ਸਿੰਜਾਈ ਘੋਟਾਲਾ ਮਾਮਲਾ: ਸਾਬਕਾ ਮੰਤਰੀਆਂ ਅਤੇ ਸੇਵਾ ਮੁਕਤ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਮੁੜ ਕੀਤਾ ਤਲਬ
ਚੰਡੀਗੜ੍ਹ, 30 ਜਨਵਰੀ (ਅੰਕੁਸ਼ ਮਹਾਜਨ): ਸਿੰਜਾਈ ਘੁਟਾਲੇ ਦਾ ਸੇਕ ਇੱਕ ਵਾਰ ਫਿਰ ਤੋਂ ਉੱਠਣ ਲੱਗਾ, ਪੰਜਾਬ ਵਿਜੀਲੈਂਸ ਵੱਲੋਂ ਜਾਂਚ ਤੇਜ਼ ਕਰਦਿਆਂ ਸਾਬਕਾ ਮੰਤਰੀਆਂ ਅਤੇ ਸੇਵਾ ਮੁਕਤ ਅਧਿਕਾਰੀਆਂ ਨੂੰ ਇਕ ਵਾਰ ਫਿਰ ਤੋਂ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਹਾਸਿਲ ਜਾਣਕਾਰੀ ਮੁਤਾਬਿਕ 1 ਤੋਂ 3 ਫਰਵਰੀ ਤੱਕ ਇਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।
ਦਰਅਸਲ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਸ਼ਰਨਜੀਤ ਸਿੰਘ ਢਿੱਲੋਂ ਸਮੇਤ ਤਿੰਨ ਸੇਵਾਮੁਕਤ ਆਈਏਐਸ ਅਧਿਕਾਰੀ ਕਾਹਨ ਸਿੰਘ ਪੰਨੂ, ਕੇ.ਬੀ.ਐਸ ਸਿੱਧੂ ਅਤੇ ਸਰਵੇਸ਼ ਕੌਸ਼ਲ ਨੂੰ ਇੱਕ ਵਾਰ ਫਿਰ ਤੋਂ ਪੁੱਛਗਿੱਛ ਲਈ ਵਿਜੀਲੈਂਸ ਵੱਲੋਂ ਸੱਦ ਲਿਆ ਗਿਆ। ਜਾਣਕਾਰੀ ਮੁਤਾਬਿਕ ਵਿਜੀਲੈਂਸ ਵੱਲੋਂ ਪਹਿਲੀ ਫਰਵਰੀ ਤੋਂ ਲੈ ਕੇ ਤਿੰਨ ਫਰਵਰੀ ਤੱਕ ਇਨ੍ਹਾਂ ਤੋਂ ਵੀ ਪੁੱਛ-ਪੜਤਾਲ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਕਿ 1 ਫਰਵਰੀ ਨੂੰ ਸ਼ਰਨਜੀਤ ਸਿੰਘ ਢਿੱਲੋਂ ਅਤੇ ਕਾਹਨ ਸਿੰਘ ਪੰਨੂ ਨੂੰ ਬੁਲਾਇਆ ਗਿਆ ਹੈ, ਉੱਥੇ ਹੀ 2 ਫਰਵਰੀ ਨੂੰ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਸਰਵੇਸ਼ ਕੌਸ਼ਲ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ ਅਤੇ 3 ਫਰਵਰੀ ਨੂੰ ਕੇ.ਬੀ.ਐਸ ਸਿੱਧੂ ਨੂੰ ਵਿਜੀਲੈਂਸ ਵੱਲੋਂ ਤਲਬ ਕੀਤਾ ਗਿਆ ਹੈ।
ਹਾਲਾਂਕਿ ਇਹ ਪਹਿਲੀ ਵਾਰੀ ਨਹੀਂ ਇਹ ਕਿ ਇਨ੍ਹਾਂ ਨੂੰ ਜਾਂਚ ਵਾਸਤੇ ਬੁਲਾਇਆ ਗਿਆ ਹੋਵੇ, ਪਰ ਇਸ ਵਾਰ ਇਨ੍ਹਾਂ ਸਾਰਿਆਂ ਨੂੰ ਆਪਣੇ ਬੈਂਕ ਖਾਤਿਆਂ ਅਤੇ ਜਾਇਦਾਦ ਦੇ ਵੇਰਵੇ ਲਿਆਉਣ ਲਈ ਵੀ ਕਿਹਾ ਗਿਆ ਹੈ। ਵਿਜੀਲੈਂਸ ਵੱਲੋਂ ਸਿੰਜਾਈ ਘੁਟਾਲਾ ਮਾਮਲੇ ਵਿਚ ਪਹਿਲਾਂ ਵੀ ਇਨ੍ਹਾਂ ਤੋਂ ਅਲੱਗ ਅਲੱਗ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਪਰ ਇਸ ਵਾਰ ਇਨ੍ਹਾਂ ਸਾਰਿਆਂ ਨੂੰ ਆਪਣੇ ਬੈਂਕ ਖਾਤਿਆਂ ਦੀ ਜਾਇਦਾਦ ਦੇ ਵੇਰਵੇ ਲਿਆਉਣ ਵਾਸਤੇ ਆਖਿਆ ਗਿਆ ਹੈ।ਇਸ ਜਾਂਚ ਤੋਂ ਬਾਅਦ ਹੀ ਵਿਜੀਲੈਂਸ ਵੱਲੋਂ ਮਾਮਲੇ ਨੂੰ ਅੱਗੇ ਤੋਰਿਆ ਜਾਵੇਗਾ ।
ਕੀ ਹੈ ਸਿੰਜਾਈ ਘੁਟਾਲਾ ਮਾਮਲਾ!
ਦਰਅਸਲ ਅਗਸਤ 2017 ਨੂੰ ਸਰਕਾਰ ਵੱਲੋਂ ਧਾਰਾ 477,409,106,420,120ਬੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ । ਇਸ ਵਿੱਚ ਇੱਕ ਠੇਕੇਦਾਰ ਗੁਰਿੰਦਰ ਸਿੰਘ ਅਤੇ ਸਿੰਜਾਈ ਵਿਭਾਗ ਦੇ ਇੰਜੀਨੀਅਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਠੇਕੇਦਾਰ ਵੱਲੋਂ ਵਿਜੀਲੈਂਸ ਕੋਲ ਬਿਆਨ ਦਰਜ ਕਰਵਾਇਆ ਗਿਆ, ਜਿਸ ਵਿਚ ਉਸ ਨੇ ਸੇਵਾ ਮੁਕਤ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਰਿਸ਼ਵਤ ਦੇਣਾ ਮੰਨਿਆ ਸੀ। ਉਸ ਨੇ ਬਿੱਲ ਪਾਸ ਕਰਵਾਉਣ, ਕੰਮ ਅਲਾਟ ਕਰਵਾਉਣ ਅਤੇ ਮਸ਼ੀਨਾਂ ਦੀ ਖ਼ਰੀਦਦਾਰੀ ਲਈ ਰਿਸ਼ਵਤ ਦੇਣ ਦੀ ਗੱਲ ਵੀ ਕਬੂਲੀ ਹੈ। ਇਸ ਤੋਂ ਇਲਾਵਾ ਉਸ ਵੱਲੋਂ ਦੋ ਸਾਬਕਾ ਮੰਤਰੀਆਂ ਨੂੰ ਵੀ ਪੈਸੇ ਦੇਣ ਦਾ ਖੁਲਾਸਾ ਕੀਤਾ ਗਿਆ ਹੈ।
ਹਾਲਾਂਕਿ ਇਹ ਕੇਸ ਕਾਂਗਰਸ ਸਰਕਾਰ ਵੇਲੇ ਦਰਜ ਹੋਇਆ ਸੀ ਪਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਵਾਨਗੀ ਹੇਠ ਵਿਜੀਲੈਂਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੇਖਣਾ ਹੋਵੇਗਾ ਕਿ ਭਵਿੱਖ ਵਿੱਚ ਇਸ ਜਾਂਚ ਦਾ ਸੇਕ ਕਿੰਨ੍ਹਿਆਂ ਨੂੰ ਆਪਣੀ ਲਪੇਟ ਵਿੱਚ ਲੈਂਦਾ ਹੈ।
- With inputs from our correspondent