Asha Bhonsle Birthday: ਸੁਰਾਂ ਦੀ ਮਲਿਕਾ ਆਸ਼ਾ ਭੌਸ਼ਲੇ, ਜਿਨ੍ਹਾਂ ਦੀ ਗਾਇਕੀ ਦਾ ਅਜੇ ਤੱਕ ਨਹੀਂ ਕੋਈ ਮੁਕਾਬਲਾ
Asha Bhosle Birthday Special: ਬਾਲੀਵੁੱਡ ਸਿਨੇਮਾ ਜਗਤ ਦੀ ਮਸ਼ਹੂਰ ਪਲੇਅਬੈਕ ਸਿੰਗਰ ਆਸ਼ਾ ਭੌਂਸਲੇ (Asha Bhosle) ਅੱਜ ਆਪਣਾ 90ਵਾਂ ਜਨਮਦਿਨ ਮਨਾ ਰਹੀ ਹੈ। ਆਸ਼ਾ ਭੌਂਸਲੇ ਦਾ ਨਾਂ ਸੰਗੀਤ ਦੀ ਦੁਨੀਆ 'ਚ ਬੜੇ ਪਿਆਰ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਆਸ਼ਾ ਭੌਂਸਲੇ ਦੇ ਆਵਾਜ਼ ਸਿੱਧਾ ਦਿਲ ਉੱਪਰ ਲੱਗਦੀ ਹੈ।
ਅੱਜ ਮਸ਼ਹੂਰ ਗਾਇਕਾ ਦੇ ਜਨਮਦਿਨ ਤੇ ਅਸੀਂ ਤੁਹਾਨੂੰ ਉਨ੍ਹਾਂ ਬਾਰੇ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ। ਸਾਂਗਲੀ ਵਿੱਚ 8 ਸਤੰਬਰ 1933 ਨੂੰ ਜਨਮੀ ਆਸ਼ਾ ਇੱਕ ਪਲੇਬੈਕ ਗਾਇਕਾ ਨੇ ਸੰਗੀਤ ਜਗਤ ਵਿੱਚ ਖ਼ੂਬ ਨਾਮ ਕਮਾਇਆ ਹੈ। ਗਾਇਕਾ ਲਤਾ ਮੰਗੇਸ਼ਕਰ ਇਨ੍ਹਾਂ ਦੀ ਵੱਡੀ ਭੈਣ ਸੀ।ਇਨ੍ਹਾਂ ਨੇ ਤਕਰੀਬਨ ਇੱਕ ਹਜ਼ਾਰ ਹਿੰਦੀ ਫ਼ਿਲਮਾਂ ਵਿੱਚ ਗੀਤ ਗਾਏ। ਹਿੰਦੀ ਤੋਂ ਬਿਨਾਂ ਇਨ੍ਹਾਂ ਨੇ ਵੀਹ ਭਾਰਤੀ ਭਾਸ਼ਾਵਾਂ ਵਿੱਚ ਗਾਇਆ ਹੈ।
ਬਹੁਤ ਘੱਟ ਲੋਕ ਇਸ ਗੱਲ ਤੋਂ ਜਾਣੂ ਹੋਣਗੇ ਕਿ ਆਸ਼ਾ ਭੌਂਸਲੇ ਨੇ ਆਪਣੀ ਜ਼ਿੰਦਗੀ 'ਚ ਦੋ ਵਾਰ ਵਿਆਹ ਕੀਤਾ। ਪਹਿਲਾ ਵਿਆਹ ਗਣਪਤ ਰਾਓ ਨਾਲ ਹੋਇਆ ਸੀ ਜੋ ਲਤਾ ਮੰਗੇਸ਼ਕਰ ਦੇ ਪੀਏ (PA) ਹੁੰਦੇ ਸਨ। ਆਸ਼ਾ ਭੌਂਸਲੇ ਦਾ ਪੂਰਾ ਪਰਿਵਾਰ ਇਸ ਵਿਆਹ ਦੇ ਖਿਲਾਫ਼ ਸੀ। ਇਸ ਵਿਆਹ ਤੋਂ ਦੋ ਪੁੱਤਰ ਅਤੇ ਇੱਕ ਧੀ ਨੇ ਜਨਮ ਲਿਆ। ਇਸ ਤੋਂ ਬਾਅਦ ਉਸ ਨੇ ਮਸ਼ਹੂਰ ਸੰਗੀਤਕਾਰ ਆਰ.ਡੀ.ਬਰਮਨ ਨਾਲ ਵਿਆਹ ਕਰਵਾ ਲਿਆ। ਬਰਮਨ ਆਸ਼ਾ ਤੋਂ 6 ਸਾਲ ਛੋਟੇ ਸਨ।
1960ਵਿਆਂ ਦੇ ਆਰੰਭ ਵਿੱਚ ਗੀਤਾ ਦੱਤ, ਸ਼ਮਸ਼ਾਦ ਬੇਗਮ, ਅਤੇ ਲਤਾ ਮੰਗੇਸ਼ਕਰ ਵਰਗੇ ਨਾਮਵਰ ਪਲੇਬੈਕ ਗਾਇਕਾਂ ਨੇ ਇਸਤਰੀ ਗਾਇਕੀ ਅਤੇ ਵੱਡੀਆਂ ਫ਼ਿਲਮਾਂ ਲਈ ਗਾਇਨ ਦਾ ਦਬਦਬਾ ਬਣਾਇਆ। ਆਸ਼ਾ ਨੂੰ ਜ਼ਿਆਦਾਤਰ ਉਹ ਕੰਮ ਮਿਲਦੇ ਸਨ ਜਿਨ੍ਹਾਂ ਤੋਂ ਉਨ੍ਹਾਂ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਸੀ।
1950 ਦੇ ਦਹਾਕੇ ਵਿੱਚ ਉਸ ਨੇ ਬਾਲੀਵੁੱਡ ਦੇ ਬਹੁਤੇ ਪਲੇਅਬੈਕ ਗਾਇਕਾਂ ਨਾਲੋਂ ਵਧੇਰੇ ਗਾਣੇ ਗਾਏ। ਇਨ੍ਹਾਂ ਵਿਚੋਂ ਜ਼ਿਆਦਾਤਰ ਘੱਟ ਬਜਟ ਬੀ- ਜਾਂ ਸੀ-ਗ੍ਰੇਡ ਫ਼ਿਲਮਾਂ ਵਿੱਚ ਸਨ। ਉਸ ਦੇ ਮੁੱਢਲੇ ਗਾਣੇ ਏ. ਆਰ. ਕੁਰੈਸ਼ੀ, ਸੱਜਾਦ ਹੁਸੈਨ, ਅਤੇ ਗੁਲਾਮ ਮੁਹੰਮਦ ਦੁਆਰਾ ਤਿਆਰ ਕੀਤੇ ਗਏ ਸਨ ਅਤੇ ਇਨ੍ਹਾਂ ਵਿੱਚੋਂ ਬਹੁਤੇ ਗਾਣੇ ਵਧੀਆ ਪ੍ਰਦਰਸ਼ਨ ਕਰਨ ਵਿੱਚ ਅਸਫ਼ਲ ਰਹੇ ਸਨ।
ਸੱਜਾਦ ਹੁਸੈਨ ਦੁਆਰਾ ਰਚੇ 'ਸੰਗਦਿਲ' (1952) ਵਿੱਚ ਗਾਇਨ ਕਰਕੇ ਉਸ ਨੂੰ ਉਚਿਤ ਮਾਨਤਾ ਮਿਲੀ। ਸਿੱਟੇ ਵਜੋਂ ਫ਼ਿਲਮ ਨਿਰਦੇਸ਼ਕ ਬਿਮਲ ਰਾਏ ਨੇ ਉਸ ਨੂੰ 'ਪਰਿਣੀਤਾ' (1953) ਵਿੱਚ ਗਾਉਣ ਦਾ ਮੌਕਾ ਦਿੱਤਾ। ਰਾਜ ਕਪੂਰ ਨੇ ਉਸ ਨੂੰ 'ਬੂਟ ਪੋਲਿਸ਼' (1954) ਵਿੱਚ ਮੁਹੰਮਦ ਰਫ਼ੀ ਨਾਲ "ਨੰਨ੍ਹੇ ਮੁੰਨੇ ਬੱਚੇ" ਗਾਉਣ ਲਈ ਸਾਇਨ ਕੀਤਾ, ਜਿਸ ਨੇ ਪ੍ਰਸਿੱਧੀ ਹਾਸਿਲ ਕੀਤੀ। ਜਿਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਪਹਿਚਾਨਣ ਲਗ ਗਏ।
ਅਦਾਕਾਰਾ ਰੇਖਾ ਦੀ ਫ਼ਿਲਮ 'ਉਮਰਾਓ ਜਾਨ' ਲਈ ਕਈ ਗ਼ਜ਼ਲਾਂ ਗਾ ਕੇ ਇੱਕ ਵੱਖਰੀ ਸ਼ੈਲੀ ਦੀ ਕੋਸ਼ਿਸ਼ ਕੀਤੀ ਜਿਸ ਵਿੱਚ "ਦਿਲ ਚੀਜ ਕਿਆ ਹੈ", "ਇਨ ਅੱਖਾਂ ਕੀ ਮਸਤੀ ਕੇ", "ਯਾਰ ਕੀ ਜਗਾਹ ਹੈ ਦੋਸਤਾਨ" ਸ਼ਾਮਿਲ ਹੈ। ਗ਼ਜ਼ਲਾਂ ਨੇ ਉਸ ਨੂੰ ਆਪਣੇ ਕਰੀਅਰ ਦਾ ਪਹਿਲਾ ਰਾਸ਼ਟਰੀ ਫ਼ਿਲਮ ਪੁਰਸਕਾਰ ਦਿੱਤਾ। ਕੁਝ ਸਾਲਾਂ ਬਾਅਦ ਉਸ ਨੇ 'ਇਜਾਜ਼ਤ' (1987) ਦੇ ਗਾਣੇ "ਮੇਰਾ ਕੁਛ ਸਾਮਾਨ" ਲਈ ਇੱਕ ਹੋਰ ਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤਾ।
ਪ੍ਰਸਿਧੀ:
ਬ੍ਰਿਟਿਸ਼ ਅਲਟਰਨੇਟਿਵ ਰਾਕ ਬੈਂਡ ਕਾਰਨਰਸ਼ਾੱਪ ਨੇ 1997 ਵਿੱਚ "ਬ੍ਰਾਈਮੂਲ ਆਫ਼ ਆਸ਼ਾ" ਰਿਲੀਜ਼ ਕੀਤੀ। ਆਸ਼ਾ ਭੋਂਸਲੇ ਨੂੰ ਸਮਰਪਿਤ ਇਹ ਗਾਣਾ ਬੈਂਡ ਲਈ ਇੱਕ ਅੰਤਰਰਾਸ਼ਟਰੀ ਹਿੱਟ ਸਿੰਗਲ ਬਣ ਗਿਆ ਅਤੇ ਫਰਵਰੀ 1998 ਵਿੱਚ ਯੂ.ਕੇ. ਸਿੰਗਲ ਚਾਰਟ ਵਿੱਚ ਟਾਪ ਕੀਤਾ ਗਿਆ। ਬਹੁਤ ਸਾਰੇ ਰੀਮਿਕਸ ਵੀ ਜਾਰੀ ਕੀਤੇ ਗਏ ਹਨ ਖ਼ਾਸ ਕਰਕੇ ਨੌਰਮਨ ਕੁੱਕ, ਜਿਸ ਨੂੰ ਫੈਟਬੋਏ ਸਲਿਮ ਵੀ ਕਿਹਾ ਜਾਂਦਾ ਹੈ।
ਗਾਇਕੀ ਦੇ ਨਾਲ ਹੋਰ ਸ਼ੌਂਕ:
ਗਾਇਕੀ ਦੇ ਨਾਲ-ਨਾਲ ਆਸ਼ਾ ਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਕ ਹੈ। ਇਹੀ ਨਹੀਂ ਸਗੋਂ ਫ਼ਿਲਮ ਇੰਡਸਟਰੀ ਦੇ ਕਈ ਸਿਤਾਰੇ ਉਨ੍ਹਾਂ ਦੇ ਹੱਥਾਂ ਨਾਲ ਬਣੀ ਕੜ੍ਹਾਈ ਮੀਟ ਅਤੇ ਬਿਰਆਨੀ ਦੇ ਵੀ ਸ਼ੌਕੀਨ ਹਨ। ਇੱਕ ਇੰਟਰਵਿਊ 'ਚ ਆਸ਼ਾ ਨੇ ਖ਼ੁਦ ਦੱਸਿਆ ਸੀ ਕਿ ਜੇਕਰ ਉਹ ਗਾਇਕਾ ਨਾ ਹੁੰਦੀ ਤਾਂ ਪੱਕੀ ਕੁੱਕ ਹੁੰਦੀ। ਆਸ਼ਾ ਭੌਂਸਲੇ ਨੇ ਭਾਵੇਂ ਗਾਇਕੀ ਵਿੱਚ ਦਾਦਾ ਸਾਹਿਬ ਫਾਲਕੇ, ਪਦਮ ਵਿਭੂਸ਼ਣ ਵਰਗੇ ਵੱਕਾਰੀ ਪੁਰਸਕਾਰ ਜਿੱਤੇ ਹਨ ਪਰ ਗਾਇਕੀ ਦੇ ਨਾਲ-ਨਾਲ ਉਨ੍ਹਾਂ ਨੇ ਆਪਣੇ ਖਾਣਾ ਬਣਾਉਣ ਦੇ ਸ਼ੌਕ ਨੂੰ ਵੀ ਕਾਇਮ ਰੱਖਿਆ ਹੈ।
- PTC NEWS