SGPC on Sajjan Kumar sentenced : ਸੱਜਣ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਬਹੁਤ ਘੱਟ, ਫਾਂਸੀ ਤੱਕ ਜਾਰੀ ਰੱਖੀ ਜਾਵੇਗੀ ਕਾਨੂੰਨੀ ਲੜਾਈ : ਸ਼੍ਰੋਮਣੀ ਕਮੇਟੀ
SGPC on Sajjan Kumar sentenced : 1984 ਸਿੱਖ ਕਤਲੇਆਮ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਮੰਗਲਵਾਰ ਦਿੱਲੀ ਰਾਊਜ਼ ਐਵੀਨਿਊ ਕੋਰਟ ਵੱਲੋਂ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਇਹ ਸਜ਼ਾ ਦਾ ਫੈਸਲਾ ਸਰਸਵਤੀ ਵਿਹਾਰ (Saraswati Vihar Sikhs Murder Case) ਵਿੱਚ ਦੋ ਸਿੱਖਾਂ ਦੀ ਹੱਤਿਆ ਦੇ ਮਾਮਲੇ ਵਿੱਚ ਸੁਣਾਇਆ, ਜਿਸ 'ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ। ਐਸਜੀਪੀਸੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਇਸ ਸਜ਼ਾ ਨੂੰ ਘੱਟ ਦੱਸਿਆ ਅਤੇ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ 1984 ’ਚ ਹਜ਼ਾਰਾਂ ਸਿੱਖਾਂ ਦਾ ਵਹਿਸ਼ੀਆਣਾ ਤਰੀਕੇ ਨਾਲ ਕਤਲ ਕੀਤਾ ਗਿਆ। ਇਸ ਕਤਲੇਆਮ ਦੀ ਅਗਵਾਈ ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਜਿਹੇ ਲੋਕਾਂ ਨੇ ਕੀਤੀ, ਜਿਨ੍ਹਾਂ ਦੀ ਕਾਂਗਰਸ ਹਮੇਸ਼ਾ ਪੁਸ਼ਤਪਨਾਹੀ ਕਰਦੀ ਰਹੀ। ਉਨ੍ਹਾਂ ਕਿਹਾ ਕਿ ਇਸ ਕਤਲੇਆਮ ਦੇ ਇਨਸਾਫ਼ ਲਈ ਪੀੜਤਾਂ ਨੇ 40 ਸਾਲ ਤੋਂ ਵੱਧ ਕਾਨੂੰਨੀ ਲੜਾਈ ਲੜੀ। ਉਨ੍ਹਾਂ ਕਿਹਾ ਕਿ ਹੁਣ ਆਸ ਸੀ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਵੇਗੀ, ਪਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜੋ ਦੋਸ਼ੀਆਂ ਦੇ ਜ਼ੁਲਮਾਂ ਦੇ ਮੁਕਾਬਲੇ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਲਈ ਅੱਗੇ ਵੀ ਕਾਨੂੰਨੀ ਲੜਾਈ ਜਾਰੀ ਰੱਖੇਗੀ।
ਸ. ਮੰਨਣ ਨੇ ਸੱਜਣ ਕੁਮਾਰ ਅਤੇ ਸਿੱਖ ਕਤਲੇਆਮ ਦੇ ਹੋਰ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਾਲੀ ਕਾਂਗਰਸ ਲੀਡਰਸ਼ਿਪ ’ਤੇ ਸਵਾਲ ਕਰਦਿਆਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਉੱਚ ਅਹੁਦੇ ਦੇ ਕੇ ਉਨ੍ਹਾਂ ਨੂੰ ਸਜ਼ਾਵਾਂ ਤੋਂ ਬਚਾਉਣ ਦਾ ਯਤਨ ਕਰਨ ਵਾਲਿਆਂ ਦੀ ਭੂਮਿਕਾ ਬਾਰੇ ਵੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਇਨ੍ਹਾਂ ਦੋਸ਼ੀਆਂ ਨੂੰ ਵੀ ਸਖ਼ਤ ਸਜ਼ਾਵਾਂ ਮਿਲ ਸਕਣ।
ਕੁਲਵੰਤ ਸਿੰਘ ਮੰਨਾ ਨੇ ਕਿਹਾ ਕਿ ਦੇਸ਼ ਵਿੱਚ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਾਂ ਨੂੰ ਕਿਸੇ ਛੋਟੇ ਅਪਰਾਧ ਵਿੱਚ ਵੀ ਹੋ ਜਾਂਦੀ ਹੈ, ਪਰ ਸੱਜਣ ਕੁਮਾਰ ਨੂੰ ਇੰਨੇ ਵੱਡੇ ਗੁਨਾਹ ਲਈ ਸਿਰਫ਼ ਉਮਰ ਕੈਦ ਦੀ ਸਜ਼ਾ ਹੋਈ। ਉਨ੍ਹਾਂ ਕਿਹਾ ਕਿ ਸਿੱਖ ਨਸਲਕੁਸ਼ੀ ਲਈ ਸੱਜਣ ਕੁਮਾਰ ਨੂੰ ਘੱਟੋ-ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਅਤੇ ਇਸ ਲਈ ਉਹ ਲੀਗਲ ਅਡਵਾਈਜ਼ ਲੈਣ ਤੋਂ ਬਾਅਦ ਇਸ ਫੈਸਲੇ ਦੇ ਵਿਰੁੱਧ ਅਪੀਲ ਕਰਨਗੇ।
- PTC NEWS