ਜਿਨ੍ਹਾਂ ਤੋਂ ਬਿਨਾਂ ਸੂਫ਼ੀ ਸੰਗੀਤ ਅਧੂਰਾ, ਵਿਸ਼ਵ ਭਰ ਵਿੱਚ ਜਿਨ੍ਹਾਂ ਦੇ ਹਨ ਕਰੋੜਾਂ ਪ੍ਰਸ਼ੰਸਕ : ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ
Nusrat Fateh Ali Khan: ਉਸਤਾਦ ਜਨਾਬ ਨੁਸਰਤ ਫਤਿਹ ਅਲੀ ਖ਼ਾਨ ਸੰਗੀਤ ਜਗਤ ਦਾ ਉਹ ਨਾਮ ਜਿਸ ਦਾ ਨਾਂਅ ਲੈ ਕੇ ਪਾਕਿਸਤਾਨ ਦੇ ਹੀ ਨਹੀਂ ਬਲਕਿ ਭਾਰਤ ਦੇ ਗਾਇਕ ਕਲਾਕਾਰ ਵੀ ਆਪਣੇ ਕੰਨਾਂ ਨੂੰ ਹੱਥ ਲਗਾਉਂਦੇ ਹਨ।
ਨੁਸਰਤ ਸਾਬ੍ਹ ਨੂੰ ਸਤਿਕਾਰ ਦੇਣ ਲਈ ਨੁਸਰਤ ਫਤਿਹ ਅਲੀ ਖ਼ਾਨ ਦੀ ਗਾਇਕੀ ਦਾ ਆਲਮ ਇਹ ਹੈ ਕਿ ਉਨ੍ਹਾਂ ਦੇ ਜਾਣ ਮਗਰੋਂ ਅੱਜ ਵੀ ਵਿਸ਼ਵ ਭਰ ਵਿਚ ਉਨ੍ਹਾਂ ਦੇ ਕਰੋੜਾਂ ਫ਼ੈਨ ਮੌਜੂਦ ਹਨ। ਜੋ ਉਨ੍ਹਾਂ ਵੱਲੋਂ ਗਾਏ ਗੀਤ, ਕੱਵਾਲੀਆਂ ਤੇ ਗ਼ਜ਼ਲਾਂ ਸੁਣ ਕੇ ਅੱਜ ਵੀ ਸੰਗੀਤ ਦੇ ਇਸ ਸਮਰਾਟ ਨੂੰ ਯਾਦ ਕਰਦੇ ਹਨ। ਆਓ ਉਨ੍ਹਾਂ ਦੀ ਬਰਸੀ ਮੌਕੇ ਇਸ ਮਹਾਨ ਕਲਾਕਾਰ ਦੇ ਜੀਵਨ 'ਤੇ ਇਕ ਪੰਛੀ ਝਾਤ ਮਾਰੀਏ।
ਨੁਸਰਤ ਫਤਿਹ ਅਲੀ ਖਾਨ ਪਾਕਿਸਤਾਨਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਸਨ । ਉਨ੍ਹਾਂ ਦਾ ਜਨਮ 13 ਅਕਤੂਬਰ 1948 ਨੂੰ ਲਹਿੰਦੇ ਪੰਜਾਬ ਦੇ ਲਾਇਲਪੁਰ ਵਿੱਚ ਹੋਇਆ ਸੀ । ਉਨ੍ਹਾਂ ਦੇ ਪਿਤਾ ਵੀ ਗਾਇਕ ਸਨ । ਨੁਸਰਤ ਦੇ ਪਿਤਾ ਭਾਵੇਂ ਉਨ੍ਹਾਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ ਪਰ ਘਰ ਵਿਚ ਸੰਗੀਤ ਦਾ ਮਾਹੌਲ ਹੋਣ ਕਰਕੇ ਸੰਗੀਤ ਨੁਸਰਤ ਦੇ ਡੀਐਨਏ ਵਿਚ ਸੀ। ਅਪਣੇ ਪਿਤਾ ਦੇ ਘਰੋਂ ਜਾਣ ਮਗਰੋਂ ਨੁਸਰਤ ਹਰਮੋਨੀਅਮ ਵਜਾਉਣਾ ਸਿੱਖਣ ਲੱਗੇ।
ਇਕ ਦਿਨ ਉਹ ਇਵੇਂ ਹੀ ਪਿਤਾ ਦੇ ਜਾਣ ਮਗਰੋਂ ਹਾਰਮੋਨੀਅਮ ਵਜਾ ਰਹੇ ਸਨ। ਉਨ੍ਹਾਂ ਦੇ ਪਿਤਾ ਐਨ ਮੌਕੇ 'ਤੇ ਪਹੁੰਚ ਗਏ ਅਤੇ ਪਿੱਛੇ ਖੜ੍ਹ ਕੇ ਸੁਣਨ ਲੱਗੇ। ਬਾਅਦ ਵਿਚ ਉਨ੍ਹਾਂ ਨੇ ਇਹ ਕਹਿ ਕੇ ਨੁਸਰਤ ਸਾਬ੍ਹ ਨੂੰ ਹਾਰਮੋਨੀਅਮ ਵਜਾਉਣ ਦੀ ਇਜਾਜ਼ਤ ਦੇ ਦਿੱਤੀ ਕਿ ਉਸ ਦੀ ਪੜ੍ਹਾਈ 'ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ। ਥੋੜ੍ਹੇ ਸਮੇਂ ਵਿਚ ਹੀ ਨੁਸਰਤ ਨੇ ਚੰਗਾ ਹਾਰਮੋਨੀਅਮ ਅਤੇ ਤਬਲਾ ਵਜਾਉਣਾ ਸਿੱਖ ਲਿਆ।
ਨੁਸਰਤ ਦਾ ਕੈਰੀਅਰ 1965 ਤੋਂ ਸ਼ੁਰੂ ਹੋਇਆ । ਉਹਨਾਂ ਨੇ ਆਪਣੇ ਹੁਨਰ ਨਾਲ ਸੂਫੀਆਨਾ ਸੰਗੀਤ 'ਚ ਕਈ ਰੰਗ ਭਰੇ । ਉਹਨਾਂ ਦੀ ਗਾਇਕੀ ਦੇ ਦੀਵਾਨੇ ਹਰ ਦੇਸ਼ 'ਚ ਮਿਲ ਜਾਣਗੇ । ਕਵਾਲੀ ਨੂੰ ਨੌਜਵਾਨਾਂ ਵਿੱਚਕਾਰ ਲੋਕਪ੍ਰਿਯ ਬਣਾਉਣ ਵਾਲੇ ਨੁਸਰਤ ਹੀ ਸਨ ।
ਸੰਗੀਤ ਦੀ ਧਾਰ ਨੂੰ ਤੇਜ਼ ਕਰਨ ਲਈ ਉਹ ਰੋਜ਼ਾਨਾ 10-10 ਘੰਟੇ ਤੱਕ ਕਮਰੇ ਵਿਚ ਬੰਦ ਹੋ ਕੇ ਰਿਆਜ਼ ਕਰਦੇ ਸਨ। ਨੁਸਰਤ ਦੀਆਂ ਕੱਵਾਲੀਆਂ ਅਤੇ ਗਾਣੇ ਜਿੰਨੇ ਪਾਕਿਸਤਾਨ ਵਿਚ ਫੇਮਸ ਸਨ। ਉਸ ਤੋਂ ਕਿਤੇ ਜ਼ਿਆਦਾ ਭਾਰਤ ਵਿਚ ਉਨ੍ਹਾਂ ਨੂੰ ਸਰਾਹਿਆ ਗਿਆ ਪਰ ਅਪਣੇ ਜੀਵਨ ਵਿਚ ਉਹ ਇਕ ਵਾਰ ਹੀ ਭਾਰਤ ਆ ਸਕੇ। ਉਹ ਵੀ ਰਾਜ ਕਪੂਰ ਦੇ ਬੁਲਾਵੇ 'ਤੇ ਇਸ ਤੋਂ ਬਾਅਦ ਉਹ ਕਦੇ ਭਾਰਤ ਨਹੀਂ ਆ ਸਕੇ। ਨੁਸਰਤ ਸਾਬ੍ਹ ਨੇ ਕੱਵਾਲੀਆਂ ਦੇ ਨਾਲ-ਨਾਲ ਗੁਰਬਾਣੀ ਦੇ ਸ਼ਬਦ ਵੀ ਗਾਏ ਜੋ ਸਿੱਖਾਂ ਵਿਚ ਵੀ ਕਾਫ਼ੀ ਮਕਬੂਲ ਹੋਏ।
ਹਿੰਦੋਸਤਾਨ 'ਚ ਰਾਜ ਕਪੂਰ ਤੋਂ ਲੈ ਕੇ ਅਮਿਤਾਭ ਬੱਚਨ ਤੱਕ ਉਹਨਾਂ ਦੀ ਗਾਇਕੀ ਦੇ ਦੀਵਾਨੇ ਹਨ ।ਖਾਨ ਨੇ ਕਈ ਪਾਕਿਸਤਾਨੀ ਫਿਲਮਾਂ ਵਿੱਚ ਵੀ ਗੀਤ ਗਾਏ । ਸੰਨੀ ਦਿਓਲ ਦੀ ਫਿਲਮ "ਦਿਲ ਲਗੀ" ਦਾ ਹਿੱਟ ਗੀਤ "ਸਾਇਆ ਭੀ ਸਾਥ ਜਬ ਛੋਡ ਜਾਏ" ਵੀ ਨੁਸਰਤ ਨੇ ਹੀ ਗਾਇਆ ਸੀ ।ਸਾਲ 2000 ਵਿੱਚ ਰਿਲੀਜ਼ ਹੋਈ ਬਾਲੀਵੁੱਡ ਫਿਲਮ "ਧੜਕਣ" ਦਾ ਗੀਤ “ਦੁਲ੍ਹੇ ਕਾ ਸਹਿਰਾ” ਨੂੰ ਵੀ ਨੁਸਰਤ ਨੇ ਹੀ ਆਵਾਜ਼ ਦਿੱਤੀ ਸੀ ।
16 ਅਗਸਤ 1997 'ਚ ਇਸ ਮਹਾਨ ਸ਼ਖਸੀਅਤ ਦਾ ਦੇਹਾਂਤ ਹੋ ਗਿਆ ਸੀ । ਪਰ ਉਸਤਾਦ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਅੱਜ ਵੀ ਮਹਿਫਲਾਂ 'ਚ ਮਹਿਕਦੀ ਹੈ ।
- PTC NEWS