ਅਤੇ ਅਨਿਸ਼ਚਿਤਤਾ ਪੈਦਾ ਕਰਨਗੇ, ਜੋ ਰਾਜ ਭਰ ਦੀਆਂ ਵੱਖ -ਵੱਖ ਮੰਡੀਆਂ ਵਿੱਚ ਕੱਲ੍ਹ ਤੋਂ ਆਪਣੀ ਫਸਲ ਲਿਆਉਣਾ ਦੀ ਤਿਆਰੀ ਸ਼ੁਰੂ ਕਰ ਚੁੱਕੇ ਹਨ।

ਚੰਨੀ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਕਿ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਪਹਿਲਾਂ ਹੀ ਭਲਕੇ ਤੋਂ ਸ਼ੁਰੂ ਹੋਣ ਵਾਲੇ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦੀ ਸਮੀਖਿਆ ਕਰ ਚੁੱਕੇ ਹਨ। ਚੰਨੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਕੱਲ੍ਹ ਹੀ ਝੋਨੇ ਦੀ ਖਰੀਦ ਲਈ ਤਿਆਰੀਆਂ ਦੀ ਨਿੱਜੀ ਤੌਰ `ਤੇ ਸਮੀਖਿਆ ਕੀਤੀ ਸੀ ਤਾਂ ਜੋ ਸੂਬੇ ਵਿੱਚ ਨਿਰਵਿਘਨ ਅਤੇ ਮੁਸ਼ਕਲ ਰਹਿਤ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਇਸ ਸਬੰਧ ਵਿੱਚ ਕੀਤੇ ਗਏ ਵਿਸਥਾਰਤ ਪ੍ਰਬੰਧਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਆਖ਼ਰੀ ਮੌਕੇ ਖਰੀਦ ਮੁਲਤਵੀ ਕਰਨ ਦੇ ਫੈਸਲੇ ਨਾਲ ਕਿਸਾਨਾਂ ਵਿੱਚ ਨਾਰਾਜ਼ਗੀ ਪੈਦਾ ਹੋਵੇਗੀ, ਜੋ ਪਹਿਲਾਂ ਹੀ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ।
-PTCNews

adv-img
adv-img