Sidhu Moosewala murder case : ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ ਫਿਰ ਮੁਲਤਵੀ, ਕਿਸੇ ਕਾਰਨ ਗਵਾਹੀ ਦੇਣ ਨਹੀਂ ਪਹੁੰਚੇ ਪਿਤਾ ਬਲਕੌਰ ਸਿੰਘ
Sidhu Moosewala murder case : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਅੱਜ ਮਾਨਸਾ ਅਦਾਲਤ ਵਿੱਚ ਸੁਣਵਾਈ ਹੋਣੀ ਸੀ। ਅੱਜ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ,ਸੁਖਪਾਲ ਸਿੰਘ ਪਾਲੀ ਨੰਬਰਦਾਰ ਮੂਸਾ ਤੇ ਤਫ਼ਤੀਸ਼ੀ ਅਫ਼ਸਰ ਦੀ ਗਵਾਹੀ ਹੋਣੀ ਸੀ ਪਰ ਇਹ ਤਿੰਨੇ ਕਿਸੇ ਕਾਰਨ ਪਹੁੰਚ ਨਹੀਂ ਸਕੇ। ਇਸ ਕਾਰਨ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਮਨਿੰਦਰਜੀਤ ਸਿੰਘ ਦੀ ਅਦਾਲਤ ਨੇ ਮਾਮਲੇ ’ਚ ਅਗਲੀ ਸੁਣਵਾਈ 25 ਜੁਲਾਈ ’ਤੇ ਪਾ ਦਿੱਤੀ ਹੈ।
ਜਾਣਕਾਰੀ ਅਨੁਸਾਰ ਅੱਜ ਸਾਰੇ ਮੁਲਜ਼ਮ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ ਸਨ। ਇਨ੍ਹਾਂ ਵਿੱਚ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਅਤੇ ਹੋਰ ਮੁਲਜ਼ਮ ਸ਼ਾਮਲ ਸਨ। ਹੁਣ ਤੱਕ ਮਾਮਲੇ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ 2 ਦੋਸਤਾਂ ਦੀ ਗਵਾਹੀ ਪੂਰੀ ਹੋ ਚੁੱਕੀ ਹੈ।
ਘਟਨਾ ਸਮੇਂ ਦੋਵੇਂ ਮੌਕੇ 'ਤੇ ਮੌਜੂਦ ਸਨ। ਉਨ੍ਹਾਂ ਨੇ ਗੋਲੀਬਾਰੀ ਕਰਨ ਵਾਲਿਆਂ, ਵਾਹਨਾਂ ਅਤੇ ਹਥਿਆਰਾਂ ਦੀ ਪਛਾਣ ਕਰ ਲਈ ਸੀ। ਹੁਣ ਬਲਕੌਰ ਸਿੰਘ ਤੋਂ ਇਲਾਵਾ ਸੁਖਪਾਲ ਸਿੰਘ ਅਤੇ ਇੱਕ ਪੁਲਿਸ ਅਧਿਕਾਰੀ ਦੀ ਗਵਾਹੀ ਬਾਕੀ ਹੈ। ਅਦਾਲਤ ਨੇ ਸਾਰਿਆਂ ਨੂੰ ਅਗਲੀ ਤਰੀਕ 'ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।
3 ਸਾਲ ਪਹਿਲਾਂ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਕਤਲ
ਸਿੱਧੂ ਮੂਸੇਵਾਲਾ ਦਾ ਕਤਲ 29 ਮਈ, 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਹੋਇਆ ਸੀ। ਉਹ ਆਪਣੀ ਥਾਰ ਜੀਪ ਵਿੱਚ ਦੋ ਦੋਸਤਾਂ ਨਾਲ ਜਾ ਰਿਹਾ ਸੀ ਜਦੋਂ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਵਿੱਚ 6 ਸ਼ੂਟਰ ਸ਼ਾਮਲ ਸਨ, ਜੋ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਸਬੰਧਤ ਸਨ। ਇਸ ਕਤਲ ਦੀ ਯੋਜਨਾ ਕੈਨੇਡਾ ਤੋਂ ਗੋਲਡੀ ਬਰਾੜ ਨੇ ਬਣਾਈ ਸੀ, ਜਿਸ ਵਿੱਚ ਲਾਰੈਂਸ ਦਾ ਭਰਾ ਅਨਮੋਲ ਅਤੇ ਭਤੀਜਾ ਸਚਿਨ ਥਾਪਨ ਵੀ ਸ਼ਾਮਲ ਸਨ।
- PTC NEWS