ਕਾਂਗਰਸ ਆਪਣੇ ਵਾਅਦਿਆਂ 'ਤੇ ਗੱਲ ਕਰਨ ਦੀ ਬਜਾਏ ਨਸ਼ੇ ਦੇ ਮੁੱਦੇ 'ਤੇ ਕਰ ਰਹੀ ਸਿਆਸਤ: ਰੋਮਾਣਾ
ਚੰਡੀਗੜ੍ਹ: ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਮੰਗਲਵਾਰ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ 'ਤੇ ਵੱਡੇ ਇਲਜ਼ਾਮ ਲਾਏ ਹਨ। ਅਕਾਲੀ ਆਗੂ ਨੇ ਦੋਸ਼ ਲਾਇਆ ਕਿ ਪਿਛਲੇ ਸੱਤ-ਅੱਠ ਸਾਲਾਂ ਤੋਂ ਕਾਂਗਰਸ ਆਪਣੇ ਵਾਅਦਿਆਂ ਦੀ ਗੱਲ ਕਰਨ ਦੀ ਬਜਾਏ ਨਸ਼ਿਆਂ ਦੇ ਮੁੱਦੇ ’ਤੇ ਸਿਆਸਤ ਕਰਨ ਵਿੱਚ ਲੱਗੀ ਹੋਈ ਹੈ। ਰੋਮਾਣਾ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੇ ਹਾਈਕਮਾਨ ਪੰਜਾਬ ਦੇ ਆਗੂਆਂ ਨੂੰ ਇੰਨਾ ਅਯੋਗ ਸਮਝਦੇ ਹਨ ਕਿ ਉਹ ਆਪਣੇ ਤੌਰ 'ਤੇ ਕੋਈ ਪ੍ਰੈੱਸ ਕਾਨਫਰੰਸ ਵੀ ਨਹੀਂ ਕਰ ਸਕਦੇ।
ਉਨ੍ਹਾਂ ਗ੍ਰਹਿ ਮੰਤਰੀ ਰੰਧਾਵਾ 'ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਦਿੱਲੀ ਤੋਂ ਆਈ ਕਾਂਗਰਸ ਆਗੂ ਇਕ ਕਠਪੁਤਲੀ ਦੀ ਤਰ੍ਹਾਂ ਟ੍ਰੀਟ ਕਰ ਰਹੀ ਸੀ। ਪਰਮਬੰਸ ਸਿੰਘ ਰੋਮਾਣਾ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ‘ਆਪ’ ਫਿਕਸ ਮੈਚ ਖੇਡ ਰਹੇ ਹਨ ਜਦਕਿ ਪੰਜਾਬ ਸ਼੍ਰੋਮਣੀ ਅਕਾਲੀ ਦਲ ਨੂੰ ਭਰਵਾਂ ਹੁੰਗਾਰਾ ਦੇ ਰਿਹਾ ਹੈ। ਇਹ ਪਾਰਟੀਆਂ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਵੱਲੋਂ ਮਿਲ ਰਹੇ ਪਿਆਰ ਤੋਂ ਘਬਰਾਹਟ 'ਚ ਆ ਗਈਆਂ ਹਨ ਤੇ ਪੁੱਠੇ-ਸਿੱਧੇ ਬਿਆਨ ਦੇ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੀ ਨਸ਼ਿਆਂ ਦੇ ਕੇਸ ਵਿੱਚ ਸ਼ਮੂਲੀਅਤ ਬਾਰੇ ਕੋਈ ਤੱਥ ਜਾਂ ਸਬੂਤ ਨਹੀਂ ਹੈ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਬੇਬੁਨਿਆਦ ਹੈ। ਉਨ੍ਹਾਂ ਦੋਸ਼ ਲਾਇਆ, ‘ਆਪ ਤੇ ਕਾਂਗਰਸ ਪੰਜਾਬ ਵਿੱਚ ਦਿੱਲੀ ਦਾ ਏਜੰਡਾ ਅਪਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਅਗਾਊਂ ਜ਼ਮਾਨਤ ਮੰਗਣ ਦਾ ਅਧਿਕਾਰ ਹੈ।
ਪੰਜਾਬ ਸਰਕਾਰ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਰਾਜ ਵੱਲੋਂ ਸਿਧਾਰਥ ਚਟੋਪਾਧਿਆਏ ਨੂੰ ਸਿਰਫ਼ 18 ਦਿਨਾਂ ਲਈ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਯੂਪੀਐਸਸੀ ਪੈਨਲ ਨੂੰ ਭੇਜੀ ਗਈ ਸੂਚੀ ਵਿੱਚ ਉਸ ਦਾ ਨਾਂ ਕਦੇ ਨਹੀਂ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਦਾਅਵਾ ਕੀਤਾ, ‘‘ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਇੱਕ ਹੋਰ ਕੇਸ ਦਰਜ ਕਰਨ ਲਈ ਐਸਐਸਪੀ (ਵਿਜੀਲੈਂਸ, ਅੰਮ੍ਰਿਤਸਰ) ’ਤੇ ਦਬਾਅ ਪਾਇਆ ਜਾ ਰਿਹਾ ਹੈ।
-PTC News