Sun, Sep 8, 2024
Whatsapp

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਿਆਈ ਦਿਵਸ 'ਤੇ ਵਿਸ਼ੇਸ਼

Reported by:  PTC News Desk  Edited by:  Jasmeet Singh -- September 17th 2023 04:00 AM -- Updated: September 16th 2023 07:47 PM
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਿਆਈ ਦਿਵਸ 'ਤੇ ਵਿਸ਼ੇਸ਼

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਿਆਈ ਦਿਵਸ 'ਤੇ ਵਿਸ਼ੇਸ਼

- ਡਾ. ਰਜਿੰਦਰ ਕੌਰ: ਸ੍ਰੀ ਗੁਰੂ ਨਾਨਕ ਦੀ ਗੱਦੀ ਦੇ ਪੰਜਵੇਂ ਗੁਰੁ, ਗੁਰੂ ਅਰਜਨ ਦੇਵ ਜੀ । ਜਿਨ੍ਹਾਂ ਨੇ ਨਾ ਕੇਵਲ ਸਿੱਖ ਧਰਮ ਦੇ ਵਿਕਾਸ ਵਿੱਚ ਹੀ ਆਪਣਾ ਵਡਮੁੱਲਾ ਯੋਗਦਾਨ ਪਾਇਆ ਸਗੋਂ ਸਿੱਖ ਕੌਮ ਵਿੱਚ ਪਹਿਲੀ ਵਾਰ ਆਪਣੀ ਸ਼ਹਾਦਤ ਦੇ ਕੇ ਗੁਰੂ ਪਰੰਪਰਾ ਨੂੰ ਇਕ ਨਵੇਂ ਮੋੜ ‘ਤੇ ਲਿਆ ਖੜਾ ਕੀਤਾ ਜਿਥੇ ਭਗਤੀ ਦੀ ਰੱਖਿਆ ਲਈ ਸ਼ਕਤੀ ਦੇ ਸੰਕਲਪ ਦੀ ਤੀਬਰ ਜ਼ਰੂਰਤ ਅਨੁਭਵ ਹੋਣ ਲੱਗੀ।

ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈ: ਨੂੰ ਸ੍ਰੀ ਗੁਰੂ ਅਮਰਦਾਸਜੀ ਦੇ ਘਰ ਬੀਬੀ ਭਾਨੀ ਦੇ ਕੁੱਖੋਂ ਗੋਇੰਦਵਾਲ ਵਿਖੇ ਹੋਇਆ। ਆਪ ਦੇ ਨਾਨਾ ਗੁਰੂ ਅਮਰਦਾਸ ਜੀ ਅਤੇ ਪਿਤਾ ਗੁਰੂ ਰਾਮਦਾਸ ਜੀ ਦੀ ਰਾਹਨੁਮਾਈ ਹੇਠ ਆਪ ਜੀ ਦਾ ਬਚਪਨ ਬੀਤਿਆ। ਬਚਪਨ ਤੋਂ ਹੀ ਆਪ ਜੀ ਨੂੰ ਘਰ ਵਿੱਚ ਅਧਿਆਤਮਕ ਵਾਤਾਵਰਨ ਮਿਲਿਆ ਜਿਸ ਕਰਕੇ ਸੰਸਾਰੀ ਖੇਡਾਂ ਨਾਲੋਂ ਆਪ ਜੀ ਦੀ ਰੁਚੀ ਜ਼ਿਆਦਾ ਅਧਿਆਤਮਕਤਾ ਵਾਲੀ ਹੀ ਸੀ। ਗੁਰੂ ਅਮਰਦਾਸ ਜੀ ਵੱਲੋਂ ਆਪ ਨੂੰ ਬਚਪਨ ਤੋਂ ਹੀ ‘ਦੋਹਿਤਾ ਬਾਣੀ ਦਾ ਬੋਹਿਥਾ’ ਦਾ ਵਰ ਪ੍ਰਾਪਤ ਸੀ। ਗੁਰੂ ਅਰਜਨ ਦੇਵ ਜੀ ਸ਼ੁਰੂ ਤੋਂ ਜ਼ਿਆਦਾਤਰ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਸੰਗਤ ਵਿੱਚ ਰਹੇ ਜਿਸ ਸਦਕਾ ਉਨ੍ਹਾਂ ਦੀ ਆਤਮਿਕ ਪ੍ਰਤਿਭਾ ਠੀਕ ਢੰਗ ਨਾਲ ਵਿਕਸਿਤ ਹੋ ਕੇ ਗੁਰੁ ਪਦ ਦੀ ਅਧਿਕਾਰੀ ਬਣੀ। ਉਨ੍ਹਾਂ ਦੀ ਸੰਗਤ ਵਿੱਚ ਰਹਿੰਦਿਆਂ ਹੀ ਆਪ ਨੇ ਸੰਜਮੀ, ਧੀਰਜ, ਬ੍ਰਹਮ ਦੀ ਪਛਾਣ ਭਾਵ ਸਾਰੇ ਸਦਗੁਣ ਧਾਰਨ ਕੀਤੇ ਸਨ।


ਗੁਰੂ ਅਰਜਨ ਦੇਵ ਜੀ ਨੇ ਗੁਰਮੁੱਖੀ ਅੱਖਰ ਦਾ ਗਿਆਨ ਗੁਰੂ ਅਮਰਦਾਸ ਜੀ ਤੋਂ ਪ੍ਰਾਪਤ ਕੀਤਾ। ਬਾਬਾ ਮੋਹਰੀ ਜੀ ਨੇ ਗਣਿਤ ਵਿਦਿਆ ਦੀ ਸਿਖਲਾਈ ਦਿੱਤੀ। ਆਪ ਨੇ ਦੇਵਨਾਗਰੀ ਵਿੱਦਿਆ ਪਿੰਡ ਦੀ ਪਾਠਸ਼ਾਲਾ ਵਿੱਚ ਪਾਂਧੇ ਪਾਸੋਂ ਹਾਸਿਲ ਕੀਤੀ। ਸੰਸਕ੍ਰਿਤ ਦਾ ਗਿਆਨ ਪੰਡਿਤ ਬੈਣੀ ਪਾਸੋਂ ਅਤੇ ਫ਼ਾਰਸੀ ਅੱਖਰ ਪਿੰਡ ਦੇ ਮਦਰੱਸੇ ਵਿੱਚ ਸਿੱਖੇ। ਆਪ ਜੀ ਨੇ ਬਾਬਾ ਬੁੱਢਾ ਜੀ ਪਾਸੋਂ ਗੁਰਬਾਣੀ ਦਾ ਅਧਿਐਨ ਕੀਤਾ। ਆਪ ਜੀ ਦੁਆਰਾ ਸੰਪਾਦਿਤ ਸ੍ਰੀ ਗੁੂਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਤੋਂ ਲੱਗਦਾ ਹੈ ਕਿ ਆਪ ਨੇ ਗੁਰਗੱਦੀ ਸੰਭਾਲਣ ਤੋਂ ਪਹਿਲਾਂ ਪੰਜਾਬੀ, ਬ੍ਰਿਜ ਅਤੇ ਸੰਸਕ੍ਰਿਤ ਭਾਸ਼ਾ, ਵਿਆਕਰਣ ਅਤੇ ਸੰਗੀਤ ਵਿੱਚ ਮੁਹਾਰਤ ਹਾਸਲ ਕਰ ਲਈ ਸੀ।

ਗੁਰੂ ਅਰਜਨ ਦੇਵ ਜੀ ਦਾ ਵਿਆਹ 1579 ਈ: ਵਿੱਚ ਮਉ ਪਿੰਡ ਦੇ ਕ੍ਰਿਸ਼ਨ ਚੰਦ ਦੀ ਸਪੁੱਤਰੀ ਗੰਗਾ ਦੇਵੀ ਨਾਲ ਹੋਇਆ।

ਅਧਿਆਤਮਕ ਬਿਰਤੀ ਦੇ ਮਾਲਕ ਹੋਣ ਸਦਕਾ ਅਤੇ ਗੁਰੂ ਅਮਰਦਾਸ ਜੀ ਦੇ ਵਰਦਾਨ ਸਦਕਾ ਗੁਰਮਤਿ ਪਰੰਪਰਾ ਵਿੱਚ ਗੁਰੂ ਅਰਜਨ ਦੇਵ ਜੀ ਪਹਿਲੇ ਗੁਰੂ ਸਨ ਜੋ ਆਪਣੇ ਪਿਤਾ ਪੁਰਖਾਂ ਵੱਲੋਂ ਵਿਰਾਸਤੀ ਰੂਪ ਵਿੱਚ ਗੁਰੂਤਾ ਗੱਦੀ ਦੇ ਹੱਕਦਾਰ ਬਣੇ। ਗੁਰੂ ਸਾਹਿਬ ਦਾ ਵੱਡਾ ਭਰਾ ਪ੍ਰਿਥੀ ਚੰਦ ਜੋ ਕਿ ਉਮਰ ਵਿੱਚ ਗੁਰੂ ਸਾਹਿਬ ਤੋਂ ਵੱਡਾ ਸੀ ਤੇ ਸੰਸਾਰਕ ਕਾਰ ਵਿਹਾਰ ਵੀ ਮੋਹਰੀ ਹੋ ਕੇ ਕਰਦਾ ਸੀ, ਆਪਣੇ ਆਪ ਨੁੰ ਗੱਦੀ ਦਾ ਹੱਕਦਾਰ ਸਮਝਦਾ ਸੀ ਪਰ ਗੁਰੂਤਾ ਗੱਦੀ ਦਾ ਰਹੱਸ ਤਾਂ ਧੁਰੋਂ ਹੀ ਨਿਸ਼ਚਿਤ ਸੀ। ਜਦ ਉਸਨੂੰ ਗੁਰੂਤਾ ਗੱਦੀ ਦੇ ਹੱਕ ਤੋਂ ਵਾਂਝਿਆ ਰੱਖਿਆ ਗਿਆ ਤਾਂ ਉਹ ਬਹੁਤ ਨਰਾਜ਼ ਹੋਇਆ ਇਥੋ ਤੱਕ ਕਿ ਆਪਣੇ ਗੁਰੂਖ਼ਪਿਤਾ ਗੁਰੂ ਰਾਮਦਾਸ ਜੀ ਦੇ ਸਮਝਾਉਣ ‘ਤੇ ਉਨ੍ਹਾਂ ਨਾਲ ਵੀ ਕੁਬੋਲ ਬੋਲਣ ਤੋਂ ਗੁਰੇਜ਼ ਨਾ ਕੀਤਾ।



ਜਿਸ ਸਦਕਾ ਗੁਰੂ ਸਾਹਿਬ ਨੇ ਉਸਨੂੰ ਆਪਣੇ ਨਾਲ ਨਾ ਮਿਲਣ ਦਾ ਹੁਕਮ ਦਿੰਦੇ ਹੋਏ ਉਸਦੀਆਂ ਕਾਲੀਆਂ ਕਰਤੂਤਾਂ ਸਦਕਾ ਮੀਣਾ ਤੱਕ ਕਹਿ ਦਿੱਤਾ। ਕਿਉਂਕਿ ਪ੍ਰਿਥੀ ਚੰਦ ਲਾਲਚੀ, ਸਵਾਰਥੀ ਅਤੇ ਈਰਖਾਲੂ ਸੁਭਾਅ ਦਾ ਮਾਲਕ ਸੀ, ਛੋਟਾ ਪੁੱਤਰ ਮਹਾਂਦੇਵ ਬਿਲਕੁਲ ਹੀ ਮਸਤ ਸੁਭਾਅ ਦਾ ਮਾਲਿਕ ਸੀ ਤੇ ਕੇਵਲ ਗੁਰੂ ਅਰਜਨ ਦੇਵ ਜੀ ਵਿੱਚ ਹੀ ਪਹਿਲੇ ਗੁਰੂ ਸਾਹਿਬਾਨ ਦੀ ਤਰ੍ਹਾਂ ਸੇਵਾ, ਸਾਦਗੀ, ਸਬਰ, ਸੰਤੋਖ, ਨਿਸ਼ਕਾਮ ਭਗਤੀ ਤੇ ਤਿਆਗ ਜਿਹੇ ਗੁਣ ਭਰਪੂਰ ਸਨ ਤੇ ਗੁਰੂਤਾਖ਼ਗੱਦੀ ਦੇ ਹੱਕਦਾਰ ਤਾਂ ਗੁਰੂ ਸਾਹਿਬ ਦੀ ਪਰਖ ਕਸੱਵਟੀ ਵਿਚੋਂ ਪੂਰੇ ਉਤਰਨ ਵਾਲੇ ਸ਼ਰਧਾਲੂ ਹੀਹੁੰਦੇ ਸਨ। ਇਨ੍ਹਾਂ ਗੁਣਾਂ ਦੀ ਕਸਵੱਟੀ ਵਿਚੋਂ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਨੂੰ ਵੀ ਲੰਘਣਾ ਪਿਆ ਸੀ। ਅੰਤ ਗੁਰੂ ਅਰਜਨ ਦੇਵ ਜੀ ਵੀ ਅਜਿਹੇ ਗੁਣਾਂ ਦੇ ਧਾਰਨੀ ਹੋਣ ਸਦਕਾ ਹੀ ਗੁਰੂ ਰਾਮਦਾਸ ਜੀ ਦੀ ਪਾਰਖੂ ਅੱਖ ਵਿੱਚੋਂ ਪਰਖ ਕਸੱਵਟੀ ਤੇ ਪੂਰੇ ਉਤਰਨ ਉਪਰੰਤ ਹੀ 1 ਸਤੰਬਰ 1581 ਈ: ਨੂੰ ਗੁਰੂਤਾ ਗੱਦੀ ਦੇ ਯੋਗ ਉੱਤਰਾਧਿਕਾਰੀ ਬਣੇ।

ਗੁਰੂਤਾ ਗੱਦੀ ਦੀ ਪ੍ਰਾਪਤੀ ਨਾ ਹੋਣ ਕਰਕੇ ਪ੍ਰਿਥੀ ਚੰਦ ਈਰਖਾ ਦੀ ਅੱਗ ਵਿੱਚ ਸੜ ਰਿਹਾ ਸੀ। ਉਹ ਤੇ ਉਸਦੀ ਪਤਨੀ ਅਜਿਹੀ ਨਿਰਾਦਰੀ ਤੋਂ ਅਤਿਅੰਤ ਦੁੱਖੀ ਸਨ। ਦੂਜੇ ਪਾਸੇ ਕਾਫੀ ਸਮਾਂ ਲੰਘ ਜਾਣ ਤੇ ਵੀ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਸੰਤਾਨ ਦਾ ਜਨਮ ਨਾ ਹੋਇਆ ਜਿਸ ਕਰਕੇ ਪ੍ਰਿਥੀ ਚੰਦ ਨੂੰ ਹੁਣ ਆਪਣੇ ਪੁੱਤਰ ਮਿਹਰਬਾਨ ਦੇ ਅਗਲਾ ਵਾਰਸ ਬਣਨ ਦੀ ਉਮੀਦ ਜਾਗ ਗਈ। ਪਰ 14 ਜੂਨ 1595 ਈ: ਨੂੰਮਾਤਾ ਗੰਗਾ ਜੀ ਦੀ ਕੁੱਖੋਂ ਪਿੰਡ ਵਡਾਲੀ, ਅੰਮ੍ਰਿਤਸਰ ਵਿਖੇ ਪੁੱਤਰ ਨੇ ਜਨਮ ਲਿਆ ਜਿਸਦਾ ਨਾਮ ਹਰਿਗੋਬਿੰਦ (ਛੇਵੇਂ ਗੁਰੂ) ਰੱਖਿਆ ਗਿਆ। ਅਜਿਹੇ ਸਮੇਂ ਬਾਲਕ (ਹਰਿਗੋਬਿੰਦ) ਦੇ ਜਨਮ ਲੈਣ ਉਪਰੰਤ ਪ੍ਰਿਥੀ ਚੰਦ ਦੀਆਂ ਅਜਿਹੀਆਂ ਆਸਾਂ ਉਮੀਦਾਂ ਵੀ ਢਹਿ ਗਈਆਂ। ਇਸ ਲਈ ਉਸਨੇ ਹਰਿਗੋਬਿੰਦ (ਗੁਰੂ) ਨੂੰ ਸ਼ੁਰੂ ਤੋਂ ਮਾਰਨ ਦੀਆਂ ਸਾਜਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ ਪਰ ਪਰਮਾਤਮਾ ਦੇ ਭਾਣੇ ਅੰਦਰ ਹਰ ਸਾਜਿਸ਼ ਵਿੱਚ ਨਾ ਕਾਮਯਾਬ ਰਿਹਾ। ਪਰ ਗੁਰੂ ਅਰਜਨ ਦੇਵ ਜੀ ਪ੍ਰਿਥੀ ਚੰਦ ਦੇ ਕਿਸੇ ਵੀ ਕੰਮ ਵੱਲ ਧਿਆਨ ਨਾ ਦਿੰਦੇ। ਉਸਨੇ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਦੇ ਖਿਲਾਫ ਭੜਕਾ ਕੇ ਆਪਣੇ ਮਗਰ ਲਗਾ ਲਿਆ ਅਤੇ ਉਨ੍ਹਾਂ ਦੇ ਸਮਾਨਾਂਤਰ ਗੁਰਗੱਦੀ ਕਾਇਮ ਕਰ ਲਈ। ਇੱਥੋਂ ਤੱਕ ਕਿ ਮਸੰਦਾਂ ਨੂੰ ਵੀ ਆਪਣੇ ਨਾਲ ਜੋੜ ਲਿਆ।

ਪਰ ਇਸ ਸਮੇਂ ਦੌਰਾਨ ਗੁਰੂ ਸਾਹਿਬ ਗੁਰੂ ਘਰ ਦੀ ਜ਼ਿੰਮੇਵਾਰੀ ਨੂੰ ਸੰਭਾਲਦੇ ਹੋਏ ਸੰਗਤਾਂ ਦੀ ਸਹੂਲਤ ਲਈ ਸਮਾਜ ਭਲਾਈ ਦੇ ਕਾਰਜਾਂ ਵਿੱਚ ਇਕਜੁੱਟ ਸਨ। ਆਪ ਗੁਰੂ ਰਾਮਦਾਸ ਜੀ ਦੁਆਰਾ ਸ਼ੁਰੂ ਕੀਤੇ ਕਾਰਜਾਂ ਨੁੰ ਨੇਪਰੇ ਚਾੜਨ ਵਿੱਚ ਲੱਗੇ ਹੋਏ ਸਨ ਅਤੇ ਇਨ੍ਹਾਂ ਦਿਨਾਂ ਵਿੱਚ ਅੰਮ੍ਰਿਤ ਸਰੋਵਰ ਦਾ ਕੰਮ ਮੁਕੰਮਲ ਕੀਤਾ। ਆਪ ਜੀ ਦੇ ਗੁਰਗੱਦੀ ਤੇ ਬੈਠਣ ਉਪਰੰਤ ਸਿੱਖ ਧਰਮ ਦਾ ਮੂੰਹ ਮੁਹਾਂਦਰਾ ਹੋਰ ਵੀ ਨਿਖਰਨਾ ਸ਼ੁਰੂ ਹੋ ਗਿਆ। ਉਹਨਾਂ ਧਰਮ ਦੇ ਵਿਗੜਦੇ ਰੂਪ ਜਿਵੇਂ ਤੀਰਥ ਯਾਤਰਾ, ਦੇਵੀ ਦੇਵਤਿਆਂ ਦੀ ਪੂਜਾ, ਮੜੀ ਮਸਾਣਾਂ ਦੀ ਪੂਜਾ ਆਦਿ ਬਾਰੇ ਵਹਿਮ ਭਰਮਾਂ ਨੂੰ ਨਕਾਰਦੇ ਹੋਏ ਧਰਮ ਦਾ ਸਹੀ ਰੂਪ ਸਪਸ਼ਟ ਕੀਤਾ। ਇਸ ਦੇ ਨਾਲ ਹੀ ਅਜਿਹਾ ਵਿਤਕਰਾ ਦੂਰ ਕਰਨ ਲਈ ਸਮਾਜ ਵਿੱਚ ਜਾਤ-ਪਾਤ ਦਾ ਹੁੰਦਾ ਵਿਰੋਧ ਖਤਮ ਕਰਨ ਹਿੱਤ ਗੁਰੂ ਨਾਨਕ ਸਾਹਿਬ ਦੁਆਰਾ ਚਲਾਏ ਸੰਗਤਖ਼ਪੰਗਤ ਦੇ ਸੰਕਲਪ ਨੂੰ ਹੋਰ ਵੀ ਵਿਕਸਿਤ ਕੀਤਾ। ਉਨ੍ਹਾਂ ਅੰਮ੍ਰਿਤਸਰ, ਤਰਨਖ਼ਤਾਰਨ, ਕਰਤਾਰਪੁਰ ਤੇ ਹਰਿਗੋਬਿੰਦਪੁਰਾ ਸ਼ਹਿਰ ਵਸਾਏ ਅਤੇ ਸੰਤੋਖਸਰ, ਰਾਮਸਰ ਅਤੇ ਤਰਨਤਾਰਨ ਸਾਹਿਬ ਵਿਖੇ ਸਰੋਵਰਾਂ ਦਾ ਵੀ ਨਿਰਮਾਣ ਕਰਵਾਇਆ। ਹਰਿਮੰਦਰ ਸਾਹਿਬ ਦੀ ਇਮਾਰਤ ਤਿਆਰ ਕਰਵਾਉਣ ਲਈ ਇਸਦੀ ਨੀਂਹ ਸੂਫੀ ਫਕੀਰ ਸਾਈਂ ਮੀਆਂ ਮੀਰ ਮੁਹੰਮਦ ਦੇ ਹੱਥੋਂ ਰਖਵਾਈ ਤੇ ਸੰਗਤ ਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਹੋਏ ਉਨ੍ਹਾਂ ਦੀ ਯੋਗ ਅਗਵਾਈ ਕੀਤੀ। ਅੰਤ ਮਈ 1606 ਈ: ਨੁੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਰੂਤਾ ਗੱਦੀ ਦੇ ਅਗਲੇ ਉਤਰਾਧਿਕਾਰੀ ਥਾਪ ਕੇ ਆਪ ਨੇ ਮਹਾਨ ਸ਼ਹੀਦੀ ਪ੍ਰਾਪਤ ਕੀਤੀ।

ਗੁਰੂ ਅਰਜਨ ਦੇਵ ਜੀ ਮਹਾਨ ਸਾਹਿਤਕਾਰ ਸਨ। ਉਨ੍ਹਾਂ ਆਪਣੇ ਪੂਰਵਰਤੀ ਗੁਰੂ ਸਾਹਿਬਾਨ ਵਾਂਗ ਬਾਣੀ ਰਚਨਾ ਕੀਤੀ। ਗੁਰੂ ਸਾਹਿਬ ਦੀ ਬਾਣੀ ਜਗਿਆਸੂਆਂ ਦੇ ਕਲਿਆਣ ਹਿਤ ਸੇਧ ਪ੍ਰਦਾਨ ਕਰਦੀ ਹੈ ਤੇ ਪੂਰਵਵਰਤੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦਾ ਹੀ ਵਿਸਤਾਰ ਕਰਦੀ ਹੈ। ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਵਿੱਚ ਬਾਣੀ ਰਚਨਾ ਕੀਤੀ ਤੇ ਨਾਲ ਹੀ ਵਾਰਾਂ, ਛੰਤ, ਪਦੇ, ਬਿਰਹੜੇ, ਸਲੋਕ ਸਹਸਕ੍ਰਿਤੀ, ਸੁਖਮਨੀ, ਥਿਤੀ, ਬਾਵਨ ਅੱਖਰੀ, ਬਾਰਹਮਾਹਾ ਮਾਝ ਆਦਿ ਬਾਣੀਆਂ ਦੀ ਰਚਨਾ ਵੀ ਆਪ ਜੀ ਦੁਆਰਾ ਹੋਈ ਮਿਲਦੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਬਾਣੀ ਹੈ। ਆਪ ਨੇ ਤਕਰੀਬਨ 1581 ਈ: ਤੋਂ 1604 ਈ ਤੱਕ 22 ਸਾਲ ਨਿਰੰਤਰ ਬਾਣੀ ਰਚਨਾ ਕੀਤੀ। ਆਪ ਜੀ ਦੀ ਬਾਣੀ, ਬੋਲੀ ਪੱਖੋਂ ਬਹੁਤ ਸਰਲਤਾ ਅਤੇ ਕਾਵਿਕ ਗੁਣਾਂ ਭਰਪੂਰ ਹੈ ਜੋ ਪ੍ਰਭੂ ਪਿਆਰ, ਨਾਮ ਸਿਮਰਨ, ਪ੍ਰਭੂ ਪ੍ਰਾਪਤੀ ਆਦਿ ਵਿਸ਼ਿਆਂ ‘ਤੇ ਭਰਪੂਰ ਰੋਂਸ਼ਨੀ ਪਾਉਂਦੀ ਹੈ। ਆਪ ਜੀ ਦੀ ਬਾਣੀ ਵਿੱਚ ਮਨੁੱਖ ਨੂੰ ਆਪਣੇ ਅਸਲ ਮਕਸਦ ਦੀ ਪ੍ਰਾਪਤੀ ਲਈ ਸਮਝਾਇਆ ਗਿਆ ਹੈ ਕਿ ਉਸ ਨੂੰ ਮਨੁੱਖਾ ਸਰੀਰ ਮਿਲਿਆ ਹੀ ਪਰਮਾਤਮਾ (ਪਰਮਪਦ) ਦੀ ਪ੍ਰਾਪਤੀ ਲਈ ਹੈ। ਆਪਣੀ ਬਾਣੀ ਵਿੱਚ ਉਹ ਫੁਰਮਾਉਂਦੇ ਹਨ ;

ਭਈ ਪਰਾਪਤਿ ਮਾਨੁਖ ਦੇਹੁਰੀਆ ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥

ਧਰਮ ਪ੍ਰਚਾਰ ਅਤੇ ਨਿਰਮਾਣ ਕਾਰਜਾਂ ਅਤੇ ਬਾਣੀ ਰਚਨਾ ਦੇ ਨਾਲ ਨਾਲ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਨਿਵੇਕਲਾ ਅਤੇ ਤਰਜ਼ੀਹੀ ਕੰਮ ਬਾਣੀ ਰਚਣ ਦੇ ਨਾਲ ਨਾਲ ਬਾਣੀ ਇਕੱਤਰ ਕਰਨ ਦਾ ਵੀ ਸੀ ਤੇ ਆਪਣੇ ਤੋਂ ਪੂਰਵਵਰਤੀ ਗੁਰੂ ਸਾਹਿਬਾਨ ਦੀ ਬਾਣੀ ਇਕੱਤਰ ਕਰਕੇ ਉਨ੍ਹਾਂ ਸਿੱਖ ਕੌਮ ਲਈ ਸਭ ਤੋਂ ਵਿਲੱਖਣ ਧਰਮ ਗ੍ਰੰਥ ਦੀ ਸੰਪਾਦਨਾ ਕੀਤੀ ਹੈ ਜਿਸ ਨੂੰ ਆਦਿ ਗ੍ਰੰਥ ਹੋਣ ਦਾ ਮਾਣ ਬਖਸ਼ਿਆ। ਭਾਵੇਂ ਇਸ ਗ੍ਰੰਥ ਦੀ ਸੰਪਾਦਨਾ ਦਾ ਕੰਮ ਗੁਰੂ ਅਰਜਨ ਦੇਵ ਜੀ ਦੇ ਹੱਥੋਂ ਹੋਇਆ ਪਰ ਸਮੁੱਚੀ ਸਿੱਖ ਕੌਮ ਦੀ ਅਗਵਾਈ ਕਰਨ ਵਾਲੇ ਗੁਰੂ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰ੍ਰੰਥ ਨੂੰ ਆਪਣੇ ਤੋਂ ਬਾਅਦ ਰਸਮੀ ਤੌਰ ‘ਤੇ ਗੁਰਿਆਈ ਦੇ ਕੇ ਗੁਰੂ ਦਾ ਦਰਜਾ ਬਖਸ਼ਿਆ। 

ਆਦਿ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲੇ ਚਾਰ ਗੁਰੂਸਾਹਿਬਾਨ ਅਤੇ ਭਗਤਾਂ ਦੀ ਬਾਣੀ ਨੂੰ ਮੋਲਿਕ ਅਤੇ ਸ਼ੁੱਧ ਰੂਪ ਵਿੱਚ ਸੰਪਾਦਿਤ ਕਰਵਾਇਆ। ਇਸਦੇ ਲਿਖਾਰੀ ਦਾ ਕਾਰਜ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਵੱਡੀ ਵਿਲੱਖਣਤਾ ਹੈ ਕਿ ਇਸ ਵਿਚਲੇ ਰਚੇਤਿਆਂ ਦੀ ਬਾਣੀ ਨੂੰ ਬਿਨਾਂ ਕਿਸੇ ਊਚ-ਨੀਚ ਜਾਂ ਜਾਤੀਗਤ ਭੇਦ ਇਸ ਗ੍ਰੰਥ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਜਿਥੇ ਤ੍ਰਿਲੋਚਨ, ਜੈਦੇਵ, ਬ੍ਰਾਹਮਣ ਸ਼ੇ੍ਰਣੀ ਦੇ ਭਗਤਾਂ ਦੀ ਬਾਣੀ ਹੈ, ਉਥੇ ਨਾਲ ਹੀ ਕਬੀਰ, ਨਾਮਦੇਵ ਰਵਿਦਾਸ ਅਤੇ ਸੈਣ ਆਦਿ ਨੀਵੀਆਂ ਅਤੇ ਅਛੂਤ ਕਹੀਆਂ ਜਾਣ ਵਾਲੀਆਂ ਜਾਤਾਂ ਦੇ ਭਗਤਾਂ ਦੀ ਬਾਣੀ ਵੀ ਨਾਲ ਹੀ ਦਰਜ ਹੈ। ਹਿੰਦੂ ਭਗਤਾਂ ਦੀ ਬਾਣੀ ਦੀ ਸ਼ਮੂਲੀਅਤ ਵੀ ਕੀਤੀ ਗਈ ਹੈ। ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਸ ਗ੍ਰੰਥ ਵਿਚਲੇ ਗੁਰੂ ਸਾਹਿਬਾਨ ਤੇ ਭਗਤਾਂ ਦੀ ਬਾਣੀ ਨੂੰ ਸਿੱਖ ਸਿਧਾਂਤਾਂ ਤੇ ਪੂਰੇ ਉਤਰਨ ਉਪਰੰਤ ਗੁਰੂ ਅਰਜਨ ਦੇਵ ਜੀ ਦੁਆਰਾ ਬਿਨਾਂ ਕਿਸੇ ਰਲਾਅਦੇ ਆਪਣੀ ਨਿਗਰਾਨੀ ਹੇਠ ਸ਼ਾਮਿਲ ਕੀਤਾ ਗਿਆ ਹੈ।ਆਦਿ ਗ੍ਰੰਥ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਅਤੇਗੁਰੂ ਘਰ ਦੇ ਨਿਕਟਵਰਤੀਆਂ ਦੀ ਬਾਣੀ ਦਰਜ ਹੈ। ਇਸ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਬਾਅਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਇਸ ਵਿੱਚ ਦਰਜ ਕਰਵਾ ਕੇ ‘ਆਦਿ ਗ੍ਰੰਥ ’ ਤੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਪਦਵੀ ਨਾਲ ਸਨਮਾਨਿਆ।

ਗੁਰੂ ਅਰਜਨ ਦੇਵ ਜੀ ਦੁਆਰਾ ਆਦਿ ਗ੍ਰੰਥ ਦੀ ਬੀੜ ਦੀ ਸੰਪਾਦਨਾ ਦਾ ਕਾਰਜ 1601 ਈ: ਵਿੱਚ ਆਰੰਭ ਕੀਤਾ ਗਿਆ ਅਤੇ ਇਸਦੀ ਸੰਪਾਦਨਾ 1604 ਈ: ਵਿੱਚ ਸੰਪੂਰਨ ਹੋਈ। ਇਸ ਗ੍ਰੰਥ ਨੂੰ ਆਦਿ ਬੀੜ ਦਾ ਦਰਜਾ ਦੇ ਕੇ ਇਸਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਜੀ ਵਿਖੇ ਬਾਬਾ ਬੁੱਢਾ ਜੀ ਪਾਸੋਂ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਪਹਿਲਾ ਗ੍ਰੰਥੀ ਹੋਣ ਦਾ ਮਾਣ ਬਖਸ਼ਿਆ ਗਿਆ। ਆਦਿ ਗ੍ਰੰਥ ਦੀ ਸੰਪਾਦਨਾ ਦਾ ਕਾਰਜ ਸੰਪੂਰਨ ਹੋਣ ਉਪਰੰਤ ਗੁਰੂ ਘਰ ਦੇ ਦੋਖੀ ਜੋ ਕਿ ਗੁਰੂ ਸਾਹਿਬ ਦੀ ਲੋਕ ਪ੍ਰਿਯਤਾ ਨੂੰ ਸਹਾਰ ਨਾ ਸਕੇ, ਉਨ੍ਹਾਂ ਅਕਬਰ ਪਾਸ ਜਾ ਕੇ ਸ਼ਿਕਾਇਤ ਕੀਤੀ ਕਿ ਗੁਰੂ ਅਰਜਨ ਦੇਵ ਜੀ ਨੇ ਬਿਨਾਂ ਕਿਸੇ ਜਾਤੀ ਜਾਂ ਊਚ ਨੀਚ ਦੇ ਭੇਦਭਾਵ ਦੇ ਸਭ ਭਗਤਾਂ ਦੀ ਬਾਣੀ ਸ਼ਾਮਿਲ ਕਰਕੇ ਇਕ ਗ੍ਰੰਥ ਤਿਆਰ ਕਰਵਾਇਆ ਹੈ, ਜਿਸ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਧਰਮ ਅਤੇ ਉਨ੍ਹਾਂ ਦੀ ਪੂਜਾ ਵਿਧੀ ਬਾਰੇ ਨਿੰਦਿਆ ਕੀਤਾ ਗਈ ਹੈ। ਪਰ ਜਦ ਇਸ ਗੱਲ ਦੀ ਪੁਸ਼ਟੀ ਅਕਬਰ ਦੇ ਦਰਬਾਰ ਵਿੱਚ ਹੋਈ ਤੇ ਉਸਨੂੰ ਇਸ ਵਿਚਲੀ ਬਾਣੀ ਅਤੇ ਇਸਦੇ ਰਹੱਸ ਬਾਰੇ ਗਿਆਨ ਹੋਇਆ ਤਾਂ ਉਹ ਬਹੁਤ ਪ੍ਰਸੰਨ ਹੋਇਆ ਅਤੇ ਉਸਨੇ ਆਪ ਵੀ ਇਸ ਗ੍ਰੰਥ ਦਾ ਬਹੁਤ ਅਦਬ ਸਤਿਕਾਰ ਕੀਤਾ। ਪਰ ਅਕਬਰ ਦੀ ਮੌਤ ਤੋਂ ਬਾਅਦ ਜਦ ਜਹਾਂਗੀਰ ਗੱਦੀ ‘ਤੇ ਬੈਠਿਆ ਤਾਂ ਉਹ ਆਪ ਹੀ ਗੁਰੂ ਘਰ ਦਾ ਹਮਾਇਤੀ ਨਾ ਹੋਣ ਕਰਕੇ ਆਪਣੇ ਪੈਰੋਕਾਰਾਂ ਦੇ ਕਹੇ ਅਨੁਸਾਰ ਇਸਲਾਮ ਧਰਮ ਦਾ ਵਿਸਥਾਰ ਕਰਨ ਲੱਗਾ ਤੇ ਗੁਰੂ ਸਾਹਿਬ ਨੂੰ ਵੀ ਇਸਲਾਮ ਧਾਰਨ ਕਰਨ ਬਾਰੇ ਪ੍ਰੋਤਸਾਹਿਤ ਕੀਤਾ ਗਿਆ ਤੇ ਅਖੀਰ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਅਰਜਨ ਦੇਵ ਜੀ ਦੀ ਸਿੱਖ ਕੌਮ ਵਿੱਚ ਪਹਿਲੀ ਅਤੇ ਲਾਸਾਨੀ ਸ਼ਹਾਦਤ ਹੈ, ਸਿੱਖ ਇਤਿਹਾਸ ਵਿੱਚ ਇਸ ਸ਼ਹਾਦਤ ਦਾ ਕੋਈ ਇਕ ਨਹੀਂ ਸਗੋਂ ਅਨੇਕਾਂ ਕਾਰਨ ਮੰਨੇ ਗਏ ਹਨ।



ਪੰਚਮ ਪਾਤਸ਼ਾਹ ਦੀ ਸ਼ਹੀਦੀ ਦਾ ਪਹਿਲਾ ਕਾਰਨ ਦੋਹਾਂ ਭਰਾਵਾਂ ਦੀ ਘਰੋਗੀ ਫੁੱਟਸੀ।ਚੰਦੂ ਸ਼ਾਹ ਜੋ ਗੁਰੂ ਜੀ ਦਾ ਆਪਣੀ ਲੜਕੀ ਦੇ ਰਿਸ਼ਤੇ ਨੂੰ ਠੁਕਰਾਨ ਕਾਰਨ ਜਾਨੀ ਦੁਸ਼ਮਣ ਬਣ ਚੁੱਕਾ ਸੀ।ਜਾਤ ਅਭਿਮਾਨੀ ਕਾਜ਼ੀ, ਮੁੱਲਾਂ ਅਤੇ ਪੰਡਿਤ ਜੋ ਗਾਹੇ ਬਖ਼ਗਾਹੇ ਬਾਦਸ਼ਾਹ ਦੇ ਕੰਨ ਭਰਦੇ ਸਨ। ਗੁਰੂ ਜੀ ਦਾ ਕੌਮ ਦਾ ਸੰਗਠਨ ਕਾਰਜ, ਬਹੁਤ ਸੰਖਿਅਕ ਇਮਾਰਤਾਂ ਅਤੇ ਸੁਧਾਰਕ ਕਾਰਜ ਜਿਨ੍ਹਾਂ ਨੇ ਹਕੂਮਤ ਦੇ ਮਨ ਵਿੱਚ ਆਂਤਕ ਪੈਦਾ ਕਰ ਦਿੱਤਾ ਸੀ। ਬਹੁਤੇ ਸਾਰੇ ਇਤਿਹਾਸਕਾਰਾਂ ਨੇ ਖੁਸਰੋ ਦੀ ਮਦਦ ਕਰਨਾ ਵੀ ਸ਼ਹੀਦੀ ਦੇ ਕਾਰਨਾਂ ਵਿਚੋਂ ਇਕ ਲਿਖਿਆ ਹੈ।

ਪਰ ਇਨ੍ਹਾਂ ਸਭ ਕਾਰਨਾਂ ਤੋਂ ਇਲਾਵਾ ਬਾਦਸ਼ਾਹ ਜਹਾਂਗੀਰ ਦਾ ਸਿੱਖ ਕੌਮ ਪ੍ਰਤੀ ਆਪਣਾ ਰਵੱਈਆ ਵੀ ਠੀਕ ਨਹੀਂ ਸੀ ਕਿਉਂਕਿ ਉਸਦੀ ਆਪਣੀ ਲਿਖਤਤੁਜ਼ਕ-ਏ-ਜਹਾਂਗੀਰੀ ਵਿੱਚ ਲਿਖਿਆ ਮਿਲਦਾ ਹੈ, ਬਹੁਤ ਸਾਰੇ ਸਧਾਰਨ ਹਿੰਦੂ ਅਤੇ ਬਹੁਤ ਸਾਰੇ ਮੂਰਖ ਮੁਸਲਮਾਨ ਗੁਰੂ ਦੇ ਤੌਰ ਤਰੀਕਿਆਂ ਅਤੇ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਗਏ ਸਨ। ਕਈ ਸਾਲ ਤੱਕ ਮੇਰੇ ਮਨ ਵਿੱਚ ਇਹ ਖਿਆਲ ਆਉਂਦਾ ਰਿਹਾ ਹੈ ਕਿ ਜਾਂ ਤਾਂ ਇਸ ਝੂਠ ਦੇ ਵਪਾਰ ਨੂੰ ਬੰਦ ਕੀਤਾ ਜਾਵੇ ਅਤੇ ਜਾਂ ਇਸ (ਗੁਰੂ ਅਰਜਨ ਦੇਵ ਜੀ) ਨੂੰ ਇਸਲਾਮ ਵਿੱਚ ਲਿਜਾਇਆ ਜਾਵੇ। ਆਪਣੇ ਇਸ ਮਕਸਦ ਦੀ ਕਾਮਯਾਬੀ ਲਈ ਅਤੇ ਉਪਰੋਕਤਕਾਰਨਾਂ ਦੇ ਮੱਦੇ ਨਜ਼ਰ ਗੁਰੂ ਸਾਹਿਬ ਨੂੰ ਲਾਹੌਰ ਬੁਲਾਇਆ ਗਿਆ। ਖੁਸਰੋ ਦੀ ਮਦਦ ਕਰਨ ‘ਤੇ ਪਹਿਲਾਂ ਤਾਂ ਭਾਰੀ ਜ਼ੁਰਮਾਨਾ ਅਦਾ ਕਰਨ ਲਈ ਕਿਹਾ ਗਿਆ ਪਰ ਜਦ ਗੁਰੂ ਸਾਹਿਬ ਨੇ ਜ਼ੁਰਮਾਨੇ ਦੀ ਰਕਮ ਦੀ ਅਦਾਇਗੀ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਬਹੁਤ ਸਾਰੇ ਸਰੀਰਕ ਤਸੀਹੇ ਦਿੱਤੇ ਗਏ। ਅੰਤ 30 ਮਈ 1606 ਈ: ਨੂੰ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ।

ਗੁਰੂ ਸਾਹਿਬ ਬੜੇ ਹੀ ਸਹਿਣਸ਼ੀਲ ਅਤੇ ਗੰਭੀਰ ਸੁਭਾਅ ਵਾਲੇ ਧਰਮ ਸਾਧਕ ਸਨ। ਉਨ੍ਹਾਂ ਦਾ ਸਾਰਾ ਜੀਵਨ ਹੀ ਤਨਾਅ ਭਰਿਆ ਸੀ ਪਰ ਫਿਰ ਵੀ ਅਧਿਆਤਮਕ ਬਿਰਤੀ ਦੇ ਮਾਲਕ ਹੋਣ ਸਦਕਾ ਕਦੇ ਵੀ ਨਿਮਰਤਾ ਦਾ ਪੱਲਾ ਨਾ ਛੱਡਿਆ ਅਤੇ ਅੱਤ ਦੇ ਕਸ਼ਟਾਂ ਵਿੱਚ ਵੀ ਮਨ ਵਿੱਚ ਟਿਕਾਊ ਦੀ ਅਵਸਥਾ ਨੂੰ ਕਾਇਮ ਰੱਖਿਆ ਅਤੇ ਅੰਤ ਤੱਕ ਪਰਮਾਤਮਾ ਦੇ ਨਾਮ ਸਿਮਰਨ ਨਾਲ ਜੁੜੇ ਰਹੇ।

- PTC NEWS

Top News view more...

Latest News view more...

PTC NETWORK