
Battlegrounds Mobile India (BGMI) Banned in India: ਪ੍ਰਸਿੱਧ Battlegrounds Mobile ਗੇਮ ਯਾਨੀ ਕਿ BGMI ਭਾਰਤ ਵਿੱਚ BAN ਹੋ ਗਈ ਹੈ। ਇਸ 'ਤੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਦੇ ਕਾਰਨ ਪਾਬੰਦੀ ਲਗਾਈ ਗਈ ਹੈ। ਇਸ ਗੇਮ ਨੂੰ ਹੁਣ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਇਕ ਰਿਪੋਰਟ ਤੋਂ ਸਾਨੂੰ ਇਸ 'ਤੇ ਪਾਬੰਦੀ ਲਗਾਉਣ ਦਾ ਕਾਰਨ ਪਤਾ ਲੱਗਿਆ ਹੈ, ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।
ਰਿਪੋਰਟ ਮੁਤਾਬਕ ਚੀਨੀ ਕਨੈਕਸ਼ਨ ਕਾਰਨ ਇਸ ਗੇਮ 'ਤੇ ਪਾਬੰਦੀ ਲਗਾਈ ਗਈ ਹੈ। ਕੇਂਦਰੀ ਸੁਰੱਖਿਆ ਏਜੰਸੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ, ਗ੍ਰਹਿ ਮੰਤਰਾਲੇ (MHA) ਵੱਲੋਂ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲਜੀ ਮੰਤਰਾਲੇ (Meity) ਨੂੰ ਇੱਕ ਪੱਤਰ ਮਿਲਿਆ, ਜਿਸ ਮਗਰੋਂ ਭਾਰਤ ਵਿੱਚ ਇਸ ਗੇਮ 'ਤੇ ਪਾਬੰਦੀ ਲਗਾ ਦਿੱਤੀ ਗਈ।
ਇੱਕ ਨਿਜੀ ਅਦਾਰੇ ਦੀ ਇੱਕ ਰਿਪੋਰਟ ਵਿੱਚ ਇਸ ਬਾਰੇ ਦਾਅਵਾ ਕੀਤਾ ਗਿਆ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਹ ਗੇਮ ਯੂਜ਼ਰਸ ਦੇ ਡਾਟਾ ਨੂੰ ਇਕੱਠਾ ਕਰ ਰਹੀ ਸੀ ਜਿਸ ਨਾਲ ਸਾਈਬਰ ਖ਼ਤਰਾ ਸੀ। ਯੂਜ਼ਰ ਦੇ ਡੇਟਾ ਦੀ ਵਰਤੋਂ ਕਰ ਉਸਦੀ ਪ੍ਰੋਫਾਇਲਿੰਗ ਕਰਕੇ ਭਾਰਤੀ ਯੂਜਰਜ਼ ਨੂੰ ਨਿਸ਼ਾਨਾ ਬਣਾ ਕੇ ਸਾਈਬਰ ਅਟੈਕ ਕੀਤੇ ਜਾ ਸਕਦੇ ਸਨ।
ਸੀਨੀਅਰ ਅਧਿਕਾਰੀਆਂ ਮੁਤਾਬਕ BGMI ਵਿੱਚ ਕਈ ਖਾਮੀਆਂ ਪਾਈਆਂ ਗਈਆਂ ਹਨ। ਇਸ ਵਿੱਚ ਸਭ ਤੋਂ ਮਹੱਤਵਪੂਰਨ ਚੀਨ ਵਿੱਚ ਸਥਿਤ ਸਰਵਰਾਂ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸੰਚਾਰ ਕਰਨਾ ਸੀ। ਰਿਪੋਰਟ 'ਚ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਚੀਨ 'ਚ ਸਥਿਤ ਸਰਵਰਾਂ ਨਾਲ ਸੰਚਾਰ ਕਰਨ ਵਾਲੀਆਂ ਰੀਬ੍ਰਾਂਡਡ ਐਪਸ 'ਤੇ ਵੀ ਆਉਣ ਵਾਲੇ ਸਮੇਂ 'ਚ ਪਾਬੰਦੀ ਲਗਾਈ ਜਾਵੇਗੀ।
ਭਾਰਤੀ ਏਜੰਸੀਆਂ ਦੁਆਰਾ ਕਈ ਦੌਰ ਦੇ ਵਿਸ਼ਲੇਸ਼ਣ ਤੋਂ ਬਾਅਦ, ਗੂਗਲ ਨੂੰ ਪਲੇ ਸਟੋਰ ਤੋਂ ਇਸ BGMI ਗੇਮ ਨੂੰ ਹਟਾਉਣ ਲਈ ਕਿਹਾ ਗਿਆ ਸੀ। ਵਿਸ਼ਲੇਸ਼ਣ ਵਿੱਚ ਦੱਸਿਆ ਗਿਆ ਕਿ ਇਸ ਐਪ ਵਿੱਚ ਖਤਰਨਾਕ ਕੋਡ ਸਨ। ਇਸ ਤੋਂ ਇਲਾਵਾ ਇਹ ਕਈ ਕ੍ਰਿਟਿਕਲ ਇਜਾਜ਼ਤਾਂ ਦੀ ਵੀ ਮੰਗ ਕਰਦਾ ਸੀ।
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਨਾਲ ਯੂਜ਼ਰਸ ਦੇ ਡੇਟਾ ਨੂੰ ਕੈਮਰਿਆਂ, ਮਾਈਕ੍ਰੋਫੋਨ, ਲੋਕੇਸ਼ਨ ਟ੍ਰੈਕਿੰਗ ਅਤੇ ਖਤਰਨਾਕ ਨੈੱਟਵਰਕ ਦੇ ਜ਼ਰੀਏ ਨਿਗਰਾਨੀ 'ਚ ਰੱਖਿਆ ਜਾ ਸਕਦਾ ਹੈ। ਇਹ ਐਪਸ ਭਾਰਤ ਦੀ ਸੁਰੱਖਿਆ ਲਈ ਖ਼ਤਰਾ ਹਨ। ਇਹ ਸੂਚਨਾ ਮਿਲਦੇ ਹੀ ਇਸ 'ਤੇ ਕਾਰਵਾਈ ਕੀਤੀ ਗਈ। ਭਾਰਤ ਵਿੱਚ BGMI 'ਤੇ ਪਾਬੰਦੀ ਲਗਾਉਣ ਦਾ ਅਧਿਕਾਰਤ ਆਦੇਸ਼ ਅਜੇ ਸਾਹਮਣੇ ਨਹੀਂ ਆਇਆ ਹੈ। ਪਰ, Meity ਨੇ ਇਸ ਬਾਰੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਇਸਨੂੰ ਐਪ ਸਟੋਰਾਂ ਤੋਂ ਹਟਾ ਦਿੱਤਾ ਗਿਆ ਹੈ। ਹਾਲ ਹੀ ਵਿੱਚ, ਗੇਮ ਦੇ ਡਿਵੈਲਪਰ Krafton ਨੇ ਕਿਹਾ ਹੈ ਕਿ ਉਹ ਗੇਮ ਨੂੰ ਵਾਪਸ ਲਿਆਉਣ 'ਤੇ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ : ਜ਼ਿੰਮੇਵਾਰੀ ਲੈਣ ਤੋਂ ਭੱਜਿਆ ਚੰਡੀਗੜ੍ਹ ਪ੍ਰਸ਼ਾਸਨ ਤਾਂ ਹਾਈ ਕੋਰਟ ਨੇ ਲਾਈ ਫਟਕਾਰ
- PTC News