US Deported Indians News : ਰਾਤ 10 ਵਜੇ ਅੰਮ੍ਰਿਤਸਰ ਪਹੁੰਚੇਗਾ US ਤੋਂ ਡਿਪੋਰਟ ਭਾਰਤੀਆਂ ਦਾ ਜਹਾਜ਼, CM ਮਾਨ ਨੇ ਪ੍ਰਬੰਧਾਂ ਬਾਰੇ ਦਿੱਤੀ ਜਾਣਕਾਰੀ
US Deported Indians News : ਅਮਰੀਕਾ ਤੋਂ ਡਿਪੋਰਟ ਗ਼ੈਰ-ਕਾਨੂੰਨੀ 119 ਭਾਰਤੀਆਂ ਦਾ ਭਰਿਆ ਅਮਰੀਕੀ ਫੌਜ ਦਾ ਜਹਾਜ਼ ਰਾਤ 10 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇਗਾ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਸਾਂਝੀ ਕੀਤੀ ਹੈ, ਜੋ ਕਿ ਇਥੇ ਡਿਪੋਰਟ ਭਾਰਤੀਆਂ ਨੂੰ ਰਿਸੀਵ ਕਰਨ ਲਈ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚ ਗਏ ਹਨ। ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਡਿਪੋਰਟ ਭਾਰਤੀਆਂ ਨੂੰ ਲੈ ਕੇ ਪੰਜਾਬ ਸਰਕਾਰ (Punjab Government) ਵੱਲੋਂ ਕੀਤੇ ਪੁਖਤਾ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
10 ਵਜੇ ਅੰਮ੍ਰਿਤਸਰ ਪਹੁੰਚੇਗਾ ਗ਼ੈਰ-ਕਾਨੂੰਨੀ ਭਾਰਤੀਆਂ ਦਾ ਅਮਰੀਕੀ ਜਹਾਜ਼
ਮੁੱਖ ਮੰਤਰੀ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰੀਕੀ ਫੌਜ ਦਾ ਜਹਾਜ਼ C-17 ਗਲੋਬਮਾਸਟਰ III ਲਗਭਗ 119 ਡਿਪੋਰਟ ਗ਼ੈਰ-ਕਾਨੂੰਨੀ ਭਾਰਤੀ ਨਾਗਰਿਕਾਂ ਨੂੰ ਲੈ ਕੇ ਰਾਤ 10 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇਗਾ, ਜਿਸ ਲਈ ਉਹ ਖੁਦ ਇਥੇ ਇਨ੍ਹਾਂ ਲੋਕਾਂ ਨੂੰ ਰਿਸੀਵ ਕਰਨ ਲਈ ਪਹੁੰਚੇ ਹਨ।
ਉਨ੍ਹਾਂ ਕਿਹਾ ਕਿ ਇਸ ਵਾਰ ਇਹ ਜਹਾਜ਼ arrival terminal 'ਤੇ ਲਿਆਂਦਾ ਜਾਵੇਗਾ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਭਾਰਤੀਆਂ ਨੂੰ ਲੈ ਕੇ ਖਾਸ ਪ੍ਰਬੰਧ ਵੀ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਗ਼ੈਰ-ਕਾਨੂੰਨੀ ਭਾਰਤੀਆਂ ਨੂੰ ਘਰਾਂ ਤੱਕ ਪਹੁੰਚਾਉਣ ਦਾ ਖਾਸ ਇੰਤਜ਼ਾਮ ਕੀਤਾ ਗਿਆ ਹੈ। ਪੰਜਾਬ, ਹਰਿਆਣਾ ਜਾਂ ਚੰਡੀਗੜ੍ਹ ਵਾਲਿਆਂ ਨੂੰ ਬਸਾਂ ਰਾਹੀਂ ਘਰਾਂ ਨੂੰ ਭੇਜਿਆ ਜਾਵੇਗਾ, ਜਦਕਿ ਬਾਕੀ ਰਾਜਾਂ ਵਾਲਿਆਂ ਲਈ ਉਡਾਣਾਂ ਦਾ ਇੰਤਜ਼ਾਮ ਕੀਤਾ ਗਿਆ ਹੈ।
ਗ਼ੈਰ-ਕਾਨੂੰਨੀ ਭਾਰਤੀਆਂ ਲਈ ਲੰਗਰ-ਪਾਣੀ ਦਾ ਪੁਖਤਾ ਪ੍ਰਬੰਧ : ਸੀਐਮ
ਮੁੱਖ ਮੰਤਰੀ ਨੇ ਕਿਹਾ ਕਿ ਗ਼ੈਰ-ਕਾਨੂੰਨੀ ਭਾਰਤੀਆਂ ਲਈ ਲੰਗਰ ਪਾਣੀ ਦਾ ਵੀ ਪੁਖਤਾ ਇੰਤਜ਼ਾਮ ਹੈ, ਕਿਉਂਕਿ ਗੁਰੂ ਨਗਰੀ 'ਚ ਰੋਜ਼ਾਨਾ ਇੱਕ ਲੱਖ ਤੋਂ ਵੱਧ ਲੋਕ ਲੰਗਰ ਛਕਦੇ ਹਨ ਅਤੇ ਇਥੋਂ ਕੋਈ ਭੁੱਖਾ ਨਹੀਂ ਜਾ ਸਕਦਾ। ਇਸਤੋਂ ਇਲਾਵਾ ਇਨ੍ਹਾਂ ਡਿਪੋਰਟ ਭਾਰਤੀਆਂ ਦੇ ਰਹਿਣ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ, ਜੋ ਕਿ ਗੋਆ, ਗੁਜਰਾਤ ਅਤੇ ਰਾਜਸਥਾਨ ਆਦਿ ਤੋਂ ਹਨ।
ਸੀਐਮ ਨੇ ਕਿਹਾ ਕਿ ਇਸ ਵਾਰ ਗ਼ੈਰ-ਕਾਨੂੰਨੀ ਭਾਰਤੀਆਂ ਨਾਲ ਕਿਹੋ ਜਿਹਾ ਸਲੂਕ ਅਮਰੀਕਾ ਵੱਲੋਂ ਕੀਤਾ ਜਾਵੇਗਾ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਮੁੜ ਦੁਹਰਾਇਆ ਕਿ ਅੰਮ੍ਰਿਤਸਰ ਤੋਂ ਬਾਕੀ ਉਡਾਣਾਂ ਨੂੰ ਡਾਇਵਰਟ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਅਮਰੀਕੀ ਸੈਨਾ ਦਾ ਜਹਾਜ ਇੱਥੇ ਉਤਾਰਨ ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ।
- PTC NEWS